Punjab allows students of Class IX to XII to visit schools
September 20, 2020 - PatialaPolitics
ਕੇਂਦਰੀ ਗ੍ਰਹਿ ਮੰਤਰਾਲੇ (ਐਮ.ਐਚ.ਏ.) ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਨਲਾਕ 4.0 ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਅੰਸ਼ਿਕ ਸੋਧ ਕਰਦਿਆਂ ਪੰਜਾਬ ਸਰਕਾਰ ਨੇ ਐਤਵਾਰ ਨੂੰ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿਰਫ਼ ਕੰਟੇਨਮੈਂਟ ਜ਼ੋਨ ਤੋਂ ਬਾਹਰ ਵਾਲੇ ਖੇਤਰਾਂ ਵਿੱਚ ਸਵੈ-ਇੱਛਾ ਦੇ ਅਧਾਰ ‘ਤੇ ਅਧਿਆਪਕਾਂ ਤੋਂ ਸੇਧ ਲੈਣ ਲਈ ਆਪਣੇ ਸਕੂਲ ਜਾਣ ਦੀ ਆਗਿਆ ਦਿੱਤੀ ਗਈ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ 8 ਸਤੰਬਰ, 2020 ਨੂੰ ਜਾਰੀ ਮਿਆਰੀ ਸੰਚਾਲਨ ਪ੍ਰਕਿਰਿਆ (ਐਸ.ਓ.ਪੀਜ਼) ਮੁਤਾਬਕ 21 ਸਤੰਬਰ, 2020 ਤੋਂ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ/ਸਰਪ੍ਰਸਤਾਂ ਦੀ ਲਿਖਤੀ ਸਹਿਮਤੀ ਬਾਅਦ ਹੀ ਇਹ ਇਜਾਜ਼ਤ ਦਿੱਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਗ੍ਰਹਿ ਵਿਭਾਗ ਨੇ ਰਾਸ਼ਟਰੀ ਹੁਨਰ ਸਿਖਲਾਈ ਸੰਸਥਾਵਾਂ, ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈਜ਼.), ਕੌਮੀ ਹੁਨਰ ਵਿਕਾਸ ਨਿਗਮ ਜਾਂ ਰਾਜ ਹੁਨਰ ਵਿਕਾਸ ਮਿਸ਼ਨ ਜਾਂ ਭਾਰਤ ਸਰਕਾਰ ਦੇ ਹੋਰ ਮੰਤਰਾਲੇ ਜਾਂ ਰਾਜ ਸਰਕਾਰਾਂ ਤਹਿਤ ਰਜਿਸਟਰਡ ਥੋੜੇ ਸਮੇਂ ਦੇ ਸਿਖਲਾਈ ਕੇਂਦਰਾਂ ਵਿੱਚ ਹੁਨਰ ਜਾਂ ਉੱਦਮੀ ਸਿਖਲਾਈ ਦੀ ਆਗਿਆ ਦੇਣ ਸਬੰਧੀ ਵਿਸਥਾਰਤ ਨਿਰਦੇਸ਼ ਜਾਰੀ ਕੀਤੇ ਹਨ।
ਇਸੇ ਤਰ੍ਹਾਂ ਨੈਸ਼ਨਲ ਇੰਸਟੀਟਿਊਟ ਫਾਰ ਇੰਟਰਪ੍ਰਨਿਉਰਸ਼ਿਪ ਐਂਡ ਸਮਾਲ ਬਿਜ਼ਨਸ ਡਿਵੈਲਪਮੈਂਟਜ਼ (ਐਨ.ਆਈ.ਈ.ਐੱਸ.ਬੀ.ਯੂ.ਡੀ.),ਇੰਡੀਅਨ ਇੰਸਟੀਟਿਊਟ ਆਫ ਇੰਟਰਪ੍ਰਨਿਉਰਸ਼ਿਪ (ਆਈ.ਆਈ.ਈ) ਅਤੇ ਉਨ੍ਹਾਂ ਦੇ ਸਿਖਲਾਈ ਦੇਣ ਵਾਲਿਆਂ ਨੂੰ 21 ਸਤੰਬਰ, 2020 ਤੋਂ ਆਪਣੀਆਂ ਗਤੀਵਿਧੀਆਂ ਲਈ ਨਿਰਧਾਰਤ ਐਸ.ਓ.ਪੀ.ਜ਼ ਦੀ ਸਖਤੀ ਨਾਲ ਪਾਲਣ ਕਰਨ ਲਈ ਮੰਜ਼ੂਰੀ ਦਿੱਤੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ 29 ਅਗਸਤ, 2020 ਨੂੰ ਗ੍ਰਹਿ ਮੰਤਰਾਲੇ ਵਲੋਂ ਹੁਕਮ ਜਾਰੀ ਕੀਤੇ ਗਏ ਸਨ ਅਤੇ ਇਸ ਤੋਂ ਬਾਅਦ 9 ਸਤੰਬਰ, 2020 ਨੂੰ ਰਾਜ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਹਿਰੀ ਖੇਤਰਾਂ ਵਿੱਚ ਐਤਵਾਰ ਦੇ ਕਰਫਿਊ ਸਮੇਤ ਵਾਧੂ ਪਾਬੰਦੀਆਂ ਲਾਗੂ ਰਹਿਣਗੀਆਂ।