Attack on Patiala Police by Nihangs,chop off ASI hand

April 12, 2020 - PatialaPolitics

See Full Video Click Here

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਸਬਜ਼ੀ ਮੰਡੀ ‘ਚ ਪੁਲਿਸ ਮੁਲਾਜਮਾਂ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਮਾਰੂ ਹਥਿਆਰਾਂ ਸਮੇਤ ਕਾਬੂ
-ਐਸ.ਐਸ.ਪੀ. ਸਿੱਧੂ ਨੇ ਉਪਰੇਸ਼ਨ ਦੀ ਖ਼ੁਦ ਕੀਤੀ ਅਗਵਾਈ, ਪੂਰਾ ਇਹਤਿਆਤ ਵਰਤਦਿਆਂ ਗੁਰੂ ਘਰ ਦੀ ਮਰਿਆਦਾ ਵੀ ਬਹਾਲ ਰੱਖੀ-ਆਈ.ਜੀ. ਔਲਖ
-ਮਹਿਲਾ ਸਮੇਤ 11 ਜਣੇ ਕਾਬੂ, ਵੱਡੀ ਮਾਤਰਾ ‘ਚ ਮਾਰੂ ਹਥਿਆਰ ਤੇ 39 ਲੱਖ ਦੇ ਕਰੀਬ ਨਗ਼ਦੀ ਬਰਾਮਦ
ਪਟਿਆਲਾ, 12 ਅਪ੍ਰੈਲ:
ਪਟਿਆਲਾ ਪੁਲਿਸ ਨੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਪੇਸ਼ੇਵਰ ਢੰਗ ਨਾਲ ਕੀਤੇ ਸਫ਼ਲ ਉਪਰੇਸ਼ਨ ਮਗਰੋਂ ਇੱਥੇ ਸਬਜ਼ੀ ਮੰਡੀ ਵਿਖੇ ਪੁਲਿਸ ਮੁਲਾਜਮਾਂ ਉਪਰ ਜਾਨਲੇਵਾ ਹਮਲਾ ਕਰਕੇ ਪਟਿਆਲਾ-ਚੀਕਾ ਰੋਡ ‘ਤੇ ਸਥਿਤ ਪਿੰਡ ਬਲਬੇੜਾ ਵਿਖੇ ਗੁਰਦੁਆਰਾ ਖਿੱਚੜੀ ਸਾਹਿਬ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਲੁਕੇ ਹਮਲਾਵਰਾਂ ਨੂੰ ਮੁੱਠਭੇੜ ਮਗਰੋਂ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ। ਇਨ੍ਹਾਂ ਵਿੱਚ 1 ਮਹਿਲਾ ਸਮੇਤ 11 ਵਿਅਕਤੀ ਸ਼ਾਮਲ ਹਨ।
ਜਿਕਰਯੋਗ ਹੈ ਕਿ ਅੱਜ ਸਵੇਰੇਸਵਾ ਕੁ 6 ਵਜੇ ਇੱਥੇ ਸਨੌਰ ਰੋਡ ‘ਤੇ ਸਥਿਤ ਸਬਜੀ ਮੰਡੀ ਵਿਖੇ ਕੋਰੋਨਾਵਾਇਰਸ ਕਰਕੇ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਪੁਲਿਸ ਵੱਲੋਂ ਡਿਊਟੀ ਦੌਰਾਨ ਸਬਜ਼ੀ ਮੰਡੀ ਵਿੱਚ ਬਿਨਾਂ ਪਾਸ ਦੇ ਦਾਖਲ ਹੋਣ ਵਾਲੇ ਵਿਅਕਤੀਆਂ ਨੂੰ ਰੋਕਿਆ ਗਿਆ ਤਾਂ ਬੈਰੀਕੇਡ ਤੋੜ ਕੇ ਨਿਹੰਗ ਬਾਣੇ ਵਿੱਚ ਆਏ ਇੱਕ ਗੱਡੀ ‘ਚ ਸਵਾਰ ਅਣਪਛਾਤਿਆਂ ਨੇ ਪੁਲਿਸ ਪਾਰਟੀ ਉਪਰ ਨੰਗੀਆਂ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪੁਲਿਸ ਦੇ ਡਿਊਟੀ ਦੇ ਰਹੇ ਏਐਸਆਈ ਹਰਜੀਤ ਸਿੰਘ ਦਾ ਹੱਥ ਗੁਟ ਤੋਂ ਅਲੱਗ ਕਰ ਦਿੱਤਾ ਜਦੋਂਕਿ ਮੰਡੀ ਬੋਰਡ ਦੇ 1 ਮੁਲਾਜਮ ਸਮੇਤ ਪੁਲਿਸ ਦੇ ਕੁਝ ਹੋਰ ਮੁਲਾਜ਼ਮ ਵੀ ਜਖਮੀ ਹੋਏ ਸਨ।
