Patiala:Fake sanitizer plant busted in Rajpura
December 17, 2020 - PatialaPolitics
-ਆਬਕਾਰੀ ਵਿਭਾਗ ਵੱਲੋਂ ਪੰਜਾਬ ਸਰਕਾਰ ਦੀ ਜੀਰੋ ਟਾਲਰੇਂਸ ਨੀਤੀ ਨੂੰ ਸਖ਼ਤੀ ਨਾਲ ਅਮਲੀ ਜਾਮਾ ਪਹਿਨਾਇਆ ਜਾਵੇਗਾ-ਰਜਤ ਅਗਰਵਾਲ
-ਅਜਿਹੇ ਕਾਰੋਬਾਰ ਕਰਨ ਵਾਲਾ ਬੇਸ਼ੱਕ ਲਾਇਸੰਸੀ, ਅਧਿਕਾਰੀ, ਕਰਮਚਾਰੀ ਜਾਂ ਕੋਈ ਹੋਰ ਵੀ ਹੋਵੇ, ਬਖ਼ਸ਼ਿਆ ਨਹੀਂ ਜਾਵੇਗਾ-ਅਗਰਵਾਲ
-ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਦੀ ਸੂਚਨਾ ਆਬਕਾਰੀ ਵਿਭਾਗ ਦੇ ਸ਼ਿਕਾਇਤ ਨੰਬਰ 98759-61126 ‘ਤੇ ਤੁਰੰਤ ਦੇਣ ਦੀ ਅਪੀਲ
ਰਾਜਪੁਰਾ, 17 ਦਸੰਬਰ:
ਆਬਕਾਰੀ ਵਿਭਾਗ, ਪੰਜਾਬ, ਪਟਿਆਲਾ ਪੁਲਿਸ, ਆਈ.ਆਰ.ਬੀ ਅਤੇ ਸਿਹਤ ਵਿਭਾਗ ਨੇ ਅੱਜ ਦੇਰ ਸ਼ਾਮ ਇੱਕ ਵੱਡੀ ਕਾਰਵਾਈ ਕਰਦਿਆਂ ਰਾਜਪੁਰਾ ਵਿਖੇ ਦੋ ਥਾਵਾਂ ‘ਤੇ ਛਾਪੇਮਾਰੀ ਕਰਕੇ ਅਲਕੋਹਲ ‘ਤੇ ਅਧਾਰਤ ਜਾਅਲੀ ਸੈਨੇਟਾਈਜ਼ਰ ਬਣਾਉਣ ਵਾਲੀ ਇੱਕ ਫੈਕਟਰੀ ਬੇਨਕਾਬ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਆਬਕਾਰੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਆਬਕਾਰੀ ਵਿਭਾਗ ਵੱਲੋਂ ਪੰਜਾਬ ਸਰਕਾਰ ਦੀ ਨਕਲੀ ਤੇ ਨਾਜਾਇਜ਼ ਸ਼ਰਾਬ, ਅਲਕੋਹਲ ‘ਤੇ ਅਧਾਰਤ ਨਾਜਾਇਜ਼ ਕਾਰੋਬਾਰ ਆਦਿ ਪ੍ਰਤੀ ਅਪਣਾਈ ‘ਜ਼ੀਰੋ ਟਾਲਰੇਂਸ’ ਦੀ ਨੀਤੀ ਨੂੰ ਸਖ਼ਤੀ ਨਾਲ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਆਬਕਾਰੀ ਵਿਭਾਗ, ਪੰਜਾਬ, ਸਥਾਨਕ ਪੁਲਿਸ, ਆਈ.ਆਰ.ਬੀ ਅਤੇ ਸਿਹਤ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਅਲਕੋਹਲ ‘ਤੇ ਅਧਾਰਤ ਜਾਅਲੀ ਸੈਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ਫੜੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚੋਂ 5-5 ਲਿਟਰ ਦੀਆਂ ਵੱਡੀਆਂ ਕੇਨੀਆਂ, ਬਣੇ ਹੋਏ ਸੈਨੇਟਾਈਜ਼ਰ ਨਾਲ ਭਰੀਆਂ 4000 ਬੋਤਲਾਂ, ਜਿਨ੍ਹਾਂ ‘ਤੇ ਈਥਾਈਲ ਅਲਕੋਹਲ ਲਿਖਿਆ ਹੋਇਆ ਸੀ, ਤੋਂ ਇਲਾਵਾ ਵੱਡੀ ਮਾਤਰਾ ‘ਚ ਖਾਲੀ ਬੋਤਲਾਂ, ਢੱਕਣ, ਲੇਬਲ, ਜਿਨ੍ਹਾਂ ‘ਚ ਜਗਤਜੀਤ ਇੰਡਸਟਰੀ ਹਮੀਰਾ ਦੇ ਲੇਬਲ ਸ਼ਾਮਲ ਹਨ ਵੀ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਇੱਕ 35 ਲਿਟਰ ਦੇ ਕਰੀਬ ਸਪਿਰਟ ਵਰਗਾ ਤਰਲ ਪਦਾਰਥ ਅਤੇ ਸੈਨੇਟਾਈਜ਼ਰ ਪ੍ਰੈਸ਼ਰ ਪੰਪ ਵੀ ਮਿਲੇ ਹਨ।
ਸ੍ਰੀ ਰਜਤ ਅਗਰਵਾਲ ਨੇ ਪੰਜਾਬ ਦੇ ਲੋਕਾਂ ਨੂੰ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਜਾਂ ਅਲਕੋਹਲ ‘ਤੇ ਅਧਾਰਤ ਅਜਿਹੇ ਕਿਸੇ ਵੀ ਕਾਰੋਬਾਰ ਦੀ ਸੂਚਨਾ ਆਬਕਾਰੀ ਵਿਭਾਗ ਦੇ ਸ਼ਿਕਾਇਤ ਨੰਬਰ 98759-61126 ‘ਤੇ ਤੁਰੰਤ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਕਾਰੋਬਾਰ ਕਰਨ ਵਾਲਾ ਬੇਸ਼ੱਕ ਕੋਈ ਆਬਕਾਰੀ ਵਿਭਾਗ ਦਾ ਲਾਇਸੰਸੀ ਹੋਵੇ, ਅਧਿਕਾਰੀ ਜਾਂ ਕਰਮਚਾਰੀ ਜਾਂ ਕੋਈ ਹੋਰ ਅਸਰ ਰਸੂਖ ਰੱਖਣ ਵਾਲਾ ਵਿਅਕਤੀ, ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਉਪਰੇਸ਼ਨ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਆਬਕਾਰੀ ਸੰਯੁਕਤ ਕਮਿਸ਼ਨਰ ਆਬਕਾਰੀ ਪੰਜਾਬ ਨਰੇਸ਼ ਦੂਬੇ ਨੇ ਦੱਸਿਆ ਕਿ ਰਾਜਪੁਰਾ ਦੇ ਫੋਕਲ ਪੁਆਇੰਟ ਅਤੇ ਐਸ.ਬੀ.ਐਸ. ਨਗਰ ਵਿਖੇ ਇੱਕ ਘਰ ‘ਚ ਗੁਪਤ ਸੂਚਨਾ ਦੇ ਅਧਾਰ ‘ਤੇ ਛਾਪੇਮਾਰੀ ਕਰਕੇ ਇਸ ਅਲਕੋਹਲ ‘ਤੇ ਅਧਾਰਤ ਸੈਨੇਟਾਈਜ਼ਰ ਬਣਾਉਣ ਵਾਲੀ ਜਾਅਲੀ ਅਤੇ ਬਿਨ੍ਹਾਂ ਲਾਇਸੰਸੀ ਫੈਕਟਰੀ ਨੂੰ ਬੇਨਕਾਬ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਫੈਕਟਰੀ ਵਾਲੇ ਕੋਲ ਵਿਭਾਗ ਦਾ ਐਲ 42-ਬੀ ਲਾਇਸੰਸ ਵੀ ਨਹੀਂ ਸੀ ਤੇ ਨਾ ਹੀ ਸਿਹਤ ਵਿਭਾਗ ਵੱਲੋਂ ਡਰੱਗ ਸਬੰਧੀ ਲਾਇਸੰਸ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਮਨ ਸੱਗੀ ਨਾਮ ਦੇ ਵਿਅਕਤੀ ਦਾ ਨਾਮ ਸਾਹਮਣੇ ਆਇਆ ਹੈ, ਜਿਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਘਰ ਵਿੱਚੋਂ ਬਣਿਆ ਜਾਅਲੀ ਸੈਨੇਟਾਈਜ਼ਰ ਵੱਡੀ ਮਾਤਰਾ ‘ਚ ਬਰਾਮਦ ਹੋਇਆ ਹੈ।
ਸ੍ਰੀ ਦੂਬੇ ਨੇ ਦੱਸਿਆ ਕਿ ਆਬਕਾਰੀ ਵਿਭਾਗ ਵੱਲੋਂ ਇਸ ਮਾਮਲੇ ਸਬੰਧੀ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਜਾ ਰਿਹਾ ਹੈ ਜਦੋਂਕਿ ਬਰਾਮਦ ਕੀਤੇ ਗਏ ਤਰਲ ਪਦਾਰਥ ਦੇ ਸੈਂਪਲ ਭਰੇ ਗਏ ਹਨ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਫੜਿਆ ਗਿਆ ਸੈਨੇਟਾਈਜ਼ਰ ਈਥਾਈਲ ਅਲਕੋਹਲ ‘ਤੇ ਅਧਾਰਤ ਹੈ ਜਾਂ ਮਿਥਾਈਲ ਅਲਕੋਹਲ ‘ਤੇ ਅਧਾਰਤ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਈ.ਟੀ.ਓ ਮੇਜਰ ਮਨਮੋਹਨ ਸਿੰਘ, ਈ.ਟੀ.ਓ. ਹਰਜੋਤ ਸਿੰਘ, ਡਰੱਗ ਇੰਸਪੈਕਟਰ, ਪੁਲਿਸ ਅਧਿਕਾਰੀ ਅਤੇ ਹੋਰ ਵਿਭਾਗੀ ਅਧਿਕਾਰੀ ਮੌਜੂਦ ਸਨ।