73 Patiala Families get Covid Pension

September 24, 2021 - PatialaPolitics

ਕੋਵਿਡ ਪੀੜਤ ਪਰਿਵਾਰਾਂ ਲਈ ਪੰਜਾਬ ਸਰਕਾਰ ਦੀ ਸਮਾਜਿਕ ਸੁਰੱਖਿਆ ਪੈਨਸ਼ਨ ਵੱਡਾ ਸਹਾਰਾ
-ਪਟਿਆਲਾ ਜ਼ਿਲ੍ਹੇ ‘ਚ ਹੁਣ ਤੱਕ 125 ਬੱਚਿਆਂ ਤੇ 73 ਪਰਿਵਾਰਾਂ ਨੂੰ ਲਗਾਈ ਕੋਵਿਡ ਪੀੜਤ ਪੈਨਸ਼ਨ
-ਕੋਵਿਡ ਪੀੜਤ ਵਿਧਵਾ ਤੇ ਆਸ਼ਰਿਤ ਬੱਚਿਆਂ ਨੇ ਪੰਜਾਬ ਸਰਕਾਰ ਵੱਲੋਂ ਬਾਂਹ ਫ਼ੜਨ ਲਈ ਕੀਤਾ ਧੰਨਵਾਦ
ਪਟਿਆਲਾ, 24 ਸਤੰਬਰ:
ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੋਂ ਪੀੜਤ ਪਰਿਵਾਰਾਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨ ਦਾ ਲਾਭ ਦੇਣ ਦੇ ਕੀਤੇ ਗਏ ਫੈਸਲੇ ਦਾ ਅਜਿਹੇ ਕੋਵਿਡ ਪੀੜਤ ਪਰਿਵਾਰਾਂ ਨੂੰ ਬਹੁਤ ਵੱਡਾ ਸਹਾਰਾ ਮਿਲ ਰਿਹਾ ਹੈ। ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਵਿਖੇ ਪੁੱਜੀ ਰਾਜਪੁਰਾ ਦੇ ਪਿੰਡ ਭੋਗਲਾਂ ਦੀ ਵਸਨੀਕ ਇੱਕ ਵਿਧਵਾ ਔਰਤ, ਜਿਸ ਦੇ ਪਤੀ ਤਰਸੇਮ ਸਿੰਘ ਦੀ ਕੇਵਲ 39 ਸਾਲਾਂ ਦੀ ਉਮਰ ‘ਚ ਹੀ ਕੋਵਿਡ ਮਹਾਂਮਾਰੀ ਦੀ ਲਪੇਟ ‘ਚ ਆਉਣ ਕਰਕੇ ਮੌਤ ਹੋ ਗਈ ਸੀ, ਨੂੰ ਪੰਜਾਬ ਸਰਕਾਰ ਵੱਲੋਂ ਵਿਧਵਾ ਪੈਨਸ਼ਨ ਅਤੇ ਉਸਦੇ ਦੋ ਬੱਚਿਆਂ ਨੂੰ ਆਸ਼ਰਿਤ ਪੈਨਸ਼ਨ ਦਾ ਤੁਰੰਤ ਲਾਭ ਦਿੱਤਾ ਗਿਆ।
ਇਸ ਮਹਿਲਾ ਅਤੇ ਇਸਦੇ ਬੱਚਿਆਂ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਦੀ ਦੁਖ ਦੀ ਘੜੀ ‘ਚ ਉਨ੍ਹਾਂ ਦੀ ਬਾਂਹ ਫੜਨ ਲਈ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਪਤੀ ਘਰ ‘ਚ ਇੱਕੋ-ਇੱਕ ਕਮਾਊ ਜੀ ਸੀ ਅਤੇ ਉਹ ਟਰੱਕ ‘ਤੇ ਡਰਾਇਵਰ ਸੀ ਪਰੰਤੂ ਕੋਵਿਡ ਕਰਕੇ 19 ਮਈ 2021 ਨੂੰ ਉਸਦਾ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਸੀ। ਹੁਣ ਪੰਜਾਬ ਸਰਕਾਰ ਨੇ ਉਸਨੂੰ 1500 ਦੀ ਵਿਧਵਾ ਪੈਨਸ਼ਨ ਅਤੇ ਉਸਦੇ ਦੋਵੇਂ ਬੱਚਿਆਂ ਨੂੰ ਵੀ 21 ਸਾਲ ਦੇ ਹੋਣ ਤੱਕ 1500-1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਗਾਈ ਹੈ, ਜਿਸ ਨਾਲ ਉਹ ਆਪਣੇ ਜਰੂਰੀ ਖ਼ਰਚੇ ਪੂਰੇ ਕਰਕੇ ਉਨ੍ਹਾਂ ਦੀ ਪੜ੍ਹਾਈ ਅੱਗੇ ਜਾਰੀ ਰੱਖ ਸਕੇਗੀ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ ਹੁਣ ਤੱਕ ਕੋਵਿਡ ਕਰਕੇ ਆਪਣੀ ਜਾਨ ਗਵਾਉਣ ਵਾਲੇ ਪਰਿਵਾਰਾਂ ਦੇ ਕਮਾਊ ਜੀਆਂ ਦੇ ਆਸ਼ਰਿਤ 125 ਬੱਚਿਆਂ ਅਤੇ 73 ਪਰਿਵਾਰਾਂ ਨੂੰ ਪੈਨਸ਼ਨ ਲਗਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ‘ਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅਜਿਹੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਦਾ ਲਾਭ ਪਹਿਲ ਦੇ ਅਧਾਰ ‘ਤੇ ਪ੍ਰਦਾਨ ਕੀਤਾ ਜਾਂਦਾ ਹੈ।
ਸ. ਟਿਵਾਣਾ ਨੇ ਦੱਸਿਆ ਕਿ ਅਜਿਹੇ ਪਰਿਵਾਰਾਂ ਨੂੰ ਮਹਾਤਮਾ ਗਾਂਧੀ ਸਰਬੱਤ ਸਿਹਤ ਬੀਮਾ ਯੋਜਨਾ ਸਮੇਤ ਸਮਾਰਟ ਰਾਸ਼ਨ ਕਾਰਡ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਕੋਵਿਡ ਪੀੜਤ ਆਸ਼ਰਿਤ ਬੱਚਿਆਂ ਨੂੰ ਸਕੂਲਾਂ ਵਿੱਚ ਮੁਫ਼ਤ ਸਿੱਖਿਆ, ਬਾਲ ਸਵਰਾਜ ਪੋਰਟਲ ਅਤੇ ਪੀ.ਐਮ. ਕੇਅਰ ਪਰਿਵਾਰ ਨਾਲ ਵੀ ਜੋੜਿਆ ਜਾਂਦਾ ਹੈ। ਉਨ੍ਹਾਂ ਹੋਰ ਕਿਹਾ ਕਿ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਅਜਿਹੇ ਬੱਚਿਆਂ ਦੀ ਬਿਹਤਰੀ ਲਈ ਵੀ ਯਤਨ ਕੀਤੇ ਜਾਂਦੇ ਹਨ। ਜਦੋਂਕਿ ਕੋਵਿਡ ਪੀੜਤ ਪਰਿਵਾਰਾਂ ਦੇ ਬੇਰੁਜ਼ਗਾਰ ਮੈਂਬਰਾਂ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਢੁਕਵਾਂ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾਂਦਾ ਹੈ।