ਇਸ ਸਾਰੇ ਉਪਰੇਸ਼ਨ ਨੂੰ ਸਫ਼ਲਤਾ ਪੂਰਵਕ ਮੁਕੰਮਲ ਕਰਨ ਮਗਰੋਂ ਬਲਬੇੜਾ ਵਿਖੇ ਕੀਤੀ ਪ੍ਰੈਸ ਕਾਨਫਰੰਸ ਮੌਕੇ ਆਈ.ਜੀ. ਪਟਿਆਲਾ ਸ. ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਇਨ੍ਹਾਂ ਹਮਲਾਵਰਾਂ ਨੂੰ ਕਾਬੂ ਕਰਨ ਲਈ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਪੀ. ਡੀ ਸ੍ਰੀ ਹਰਮੀਤ ਸਿੰਘ ਹੁੰਦਲ, ਐਸ.ਪੀ. ਸੁਰੱਖਿਆ ਤੇ ਟ੍ਰੈਫਿਕ ਸ. ਪਲਵਿੰਦਰ ਸਿੰਘ ਚੀਮਾ ਦੀ ਦੇਖ-ਰੇਖ ਹੇਠਲੀਆਂ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਦਾ ਪਿੱਛਾ ਕੀਤਾ।
ਸ. ਔਲਖ ਨੇ ਦੱਸਿਆ ਕਿ ਇਹ ਸਾਰੇ ਹਮਲਾਵਰ ਪਟਿਆਲਾ-ਚੀਕਾ ਰੋਡ ‘ਤੇ ਸਥਿਤ ਪਿੰਡ ਬਲਬੇੜਾ ਵਿਖੇ ਗੁਰਦੁਆਰਾ ਖਿਚੜੀ ਸਾਹਿਬ ਦੇ ਰਿਹਾਇਸ਼ੀ ਕੁਆਟਰਾਂ ਵਿੱਚ ਲੁਕ ਗਏ ਸਨ, ਜਿਸ ਕਰਕੇ ਪੁਲਿਸ ਅਤੇ ਐਸ.ਓ.ਜੀ. ਦੇ ਕਮਾਂਡੋ ਨੇ ਇਸ ਅਸਥਾਨ ਦੀ ਮਰਿਆਦਾ ‘ਚ ਬਿਨ੍ਹਾਂ ਕੋਈ ਵਿਘਨ ਪਾਇਆ ਇਸ ਦੀ ਘੇਰਾਬੰਦੀ ਕਰ ਲਈ। ਇਸ ਮੌਕੇ ਪੁਲਿਸ ਦੀ ਹੌਂਸਲਾ ਅਫ਼ਜਾਈ ਕਰਨ ਲਈ ਏ.ਡੀ.ਪੀ ਐਸ.ਓ.ਜੀ. ਰਕੇਸ਼ ਚੰਦਰਾ ਅਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੀ ਮੌਕੇ ‘ਤੇ ਪੁੱਜ ਗਏ ਸਨ।
ਐਸ.ਐਸ.ਪੀ ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਪੁਲਿਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੂੰ ਹੱਥ ਪਾਇਆ ਗਿਆ ਤਾਂ ਬਹੁਤ ਧਮਾਕੇ ਹੋਣਗੇ। ਇਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਲੰਗਰ ‘ਚ ਮੌਜੂਦ ਗੈਸ ਸਿਲੰਡਰਾਂ ਨੂੰ ਅੱਗ ਲਾਉਣ ਲਈ ਵਰਤਣ ਅਤੇ ਪੈਟਰੋਲ ਬੰਬ ਤਿਆਰ ਕਰਕੇ ਧਮਾਕੇ ਕਰਨ ਦੀ ਯੋਜਨਾ ਤਿਆਰ ਕਰ ਲਈ ਅਤੇ ਨਾਲ ਹੀ ਨੇੜਲੇ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਨੂੰ ਅੱਗ ਲਗਾਉਣ ਦੀ ਪੂਰੀ ਤਿਆਰੀ ਕਰ ਲਈ ਸੀ। ਪਰੰਤੂ ਹਵਾ ਦਾ ਰੁਖ ਗੁਰਦੁਆਰੇ ਵੱਲ ਨੂੰ ਸੀ ਅਤੇ ਇਸੇ ਸਮੇਂ ਪੁਲਿਸ ਨੇ ਬਹੁਤ ਹੀ ਪੇਸ਼ੇਵਰ ਢੰਗ ਨਾਲ ਆਪਣੀ ਕਾਰਵਾਈ ਅਮਲ ਵਿੱਚ ਲਿਆਂਉਂਦਿਆਂ ਇਨ੍ਹਾਂ ਨੂੰ ਕਾਬੂ ਕਰ ਲਿਆ।
ਪੁਲਿਸ ਵੱਲੋਂ ਕੀਤੇ ਗਏ ਇਸ ਉਪਰੇਸ਼ਨ ‘ਚ ਮੁੱਠਭੇੜ ਮਗਰੋਂ ਕਾਬੂ ਕੀਤੇ ਗਏ ਹਮਲਾਵਰਾਂ ਵਿੱਚ ਡੇਰਾ ਮੁਖੀ 50 ਸਾਲਾ ਬਲਵਿੰਦਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਕਰਹਾਲੀ, ਨਿਰਭੈ ਸਿੰਘ (ਗੋਲੀ ਨਾਲ ਜਖ਼ਮੀ), 50 ਸਾਲਾ ਬੰਤ ਸਿੰਘ ਕਾਲਾ ਪੁੱਤਰ ਅਜੈਬ ਸਿੰਘ, 22 ਸਾਲਾ ਜਗਮੀਤ ਸਿੰਘ ਪੁੱਤਰ ਬਲਵਿੰਦਰ ਵਾਸੀ ਅਮਰਗੜ੍ਹ, 24 ਸਾਲਾ ਗੁਰਦੀਪ ਸਿੰਘ ਪੁੱਤਰ ਰੋਸ਼ਨ ਲਾਲ ਵਾਸੀ ਜੈਨ ਮੁਹੱਲਾ ਸਮਾਣਾ, ਨੰਨਾ, 75 ਸਾਲਾ ਜੰਗੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪ੍ਰਤਾਪਗੜ੍ਹ, 29 ਸਾਲਾ ਮਨਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਹਿਮੂਦਪੁਰ, 55 ਸਾਲਾ ਜਸਵੰਤ ਸਿੰਘ ਪੁੱਤਰ ਭਿੰਦਰ ਸਿੰਘ ਵਾਸੀ ਚਮਾਰੂ, ਦਰਸ਼ਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਧੀਰੂ ਕੀ ਮਾਜਰੀ, 25 ਸਾਲਾ ਸੁਖਪ੍ਰੀਤ ਕੌਰ ਪਤਨੀ ਜਗਮੀਤ ਸਿੰਘ ਵਾਸੀ ਡੇਰਾ ਖਿਚੜੀ ਸਾਹਿਬ ਸ਼ਾਮਲ ਹਨ।
ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਵਿਰੁੱਧ ਥਾਣਾ ਪਸਿਆਣਾ ਵਿਰੁੱਧ ਐਫ.ਆਈ.ਆਰ. ਨੰਬਰ 45 ਮਿਤੀ 12 ਅਪ੍ਰੈਲ 2020, ਆਈ.ਪੀ.ਸੀ. ਦੀਆਂ ਧਾਰਾਵਾਂ 188, 307, 353, 186, 269, 270, 148, 149, ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਾਰਾਵਾਂ 51 (ਏ)(ਬੀ), 54, ਐਕਸਪਲੋਸਿਵ ਐਕਟ ਦੀ ਧਾਰਾ 3, 4, ਯੂ.ਏ.ਪੀ.ਏ. ਐਕਟ 1967 ਦੀਆਂ ਧਾਰਾਵਾਂ 13, 16, 18, 20 ਅਤੇ ਆਰਮਜ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਸਬਜ਼ੀ ਮੰਡੀ ਵਿਖੇ ਪੁਲਿਸ ਪਾਰਟੀ ‘ਤੇ ਹਮਲਾ ਕਰਨ ਸਬੰਧੀਂ ਥਾਣਾਂ ਸਦਰ ਪਟਿਆਲਾ ਵਿਖੇ ਐਫ.ਆਈ.ਆਰ. ਨੰਬਰ 70 ਮਿਤੀ 12 ਅਪ੍ਰੈਲ 2020 ਆਈ.ਪੀ.ਸੀ. ਦੀਆਂ ਧਾਰਵਾਂ 307, 323, 324, 326, 353, 186, 332, 335, 148, 188 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ
ਆਈ.ਜੀ. ਸ. ਔਲਖ ਨੇ ਦੱਸਿਆ ਕਿ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਪੂਰਾ ਇਹਤਿਆਤ ਵਰਤਦਿਆਂ ਗੁਰੂ ਘਰ ਦੀ ਮਰਿਆਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਮੱਦੇਨਜ਼ਰ ਨੇੜਲੀ ਅਕਾਲ ਅਕੈਡਮੀ ਦੀ ਇਮਾਰਤ ਦੇ ਉਪਰ ਚੜ੍ਹਕੇ ਪਹਿਲਾਂ ਸਪੀਕਰ ਨਾਲ ਅਨਾਊਂਸਮੈਂਟ ਕਰਕੇ ਅਪੀਲ ਕੀਤੀ ਕਿ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ। ਇਸ ਤੋਂ ਬਿਨ੍ਹਾਂ ਪੁਲਿਸ ਨੇ ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਬਰਾਂ ਨੂੰ ਵੀ ਨਾਲ ਲਿਆ ਤਾਂ ਕਿ ਬਿਨ੍ਹਾਂ ਕਿਸੇ ਖੂਨ ਖਰਾਬੇ ਦੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ ਪਰੰਤੂ ਇਨ੍ਹਾਂ ਵਿਅਕਤੀਆਂ ਨੇ ਕਿਸੇ ਦੀ ਵੀ ਨਾ ਸੁਣੀ।
ਸ. ਔਲਖ ਨੇ ਦੱਸਿਆ ਕਿ ਡੇਰੇ ਦੇ ਮੁਖੀ ਬਲਵਿੰਦਰ ਸਿੰਘ ਨੇ ਐਸ.ਐਸ.ਪੀ. ਸਮੇਤ ਹੋਰ ਪੁਲਿਸ ਅਧਿਕਾਰੀਆਂ ਨਾਲ ਗਾਲੀ ਗਲੋਚ ਕਰਕੇ ਧਮਕੀ ਦਿੱਤੀ ਕਿ ਜੇਕਰ ਕੋਈ ਉਨ੍ਹਾਂ ਦੇ ਨੇੜੇ ਆਇਆ ਤਾਂ ਬਹੁਤ ਧਮਾਕੇ ਹੋਣਗੇ ਅਤੇ ਸਭ ਨੂੰ ਜਾਨੋ ਮਾਰ ਦਿੱਤਾ ਜਾਵੇਗਾ। ਸ. ਔਲਖ ਨੇ ਹੋਰ ਦੱਸਿਆ ਕਿ ਇਸੇ ਸਮੇਂ ਗੁਰਦੁਆਰਾ ਸਾਹਿਬ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਅੰਦਰੋਂ ਇਕ ਫਾਇਰ ਦੀ ਅਵਾਜ ਆਈ ਅਤੇ ਚੀਕਾਂ ਸੁਣਾਈ ਦੇਣ ਲੱਗੀਆਂ ਤਾਂ ਪੁਲਿਸ ਨੇ ਬਹੁਤ ਹੀ ਸਮਝਦਾਰੀ ਅਤੇ ਪੇਸ਼ੇਵਰ ਢੰਗ ਨਾਲ ਕਾਰਵਾਈ ਕੀਤੀ ਤਾਂ ਕਿ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਰਹੇ ਅਤੇ ਮਰਿਆਦਾ ਦੀ ਵੀ ਉਲੰਘਣਾ ਨਾ ਹੋਵੇ।
