CIA Staff Patiala Merger

October 1, 2020 - PatialaPolitics

ਪਟਿਆਲਾ ਜ਼ਿਲ੍ਹੇ ਦੇ 4 ਸੀ.ਆਈ.ਏ. ਸਟਾਫ਼ ਦਾ ਆਪਸ ‘ਚ ਰਲੇਵਾਂ
-ਦੋ ਸਬ ਡਵੀਜ਼ਨਾਂ ‘ਚ ਕੰਮ ਕਰ ਰਿਹਾ ਜ਼ੁਰਮ ਤਫ਼ਤੀਸ਼ੀ ਅਮਲਾ ਪਟਿਆਲਾ ਜ਼ਿਲ੍ਹਾ ਮੁੱਖ ਦਫ਼ਤਰ ਵਿਖੇ ਕੀਤਾ ਤਾਇਨਾਤ-ਐਸ.ਐਸ.ਪੀ. ਦੁੱਗਲ
-ਵੱਖੋ-ਵੱਖ ਮਾਮਲਿਆਂ ਦੇ ਹੱਲ ਲਈ 20 ਟੀਮਾਂ ਦਾ ਗਠਨ, ਰੱਖਣਗੀਆਂ ਨਾਜਾਇਜ਼ ਧੰਦਿਆਂ ਅਤੇ ਜ਼ੁਰਮ ‘ਤੇ ਤਿੱਖੀ ਨਜ਼ਰ
-ਪਟਿਆਲਾ ਪੁਲਿਸ ਜ਼ੁਰਮਾਂ ਦੀ ਤਫ਼ਤੀਸ਼ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਕਰੇਗੀ-ਐਸ.ਐਸ.ਪੀ. ਦੁੱਗਲ
ਪਟਿਆਲਾ, 1 ਅਕਤੂਬਰ:
ਜ਼ਿਲ੍ਹੇ ਦੀਆਂ ਦੋ ਸਬ ਡਵੀਜ਼ਨਾਂ ‘ਚ ਕੰਮ ਕਰ ਰਹੇ ਪਟਿਆਲਾ ਪੁਲਿਸ ਦੇ ਵੱਖ-ਵੱਖ ਸੀ.ਆਈ.ਏ. ਸਟਾਫ਼ ਦਾ ਆਪਸ ‘ਚ ਰਲੇਵਾਂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਜ਼ੁਰਮ ਨੂੰ ਲੱਭਣ ਦੇ ਕੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦਿਆਂ ਸੀ.ਆਈ.ਏ. ਸਟਾਫ਼ ਸਮਾਣਾ, ਨਾਭਾ ਅਤੇ ਰਾਜਪੁਰਾ ਨੂੰ ਸੀ.ਆਈ.ਏ. ਸਟਾਫ਼ ਪਟਿਆਲਾ ਦੇ ਨਾਲ ਮਿਲਾ ਕੇ ਜ਼ਿਲ੍ਹਾ ਮੁੱਖ ਦਫ਼ਤਰ ਵਿਖੇ ਇੱਕ ਹੀ ਸੀਆਈਏ ਸਟਾਫ਼ ਬਣਾ ਦਿੱਤਾ ਹੈ।
ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੇਕੰਮਕਾਜ ਵਿੱਚ ਹੋਰ ਤੇਜੀ ਤੇ ਪਾਰਦਰਸ਼ਤਾ ਲਿਆਉਣ ਲਈ ਸਮਾਣਾ, ਨਾਭਾ ਤੇ ਰਾਜਪੁਰਾ ਦੇ ਸੀ.ਆਈ.ਏ. ਸਟਾਫ਼ ਵਿਖੇ ਤਾਇਨਾਤ 33 ਕਰਮਚਾਰੀਆਂ ਦੀ ਬਦਲੀ ਵੀ ਪਟਿਆਲਾ ਹੈਡ ਕੁਆਰਟਰ ਸੀ.ਆਈ.ਏ ਵਿਖੇ ਕਰ ਦਿੱਤੀ ਗਈ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਸੀ.ਆਈ.ਏ. ਹੈਡ ਕੁਆਰਟਰ ਪਟਿਆਲਾ ਵਿਖੇ ਜ਼ੁਰਮਾਂ ਨੂੰ ਲੱਭਣ ਦੇ ਕੰਮ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਕਰਨ ਲਈ ਵੱਖੋ-ਵੱਖਰੇ ਮਾਮਲਿਆਂ ਦੇ ਹੱਲ ਲਈ 20 ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਇਹ ਟੀਮਾਂ ਜ਼ਿਲ੍ਹੇ ‘ਚ ਹੋਣ ਵਾਲੇ ਨਾਜਾਇਜ਼ ਕੰਮਾਂ ‘ਤੇ ਨਿਗ੍ਹਾ ਰੱਖਣਗੀਆਂ ਅਤੇ ਗ਼ੈਰ ਕਾਨੂੰਨੀ ਧੰਦਿਆਂ ‘ਚ ਲਿਪਟੇ ਮਾੜੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨਗੀਆਂ।
ਐਸ.ਐਸ.ਪੀ. ਨੇ ਦੱਸਿਆ ਕਿ ਜ਼ਿਲ੍ਹੇ ‘ਚ ਅਮਨ-ਕਾਨੂੰਨ ਦੀ ਵਿਵਸਥਾ, ਕੋਵਿਡ-19 ਡਿਊਟੀਆਂ ਅਤੇ ਜ਼ਿਲ੍ਹੇ ‘ਚ ਜ਼ੁਰਮਾਂ ਨੂੰ ਹੱਲ ਕਰਨ ਦੇ ਕੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਮੱਦੇਨਜ਼ਰ ਇਹ ਕਦਮ ਉਠਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹੇ ‘ਚ ਕਿਸੇ ਵੀ ਮਾੜੇ ਅਤੇ ਗੁੰਡਾ ਅਨਸਰਾਂ ਸਮੇਤ ਨਜਾਇਜ਼ ਕੰਮ ਕਰਨ ਵਾਲਿਆਂ ‘ਤੇ ਕਾਬੂ ਪਾਉਣ ਲਈ ਪਟਿਆਲਾ ਪੁਲਿਸ ਨਿਰੰਤਰ ਯਤਨਸ਼ੀਲ ਹੈ ਅਤੇ ਕੋਵਿਡ ਮਹਾਂਮਾਰੀ ਦੇ ਦੌਰਾਨ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ।