61% patients recovered from covid in Rajindra Hospital Patiala

August 24, 2020 - PatialaPolitics


ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਕੋਵਿਡ ਕੇਅਰ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਹੈ ਰਾਜਿੰਦਰਾ ਹਸਪਤਾਲ ‘ਚ ਦਾਖਲ ਹੋਣ ਵਾਲੇ ਹਰ ਮਰੀਜ ਦੀ ਸੰਭਾਲ ਅਤੇ ਬਿਹਤਰ ਇਲਾਜ ਲਈ ਸਾਰੇ ਡਾਕਟਰ, ਨਰਸਿੰਗ ਤੇ ਪੈਰਾ ਮੈਡੀਕਲ ਸਟਾਫ਼ ਸਮੇਤ ਦਰਜਾ ਚਾਰ ਕਰਮਚਾਰੀ 24 ਘੰਟੇ ਤਤਪਰ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਹੋਣ ਵਾਲੇ ਕੋਵਿਡ ਮਰੀਜਾਂ ਦੇ ਠੀਕ ਹੋਣ ਦੀ ਦਰ 61 ਫੀਸਦੀ ਹੈ ਤੇ ਹੁਣ ਇਹ ਲਗਾਤਾਰ ਵੱਧ ਰਹੀ ਹੈ। ਸ੍ਰੀਮਤੀ ਸੁਰਭੀ ਮਲਿਕ ਨੇ ਅੱਜ ਮਿਸ਼ਨ ਫ਼ਤਿਹ ਤਹਿਤ ਆਪਣੇ ਫੇਸਬੁਕ ਲਾਈਵ ਪ੍ਰੋਗਰਾਮ ਦੌਰਾਨ ਜਿੱਥੇ ਰਾਜਿੰਦਰਾ ਹਸਪਤਾਲ ਵਿਖੇ ਕੋਵਿਡ-19 ਮਰੀਜਾਂ ਦੇ ਇਲਾਜ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਜਾਣੂ ਕਰਵਾਇਆ ਉਥੇ ਹੀ ਲੋਕਾਂ ਦੇ ਰਜਿੰਦਰਾ ਹਸਪਤਾਲ ਬਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਸਥਾਪਤ ਕੀਤੇ ਕੋਵਿਡ ਕੇਅਰ ਵਿਖੇ 600 ਬੈਡਜ ਦੀ ਸਹੂਲਤ ਉਪਲਬੱਧ ਹੈ। ਜਿਨ੍ਹਾਂ ‘ਚੋਂ ਘੱਟ ਲੱਛਣਾਂ ਵਾਲੇ ਮਰੀਜਾਂ-ਲੈਵਲ-2 ਕੇਸਾਂ ਲਈ ਆਕਸੀਜਨ ਸਹੂਲਤ ਨਾਲ ਲੈਸ 512 ਬੈਡ ਅਤੇ ਬਾਕੀ 88 ਆਈ.ਸੀ.ਯੂ ਬੈਡਜ ਹਨ, ਜਿਨ੍ਹਾਂ ਨਾਲ 66 ਵੈਂਟੀਲੇਟਰ ਹਨ ਜਿਨ੍ਹਾਂ ਨੂੰ ਵਧਾ ਕੇ 88 ਕੀਤਾ ਜਾ ਰਿਹਾ ਹੈ। ਕੋਵਿਡ ਆਈ.ਸੀ.ਯੂ. ‘ਚ ਦੋ ਡਾਇਲੇਸਸ ਮਸ਼ੀਨਾਂ, ਪੋਰਟੇਬਲ ਐਕਸਰੇ ਮਸ਼ੀਨਾਂ, ਪੋਰਟੇਬਲ ਅਲਟਰਾਸਾਊਂਡ ਮਸ਼ੀਨਾਂ, ਥਰੰਬੋਸਿਸ ਨੂੰ ਚੈਕ ਕਰਨ ਲਈ ਖ਼ੂਨ ਦਾ ਥੱਕਾ ਜੰਮਣ ਦਾ ਟੈਸਟ ਹਰ ਮਰੀਜ ਦਾ ਲਾਜਮੀ ਟੈਸਟ ਕੀਤਾ ਜਾਂਦਾ ਹੈ ਅਤੇ ਇਸ ਦੇ ਇਲਾਜ ਲਈ ਤੁਰੰਤ ਦਵਾਈ ਦੇਣ ਦੀ ਸੁਵਿਧਾ ਹੈ, ਕਿਉਂਕਿ ਵਿਸ਼ਵ ਭਰ ‘ਚ ਕੋਵਿਡ ਮਰੀਜਾਂ ਦੀਆਂ ਮੌਤਾਂ ਥਰੰਬੋਸਿਸ ਨਾਲ ਜ਼ਿਆਦਾ ਹੋ ਰਹੀਆਂ ਹਨ।
ਸ੍ਰੀਮਤੀ ਸੁਰਭੀ ਮਲਿਕ ਨੇ ਰਜਿੰਦਰਾ ਹਸਪਤਾਲ ‘ਚ ਮਰੀਜਾਂ ਦੀ ਸੰਭਾਲ ਬਾਰੇ ਰਿੰਪੀ ਨਾਮ ਦੇ ਫੇਸਬੁਕ ਯੂਜਰ ਵੱਲੋਂ ਕੀਤੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਵਿਸਥਾਰ ‘ਚ ਦੱਸਦਿਆਂ ਕਿਹਾ ਕਿ ਕੋਵਿਡ ਮਰੀਜਾਂ ਦੇ ਇੱਥੇ ਦਾਖਲ ਹੋਣ ਸਮੇਂ ਪਾਜਿਟਿਵ ਜਾਂ ਸ਼ੱਕੀ ਮਰੀਜਾਂ ਦੇ ਸਾਰੇ ਲੋੜੀਂਦੇ ਟੈਸਟ ਕਰਵਾ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਕੋਵਿਡ ਦਾ ਕੋਈ ਇਲਾਜ ਨਹੀਂ ਪ੍ਰੰਤੂ ਕੋਵਿਡ ਮਰੀਜਾਂ ਦੀ ਮੁੱਢਲੀ ਸੰਭਾਂਲ ਤੇ ਮਰੀਜ ਦੇ ਲੱਛਣ ਦੇਖ ਕੇ ਆਧੁਨਿਕ ਵਿਗਿਆਨਕ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ।
ਸ਼ਸ਼ਾਂਕ ਸਿੰਘ ਵੱਲੋਂ ਰਾਜਿੰਦਰਾ ਹਸਪਤਾਲ ‘ਚ ਹੋ ਰਹੀਆਂ ਮੌਤਾਂ ਦੀ ਦਰ ਘਟ ਨਾ ਹੋਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀਮਤੀ ਸੁਰਭੀ ਨੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਪਿਛਲੇ ਦਿਨਾਂ ‘ਚ ’24 ਘੰਟਿਆਂ ‘ਚ 25 ਮੌਤਾਂ ਹੋਈਆਂ’ ਸਬੰਧੀਂ ਫੈਲਾਈਆਂ ਅਫ਼ਵਾਹਾਂ ਅਤੇ ਲੋਕਾਂ ‘ਚ ਪੈਦਾ ਕੀਤੀ ਗਈ ਘਬਰਾਹਟ ਦਾ ਖੰਡਨ ਕਰਦਿਆਂ ਕਿਹਾ ਕਿ ਇੱਥੇ ਹੋਣ ਵਾਲੀਆਂ ਮੌਤਾਂ ਨੂੰ ਇੱਕ ਦਿਨ ‘ਚ ਦਿਨੇ 12 ਵਜੇ ਤੋਂ ਅਗਲੀ ਰਾਤ 12 ਵਜੇ ਤੱਕ ਗਿਣਿਆਂ ਜਾਂਦਾ ਹੈ, ਇਸ ਤਰ੍ਹਾਂ 21 ਅਗਸਤ ਨੂੰ 11 ਮੌਤਾਂ ਹੋਈਆਂ ਅਤੇ 22 ਤਰੀਕ ਨੂੰ 14 ਮੌਤਾਂ ਹੋਈਆਂ।
ਉਨ੍ਹਾਂ ਕਿਹਾ ਕਿ ਜੋ ਅਫ਼ਵਾਹ ਫੈਲਾਈ ਗਈ ਇਕ ਦਿਨ ‘ਚ ਪਟਿਆਲਾ ਦੀਆਂ 25 ਮੌਤਾਂ ਹੋਈਆਂ ਜਿਸ ਲਈ ਸ਼ਾਮ 5 ਵਜੇ ਤੋਂ 5 ਵਜੇ ਤੱਕ ਦਾ ਸਮਾਂ ਲਿਆ ਗਿਆ, ਪਰੰਤੂ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਇੱਕ ਟਰਸ਼ਰੀ ਸੈਂਟਰ ਹੈ ਅਤੇ ਇੱਥੇ ਗੰਭੀਰ ਤੋਂ ਗੰਭੀਰ ਮਰੀਜ ਹੀ ਦਾਖਲ ਹੁੰਦੇ ਹਨ ਅਤੇ ਇਹ ਮਰੀਜ ਕੇਵਲ ਪਟਿਆਲਾ ਦੇ ਹੀ ਨਹੀਂ ਸਗੋਂ ਰਾਜ ਦੇ ਬਾਕੀ 10 ਜ਼ਿਲ੍ਹਿਆਂ ਦੇ ਮਰੀਜ ਵੀ ਇੱਥੇ ਇਲਾਜ ਲਈ ਦਾਖਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ‘ਚ ਹੋਣ ਵਾਲੀਆਂ ਮੌਤਾਂ ਇਕੱਲੇ ਪਟਿਆਲਾ ਜ਼ਿਲ੍ਹੇ ਨੂੰ ਹੀ ਨਹੀਂ ਦਰਸਾਉਂਦੀਆਂ ਸਗੋਂ ਉਹ ਬਾਕੀ ਜ਼ਿਲ੍ਹਿਆਂ ਦੀਆਂ ਵੀ ਹੁੰਦੀਆਂ ਹਨ।
ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਪੰਜਾਬ ਦੀ ਮੌਤ ਦਰ 2.58 ਹੈ ਜਦੋਂਕਿ ਪਟਿਆਲਾ ਦੀ ਮੌਤ ਦਰ 2.48 ਹੈ ਜੋਕਿ ਘਟ ਹੈ, ਪਰੰਤੂ ਜੇਕਰ ਅਸੀਂ ਦੇਖੀਏ ਕਿ ਗੰਭੀਰ ਮਰੀਜਾਂ 100 ਵਿੱਚੋਂ 12 ਤੋਂ 15 ਫੀਸਦੀ ਹੈ ਤਾਂ ਰਾਜਿੰਦਰਾ ਹਸਪਤਾਲ ‘ਚ ਵਿਖੇ 15 ਗੰਭੀਰ ਮਰੀਜ ‘ਚੋਂ 2 ਜਾਂ 3 ਮਰੀਜਾਂ ਦੀ ਹੀ ਮੌਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੈਂਪਲਿੰਗ ਤੇ ਟੈਸਟਿੰਗ ਦਰ ਵਧਣ ਨਾਲ ਇਹ ਮੌਤ ਦਰ ਵੀ ਕੌਮੀ ਦਰ ਦੇ ਨਾਲੋਂ ਘਟੇਗੀ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਪੰਜਾਬ ਸਰਕਾਰ ਵੱਲੋਂ ਟੈਸਟਿੰਗ ਹੁਣ ਵਧਾ ਦਿੱਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਥੋੜੇ ਜਿਹੇ ਹੀ ਲੱਛਣ ਸਾਹਮਣੇ ਆਉਣ ‘ਤੇ ਤੁਰੰਤ ਆਪਣੇ ਟੈਸਟ ਕਰਵਾਉਣ, ਇਹੀ ਸਾਡੀ ਮੌਤ ਦਰ ਘਟਾ ਸਕਦੀ ਹੈ।
ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ‘ਚ ਜੋ ਵੀ ਮੌਤਾਂ ਹੋਈਆਂ ਹਨ ਉਨ੍ਹਾਂ ਵਿੱਚੋਂ 99 ਫੀਸਦੀ ਤਾਂ ਗੰਭੀਰ ਮਰੀਜਾਂ ਦੀਆਂ ਹੀ ਹੋਈਆਂ ਹਨ, ਜੋ ਕਿ ਪਹਿਲਾਂ ਹੀ ਕਿਸੇ ਹੋਰ ਬਿਮਾਰੀ ਦੇ ਸ਼ਿਕਾਰ ਹੁੰਦੇ ਸਨ। ਸਾਡੇ ਕੋਲ 60 ਫੀਸਦੀ ਮੌਤਾਂ ਪਹਿਲੇ 48 ਘੰਟਿਆਂ ਦੇ ਦਾਖਲੇ ਸਮੇਂ ਅਤੇ 70 ਫੀਸਦੀ 72 ਘੰਟਿਆਂ ‘ਚ ਹੋਈਆਂ, ਇਸ ਨਾਲ ਪਤਾ ਚੱਲਦਾ ਹੈ ਕਿ ਸਾਡੇ ਕੋਲ ਆਉਣ ਵਾਲੇ ਮਰੀਜ ਬਹੁਤ ਹੀ ਗੰਭੀਰ ਹਾਲਤ ‘ਚ ਪੁੱਜ ਰਹੇ ਹਨ। ਉਨ੍ਹਾਂ ਮੁੜ ਕਿਹਾ ਕਿ ਜੇ ਮੌਤ ਦਰ ਘਟਾਉਣੀ ਹੈ ਤਾਂ ਸਾਨੂੰ ਕੋਵਿਡ ਦੇ ਲੱਛਣ ਸਾਹਮਣੇ ਆਉਣ ‘ਤੇ ਤੁਰੰਤ ਹਸਪਤਾਲ ਪੁੱਜਣਾ ਪਵੇਗਾ।
ਗੁਰਦਰਸ਼ਨ ਸਿੰਘ ਧਾਲੀਵਾਲ ਸਮੇਤ ਇਕ ਹੋਰ ਯੂਜਰ ਵੱਲੋਂ ਕੀਤੇ ਸਵਾਲ ‘ਚ ਕੋਵਿਡ ਮਰੀਜਾਂ ਕੋਲ ਡਾਕਟਰਾਂ ਦੇ ਨਾ ਪਹੁੰਚਣ ਬਾਰੇ ਪੁੱਣੇ ਜਾਣ ‘ਤੇ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਅਜਿਹਾ ਨਹੀਂ ਹੈ ਕਿਉਂਕਿ ਇਸ ਸਬੰਧੀਂ ਚੈਕਿੰਗ ਪ੍ਰਣਾਲੀ ਬਣਾਈ ਗਈ ਹੈ, ਇੱਥੋਂ ਤੱਕ ਕਿ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਅਲੱਗ-ਅਲੱਗ ਫਲੋਰ ‘ਤੇ ਅਚਨਚੇਤ 10 ਮਰੀਜਾਂ ਨੂੰ ਰੋਜ਼ ਫੋਨ ਕਰਕੇ ਜਾਇਜ਼ਾ ਲਿਆ ਜਾਂਦਾ ਹੈ ਕਿ ਕੀ ਤੁਹਾਡੇ ਕੋਲ ਡਾਕਟਰ ਪੁੱਜੇ ਸਨ ਜਾਂ ਨਹੀਂ? ਉਨ੍ਹਾਂ ਕਿਹਾ ਕਿ ਕੋਵਿਡ ਨਵੀਂ ਬਿਮਾਰੀ ਹੋਣ ਕਰਕੇ ਮਰੀਜ ਜਦੋਂ ਬੇਚੈਨ ਹੋ ਜਾਂਦੇ ਹਨ ਅਤੇ ਉਹ ਪੀਪੀਈ ਕਿੱਟਾਂ ‘ਚ ਹੋਣ ਕਰਕੇ ਪਛਾਣ ਨਹੀਂ ਸਕਦੇ ਕਿ ਉਨ੍ਹਾਂ ਨੂੰ ਨਰਸ, ਅਟੈਂਡੈਂਟ ਜਾਂ ਡਾਕਟਰ ਮਿਲ ਕੇ ਗਿਆ ਸੀ। ਉਨ੍ਹਾਂ ਕਿਹਾ ਕਿ 8-8 ਘੰਟਿਆਂ ਦੀਆਂ ਤਿੰਨ ਸ਼ਿਫ਼ਟਾਂ ਹਨ ਅਤੇ ਡਾਕਟਰ ਆਪਣੀ ਸ਼ਿਫ਼ਟ ‘ਚ ਮਰੀਜਾਂ ਨੂੰ ਜਰੂਰ ਮਿਲਦੇ ਹਨ। ਅਸੀਂ ਮਰੀਜ ਦੀ ਬੇਚੈਨੀ ਵੀ ਦੂਰ ਕਰਵਾਉਂਦੇ ਹਾਂ ਤਾਂਕਿ ਮਰੀਜ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਪਰਮੀਤ ਸਿੰਘ ਵੱਲੋਂ ਇੱਕ ਮਰੀਜ ਨੂੰ ਵੈਂਟੀਲੇਟਰ ‘ਤੇ ਪਾਏ ਜਾਣ ਦੇ 72 ਘੰਟਿਆਂ ਬਾਅਦ ਮਰਿਆ ਐਲਾਨ ਦਿੱਤਾ ਜਾਂਦਾ ਹੈ? ਬਾਰੇ ਪੁੱਛਣ ‘ਤੇ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਵੈਂਟੀਲੇਟਰ ‘ਤੇ ਮਰੀਜ ਨੂੰ ਉਸੇ ਸਮੇਂ ਹੀ ਪਾਇਆ ਜਾਂਦਾ ਹੈ, ਜਦੋਂ ਮਰੀਜ ਆਕਸੀਜਨ ਦੇ ਬਾਕੀ ਸਾਧਨਾਂ ਨੂੰ ਸਹਿਯੋਗ ਨਹੀਂ ਕਰ ਰਿਹਾ ਹੁੰਦਾ ਅਤੇ ਵੈਂਟੀਲੇਟਰ ਦਾ ਮਰੀਜ ਦੀ ਮੌਤ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਮਰੀਜ ਦੀ ਕਲੀਨਿਕਲ ਮੌਤ ਦੇ ਬਾਅਦ ਹੀ ਉਸਨੂੰ ਡਾਕਟਰਾਂ ਵਲੋਂ ਮ੍ਰਿਤਕ ਐਲਾਨਿਆ ਜਾਂਦਾ ਹੈ।
ਸ੍ਰੀਮਤੀ ਸੁਰਭੀ ਮਲਿਕ ਨੇ ਫੋਟੋ ਜਰਨਲਿਸਟ ਜੈਦੀਪ ਦੀ ਮੌਤ ਬਾਰੇ ਪੁੱਛਣ ‘ਤੇ ਦੱਸਿਆ ਕਿ ਇਸ ਮਰੀਜ ਦੇ ਦਾਖਲ ਹੋਣ ਸਮੇਂ ਉਸਦੀ ਆਕਸੀਜਨ ਬਹੁਤ ਘੱਟ ਹੋ ਗਈ ਸੀ ਜਿਸ ਕਰਕੇ ਉਸਨੂੰ ਵੈਂਟੀਲੇਟਰ ‘ਤੇ 2-3 ਦਿਨ ਰੱਖਿਆ ਗਿਆ। ਉਸਨੂੰ ਹਰ ਸੰਭਵ ਡਾਕਟਰੀ ਸਹਾਇਤਾ ਦਿੱਤੀ ਗਈ ਪਰੰਤੂ ਉਸਨੂੰ ਪਲਮਨਰੀ ਐਂਬੁੰਲਿਜਮ ਹੋ ਗਈ ਸੀ, ਜਿਸ ਰਕੇ ਉਸਦੀ ਮੌਤ ਹੋ ਗਈ, ਜਿਸ ਦਾ ਸਭ ਨੂੰ ਅਫ਼ਸੋਸ ਹੈ।
ਹਰੀਸ਼ ਮਿਗਲਾਨੀ ਵੱਲੋਂ ਕੋਰੋਨਾ ਮਰੀਜਾਂ ਦੇ ਅੰਗ ਕੱਢੇ ਜਾਣ ਦੀਆਂ ਅਫ਼ਵਾਹਾਂ ਬਾਰੇ ਪੁੱਛੇ ਜਾਣ ‘ਤੇ ਸ੍ਰੀਮਤੀ ਸੁਰਭੀ ਮਲਿਕ ਨੇ ਇਸ ਗੱਲ ਦਾ ਪੁਰਜ਼ੋਰ ਖੰਡਨ ਕੀਤਾ ਕਿ ਸਰਕਾਰੀ ਰਾਜਿੰਦਰਾ ਹਪਸਤਾਲ ‘ਚ ਕਿਸੇ ਵੀ ਮਰੀਜ ਦੇ ਅੰਗ ਕੱਢਣ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਗਿਆਨਕ ਤੌਰ ‘ਤੇ ਵੀ ਕੋਵਿਡ ਵਾਰਡ ‘ਚ ਅਜਿਹੀ ਕੋਈ ਸੁਵਿਧਾ ਨਾ ਹੋਣ ਕਰਕੇ, ਇਹ ਸੰਭਵ ਹੀ ਨਹੀਂ ਹੋ ਸਕਦਾ। ਇਸ ਤੋਂ ਬਿਨ੍ਹਾਂ ਕੋਈ ਅੰਗ ਕੱਢਣਾਂ ਇਕ ਕਾਨੂੰਨੀ ਜ਼ੁਰਮ ਹੈ ਅਤੇ ਰਾਜਿੰਦਰਾ ਹਸਪਤਾਲ ‘ਚ ਬਹੁਤ ਸੀਨੀਅਰ ਮੈਡੀਕਲ ਫੈਕਲਿਟੀ ਮੌਜੂਦ ਹੈ, ਜਿਸ ਲਈ ਅਜਿਹੀਆਂ ਅਫ਼ਵਾਹਾਂ ‘ਤੇ ਯਕੀਨ ਨਾ ਕੀਤਾ ਜਾਵੇ।
ਅਭਿਮੰਨਿਊ ਗੋਇਲ ਅਤੇ ਅਸ਼ਵਨੀ ਅਗਰਵਾਲ ਵੱਲੋਂ ਰਾਜਿੰਦਰਾ ਹਸਪਤਾਲ ‘ਚ ਗੰਭੀਰ ਮਰੀਜਾਂ ਦੇ ਦਾਖਲ ਹੋਣ ਕਰਕੇ ਮੌਤ ਦਰ ਵੱਧ ਹੈ, ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਇਹ ਸਹੀ ਹੈ ਕਿ ਹੈ ਕਿ ਇੱਥੇ ਕਈ ਜ਼ਿਲ੍ਹਿਆਂ ਤੋਂ ਗੰਭੀਰ ਮਰੀਜਾਂ ਦੇ ਆਉਣ ਕਰਕੇ ਮੌਤ ਦਰ ਵੱਧ ਹੈ, ਪਰੰਤੂ ਹਸਪਤਾਲ ਦੇ ਡਾਕਟਰਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਮਰੀਜ ਠੀਕ ਹੋ ਕੇ ਹੀ ਵਾਪਸ ਜਾਣ। ਉਨ੍ਹਾਂ ਨੇ ਇਸ ਦੇ ਨਾਲ ਹੀ ਇਹ ਗੱਲ ਵੀ ਸਾਂਝੀ ਕੀਤੀ ਕਿ ਰਾਜਿੰਦਰਾ ਹਸਪਤਾਲ ਨੇ ਹਾਲ ਹੀ ਦੌਰਾਨ ਤਿੰਨ ਅਜਿਹੇ ਮਰੀਜ ਵੀ ਠੀਕ ਕਰਕੇ ਘਰ ਵਾਪਸ ਭੇਜੇ ਹਨ, ਜੋ ਕਿ ਵੈਂਟੀਲੇਟਰ ‘ਤੇ ਸਨ।
ਗਗਨ ਚੋਪੜਾ ਵੱਲੋਂ ਪਲਾਜ਼ਮਾ ਥੈਰੇਪੀ ਬਾਰੇ ਪੁੱਛਣ ‘ਤੇ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਸਮੇਂ 12 ਯੂਨਿਟ ਪਲਾਜਮਾ ਮੌਜੂਦ ਹੈ ਅਤੇ ਇਕ ਮਰੀਜ ਇਸ ਥੈਰੇਪੀ ਨਾਲ ਸਿਹਤਯਾਬ ਵੀ ਹੋ ਰਿਹਾ ਹੈ ਪਰੰਤੂ ਇਹ ਥੈਰੇਪੀ ਡਾਕਟਰਾਂ ਵੱਲੋਂ ਸਾਰੇ ਪਹਿਲੂ ਦੇਖ ਕੇ ਹੀ ਵਰਤੀ ਜਾਂਦੀ ਹੈ। ਧਾਲੀਵਾਲ ਅਰਸ਼ ਵੱਲੋਂ ਰਾਜਿੰਦਰਾ ਹਸਪਤਾਲ ‘ਚ ਮਰੀਜਾਂ ਨੂੰ ਦਿੱਤੇ ਜਾਂਦੇ ਖਾਣੇ ਨੂੰ ਬਣਾਉਣ ਬਾਰੇ ਪੁੱਛਣ ‘ਤੇ ਉਨ੍ਹਾਂ ਦੱਸਿਆ ਕਿ ਇਹ ਖਾਣਾ ਪਟਿਆਲਾ ਕਲੱਬ ਵਿਖੇ ਬਣਦਾ ਹੈ ਅਤੇ ਇਹ ਪੌਸ਼ਟਿਕ ਖਾਣਾ ਨਿਊਟਰੀਸ਼ਨ ਮਾਹਰਾਂ ਵੱਲੋਂ ਚੈਕ ਕਰਕੇ ਹੀ ਮਰੀਜਾਂ ਨੂੰ ਦਿੱਤਾ ਜਾਂਦਾ ਹੈ
ਨੰਦ ਲਾਲ ਰਹੇਜਾ ਵੱਲੋਂ ਮਰੀਜ ਨੂੰ ਨਿਜੀ ਹਸਪਤਾਲ ‘ਚ ਲਿਜਾਉਣ ਬਾਰੇ ਪੁੱਛਣ ‘ਤੇ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਸਿਵਲ ਸਰਜਨ ਦਫ਼ਤਰ ਰਾਹੀਂ ਮਰੀਜ ਦੀ ਅਰਜੀ ਉਨ੍ਹਾਂ ਕੋਲ ਆਉਣ ‘ਤੇ ਮਰੀਜ ਨੂੰ ਦੂਸਰੇ ਹਸਪਤਾਲ ‘ਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਪਰੰਤੂ ਡਾਕਟਰਾਂ ਦੀ ਸਲਾਹ ਦੇ ਵਿਰੁੱਧ ਮਰੀਜ ਨੂੰ ਘਰ ਨਹੀਂ ਭੇਜਿਆ ਜਾ ਸਕਦਾ। ਨਿਤਿਨ ਕੁਮਾਰ ਵੱਲੋਂ ਰਾਜਿੰਦਰਾ ਹਸਪਤਾਲ ‘ਚ ਕੋਵਿਡ ਸੈਂਪਲਿੰਗ ਬਾਰੇ ਪੁੱਛਣ ‘ਤੇ ਉਨ੍ਹਾਂ ਦੱਸਿਆ ਕਿ ਇੱਥੇ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਸੈਂਪਲ ਲਏ ਜਾਂਦੇ ਹਨ।
ਇਸੇ ਤਰ੍ਹਾਂ ਰਾਜਪੂਤ ਕਸ਼ਯਪ ਵੱਲੋਂ ਨਰਸਿੰਗ ਸਟਾਫ਼ ਦੀਆਂ ਤਨਖਾਹਾਂ ਬਾਰੇ ਪੁੱਛਣ ‘ਤੇ ਸ੍ਰੀਮਤੀ ਸੁਰਭੀ ਨੇ ਦੱਸਿਆ ਕਿ ਜੁਲਾਈ ਮਹੀਨੇ ਤੱਕ ਦੀਆਂ ਤਨਖਾਹਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਇਹ ਨਿਯਮਤ ਤੌਰ ‘ਤੇ ਦਿੱਤੀਆਂ ਜਾ ਰਹੀਆਂ ਹਨ ਅਤੇ ਦੂਰੋਂ ਆਉਣ ਵਾਲੇ ਨਰਸਿੰਗ ਸਟਾਫ਼ ਲਈ ਰਿਹਾਇਸ਼ ਦੀ ਸਹੂਲਤ ਵੀ ਉਪਲਬਧ ਹੈ। ਰਾਹੁਲ ਮਾਰਕੰਡੇ ਵੱਲੋਂ ਮਰੀਜਾਂ ਨੂੰ ਸਮਾਰਟ ਫੋਨ ਰੱਖਣ ਦੀ ਇਜਾਜ਼ਤ ਦਿੱਤੇ ਜਾਣ ਬਾਰੇ ਪੁੱਛਣ ‘ਤੇ ਉਨ੍ਹਾਂ ਦੱਸਿਆ ਕਿ ਕਿਸੇ ਮਰੀਜ ਨੂੰ ਅਜਿਹੀ ਕੋਈ ਮਨਾਹੀ ਨਹੀਂ ਹੈ ਅਤੇ ਉਹ ਆਪਣੇ ਮੰਨੋਰੰਜਨ ਲਈ ਫੋਨ ਜਾਂ ਟੈਬਲੇਟ ਲਿਆ ਸਕਦੇ ਹਨ ਪਰੰਤੂ ਆਕਸੀਜਨ ਮਾਸਕ ‘ਤੇ ਚੱਲ ਰਹੇ ਮਰੀਜਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਫੋਨ ‘ਤੇ ਗੱਲ ਕਰਨ ਤੋਂ ਸੰਕੋਚ ਹੀ ਕਰਨ ਅਤੇ ਫੋਨ ਆਦਿ ‘ਤੇ ਗੱਲ ਕਰਦੇ ਹੋਏ ਆਕਸੀਜਨ ਮਾਸਕ ਨਾ ਉਤਾਰਨ।