ਆਈ.ਜੀ. ਸ. ਔਲਖ ਨੇ ਦੱਸਿਆ ਕਿ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਇਸ ਸਮੁੱਚੇ ਉਪਰੇਸ਼ਨ ਦੀ ਖ਼ੁਦ ਅਗਵਾਈ ਕੀਤੀ ਪਰੰਤੂ ਇਨ੍ਹਾਂ ਵਿਅਕਤੀਆਂ ਨੇ ਪੁਲਿਸ ਉਪਰ ਵੀ ਤਲਵਾਰਾਂ ਤੇ ਨੇਜਿਆ ਨਾਲ ਹਮਲਾ ਕਰ ਦਿੱਤਾ ਜਿਸ ਕਰਕੇ ਐਸ.ਐਸ.ਪੀ. ਸ. ਸਿੱਧੂ ਦੇ ਹੱਥ ‘ਤੇ ਵੀ ਸੱਟ ਵੱਜੀ ਅਤੇ ਉਨ੍ਹਾਂ ਦੇ ਇੱਕ ਨਿਜੀ ਸੁਰੱਖਿਆ ਗਾਰਡ ਦੇ ਵੀ ਸੱਟਾਂ ਵੱਜਣ ਸਮੇਤ ਕੁਝ ਹੋਰ ਪੁਲਿਸ ਮੁਲਾਜਮ ਵੀ ਜਖ਼ਮੀ ਹੋਏ ਹਨ। ਜਦੋਂਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਦੇ ਜੋ ਗੋਲੀ ਵੱਜੀ ਹੈ, ਉਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਗੋਲੀ ਹਮਲਾਵਾਰਾਂ ਵੱਲੋਂ ਚਲਾਈ ਗਈ ਸੀ।
ਇਸੇ ਦੌਰਾਨ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ ਨੁਮਾਇੰਦਿਆਂ ਨੂੰ ਬੁਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੱਲ ਰਹੇ ਅਖੰਡ ਪਾਠ ਦੀ ਮਰਿਆਦਾ ਬਹਾਲ ਰੱਖੀ ਅਤੇ ਦੁਧਾਰੂ ਪਸ਼ੂਆਂ ਅਤੇ ਘੋੜਿਆਂ ਦੀ ਦੇਖਭਾਲ ਦਾ ਜਿੰਮਾ ਪਿੰਡ ਦੀ ਪੰਚਾਇਤ ਨੂੰ ਸੌਂਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਚਲਾਈ ਗਈ ਤਲਾਸ਼ੀ ਮੁਹਿੰਮ ‘ਚ ਚੱਲੇ ਤੇ ਇੱਕ ਏਅਰ ਗੰਨ, 1 ਪਿਸਤੌਲ ਦੇਸੀ 32 ਬੋਰ, ਤਿੰਨ ਜਿੰਦਾ ਰੌਂਦ ਤੇ ਇੱਕ ਖਾਲੀ, 1 ਪਿਸਤੌਲ 12 ਬੋਰ, 4 ਜਿੰਦਾ ਤੇ ਦੋ ਖਾਲੀ ਰੌਂਦ, ਤੇ ਇੱਕ 9 ਐਮਐਮ ਦਾ ਪਿਸਟਲ ਤੇ 3 ਰੌਂਦ ਜਿੰਦਾ, ਦੋ ਖੋਲ ਖਾਲੀ, ਵੀ ਬਰਾਮਦ ਹੋਇਆ ਹੈ। ਇਸ ਤੋਂ ਬਿਨਾਂ 10 ਤਲਵਾਰਾਂ ਤੇ 4 ਖੰਡੇ, ਦੋ ਲੋਹੇ ਦੀਆਂ ਰਾਡਾਂ, 4 ਧਾਰੀ ਮੰਡਾਸਾ, 1 ਤੀਰ ਕਮਾਨ, 4 ਭਾਲੇ, 4 ਮੁਖੀਆ ਭਾਲਾ, 1 ਲੋਹੇ ਦਾ ਸੁੰਬਾ, 2 ਪੈਟਰੋਲ ਬੰਬ 10 ਡੱਬੀਆਂ ਮਾਚਿਸ, ਸ਼ੱਕੀ ਕੈਮੀਕਲ ਦੀਆਂ 38 ਬੋਤਲਾਂ, 8 ਗੈਸ ਸਿਲੰਡਰ, 39 ਲੱਖ ਰੁਪਏ ਦੇ ਕਰੀਬ ਨਗ਼ਦੀ, 1 ਇਸਜੂ ਮਾਰਕਾ ਗੱਡੀ ਸਮੇਤ ਭੰਗ ਦੀਆਂ ਸਾਢੇ 6 ਬੋਰੀਆਂ ਵੀ ਮਿਲੀਆਂ ਹਨ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਬਜ਼ੀ ਮੰਡੀ ਵਿਖੇ ਪੁੁਲਿਸ ਪਾਰਟੀ ਉਪਰ ਹਮਲੇ ਵਿੱਚ ਥਾਣਾ ਸਦਰ ਪਟਿਆਲਾ ਦੇ ਐਸ.ਐਚ.ਓ. ਇੰਸਪੈਕਟਰ ਬਿੱਕਰ ਸਿੰਘ ਦੀ ਸੱਜੀ ਬਾਂਹ, ਲੱਤ ਅਤੇ ਪਿੱਠ ਉਪਰ ਜਖ਼ਮ ਹਨ, ਏ.ਐਸ.ਆਈ. ਹਰਜੀਤ ਸਿੰਘ ਦਾ ਸੱਜਾ ਹੱਥ ਗੁੱਟ ਨਾਲੋਂ ਵੱਖ ਹੋਇਆ ਹੈ, ਜਿਸਨੂੰ ਕਿ ਪੀ.ਜੀ.ਆਈ. ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਏ.ਐਸ.ਆਈ. ਰਾਜ ਸਿੰਘ ਦੀ ਸੱਜੀ ਲੱਤ ‘ਤੇ ਮਾਰੂ ਹਥਿਆਰ ਨਾਲ ਸੱਟ ਵੱਜੀ ਹੈ, ਏ.ਐਸ.ਆਈ. ਰਘਬੀਰ ਸਿੰਘ ਦੇ ਸਰੀਰ ‘ਤੇ ਵੱਖ-ਵੱਖ ਥਾਵਾਂ ਉਪਰ ਫੱਟ ਹਨ ਜਦੋਂ ਕਿ ਮਾਰਕੀਟ ਕਮੇਟੀ ਪਟਿਆਲਾ ਦੇ ਆਕਸ਼ਨ ਰਿਕਾਰਡਰ ਯਾਦਵਿੰਦਰ ਸਿੰਘ ਦੇ ਵੀ ਕੁਝ ਸੱਟਾਂ ਵੱਜੀਆਂ ਹਨ।
ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪਟਿਆਲਾ ਪੁਲਿਸ ਕੋਰੋਨਾਵਾਇਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਲੱਗਣ ਦੇ ਸ਼ੁਰੂ ਤੋਂ ਹੀ ਬਹੁਤ ਇਹਤਿਆਤ ਵਰਤਦੇ ਹੋਏ ਲੋਕਾਂ ਦੀ ਸੇਵਾ ਅਤੇ ਸੁਰੱਖਿਆ ਵਿੱਚ ਜੁਟੀ ਹੋਈ ਹੈ ਪਰੰਤੂ ਅਜਿਹੇ ਗੁੰਡਾ ਅਨਸਰਾਂ ਨੂੰ ਉਨ੍ਹਾਂ ਦੀ ਸਖ਼ਤ ਚਿਤਾਵਨੀ ਹੈ ਕਿ ਪੁਲਿਸ ਜਿੱਥੇ ਲੋਕਾਂ ਦੀ ਮਦਦ ਕਰਨਾ ਜਾਣਦੀ ਹੈ, ਉਥੇ ਹੀ ਅਜਿਹੇ ਮਾੜੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨਾ ਵੀ ਜਾਣਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿ ਕੇ ਪੁਲਿਸ ਦਾ ਸਾਥ ਦੇਣ ਤਾਂ ਕਿ ਕਾਨੂੰਨ ਦੀ ਕਿਸੇ ਵੀ ਤਰ੍ਹਾਂ ਉਲੰਘਣਾ ਨਾ ਹੋਵੇ।

ਫੋਟੋ ਕੈਪਸ਼ਨ-ਬਲਬੇੜਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਆਈ.ਜੀ. ਸ. ਜਤਿੰਦਰ ਸਿੰਘ ਔਲਖ ਅਤੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ।