Covid patient praises Rajindra Hospital Patiala facilities

July 24, 2020 - PatialaPolitics


ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸਥਿਤ ਕੋਵਿਡ-19 ਮਰੀਜਾਂ ਦੇ ਇਲਾਜ ਲਈ ਬਣਾਇਆ ਗਏ ਕੋਰੋਨਾ ਵਾਰਡ ‘ਚ ਦਾਖਲ ਮਰੀਜਾਂ ਨੇ ਇੱਥੇ ਪ੍ਰਦਾਨ ਕੀਤੀਆਂ ਜਾਂਦੀਆਂ ਸਿਹਤ ਸਹੂਲਤਾਂ ਦੀ ਸ਼ਲਾਘਾ ਕੀਤੀ ਹੈ। ਇੱਥੋਂ ਇਲਾਜ ਕਰਵਾ ਕੇ ਆਪਣੇ ਘਰਾਂ ਨੂੰ ਜਾਣ ਵਾਲੇ ਮਰੀਜਾਂ ਨੇ ਕਿਹਾ ਹੈ ਕਿ ਉਹ ਜਿੱਥੇ ਖ਼ੁਦ ਕੋਵਿਡ-19 ਵਿਰੁੱਧ ਜੰਗ ਜਿੱਤੇ ਕੇ ਚੱਲੇ ਹਨ ਉਥੇ ਹੀ ਕੋਵਿਡ-19 ਦੇ ਗੰਭੀਰ ਮਰੀਜਾਂ ਦੇ ਇਲਾਜ ਲਈ ਆਪਣਾ ਪਲਾਜ਼ਮਾ ਵੀ ਦਾਨ ਕਰਨਗੇ।
ਸਿਹਤਯਾਬੀ ਮਗਰੋਂ ਆਪਣੇ ਘਰਾਂ ਨੂੰ ਰਵਾਨਾਂ ਹੋਣ ਸਮੇਂ ਇਨ੍ਹਾਂ ਕੋਰੋਨਾ ਜੇਤੂਆਂ ਨੇ ਰਜਿੰਦਰਾ ਹਸਪਤਾਲ ਦੇ ਸਰਜਰੀ ਵਿਭਾਗ ਦੇ ਡਾਕਟਰ ਐਚ.ਐਸ. ਰੇਖੀ ਵੱਲੋਂ ਕੀਤੀ ਗਈ ਗੱਲਬਾਤ ਦੌਰਾਨ ਜਿੱਥੇ ਆਪਣੇ 10 ਦਿਨਾਂ ਦੇ ਤਜਰਬੇ ਸਾਂਝੇ ਕੀਤੇ, ਉਥੇ ਹੀ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਿਸ਼ਨ ਫ਼ਤਿਹ ਤਹਿਤ ਸਰਕਾਰ ਵੱਲੋਂ ਦੱਸੇ ਗਏ ਨਿਯਮਾਂ ਦਾ ਪਾਲਣ ਕਰਨ ਅਤੇ ਮਾਸਕ ਲਾਉਣ ਸਮੇਤ ਆਪਸੀ ਦੂਰੀ ਦਾ ਧਿਆਨ ਜਰੂਰ ਰੱਖਣ ਤਾਂ ਕਿ ਕੋਵਿਡ-19 ਤੋਂ ਬਚਿਆ ਜਾ ਸਕੇ।
ਪਟਿਆਲਾ ਦੇ ਅਨੰਦ ਨਗਰ-ਏ ਦੇ ਇੱਕ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਦੌਰਾਨ ਕੋਈ ਦਿੱਕਤ ਨਹੀਂ ਆਈ ਅਤੇ ਸਟਾਫ਼ ਦੇ ਸਹਿਯੋਗ ਸਦਕਾ ਉਹ ਸਿਹਤਯਾਬ ਹੋਕੇ ਆਪਣੇ ਘਰ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਥੇ ਖਾਣ-ਪੀਣ, ਸਾਫ਼-ਸਫ਼ਾਈ ਸਮੇਤ ਇਲਾਜ ਲਈ ਹਸਪਤਾਲ ਨੇ ਕਿਸੇ ਚੰਗੇ ਤੇ ਮਹਿੰਗੇ ਪ੍ਰਾਈਵੇਟ ਹਸਪਤਾਲ ਨੂੰ ਵੀ ਮਾਤ ਪਾ ਦਿੱਤੀ ਹੈ।
ਡਾ. ਐਚ.ਐਸ. ਰੇਖੀ ਨੇ ਕੋਵਿਡ-19 ‘ਤੇ ਫ਼ਤਿਹ ਪਾਉਣ ਵਾਲਿਆਂ ਨੂੰ ਹੋਰਨਾਂ ਮਰੀਜਾਂ ਦੀ ਮਦਦ ਲਈ ਅੱਗੇ ਆਉਣ ਲਈ ਆਪਣਾ ਪਲਾਜ਼ਮਾ ਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ‘ਤੇ ਤੰਦਰੁਸਤ ਹੋਏ ਵਿਅਕਤੀਆਂ ਨੇ ਆਪਣਾ ਪਲਾਜ਼ਮਾ ਦਾਨ ਕਰਨ ਲਈ ਉਤਸ਼ਾਹ ਦਿਖਾਉਂਦਿਆਂ ਕਿਹਾ ਕਿ ਹੋਰਨਾਂ ਦੀ ਜਾਨ ਬਚਾਉਣ ਲਈ ਉਹ ਆਪਣਾ ਪਲਾਜ਼ਮਾ ਜ਼ਰੂਰ ਦਾਨ ਕਰਨਗੇ।
ਇਸੇ ਦੌਰਾਨ ਪਟਿਆਲਾ ਦੇਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਪਟਿਆਲਾ ਜ਼ਿਲ੍ਹੇ ‘ਚ ਹੁਣ ਤੱਕ 653 ਮਰੀਜਾਂ ਨੇ ਕੋਵਿਡ-19 ‘ਤੇ ਫ਼ਤਿਹ ਪਾਈ ਗਈ ਹੈ।

ਨੋਟ : 10 ਵਿਅਕਤੀਆਂ ਨੂੰ ਅੱਜ ਛੁੱਟੀ ਹੋਈ ਹੈ ਜਿਸ ਕਾਰਨ ਹੁਣ ਅੰਕੜਾ 653 ਹੋ ਗਿਆ ਹੈ।