Curfew:New Orders by Patiala DC 1 Jan 2021

January 2, 2021 - PatialaPolitics

ਕੋਵਿਡ-19 ਕਰਕੇ ਲਾਗੂ ਰਾਤ ਦਾ ਕਰਫਿਊ ਹਟਾਇਆ
-ਹੋਟਲ, ਰੈਸਟੋਰੈਂਟਸ, ਮੈਰਿਜ ਪੈਲੇਸ ਬੰਦ ਕਰਨ ਦੀ ਸਮਾਂ ਸੀਮਾ ਰਾਤ 9.30 ਵੀ ਹਟਾਈ
-ਇਨਡੋਰ ਤੇ ਆਊਟਡੋਰ ਇਕੱਠਾਂ ਦੀ ਗਿਣਤੀ ਕ੍ਰਮਵਾਰ 200 ਤੋਂ 500 ਤੱਕ ਰੱਖਣ ਦੇ ਹੁਕਮ
ਪਟਿਆਲਾ, 1 ਜਨਵਰੀ:
ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਕੋਵਿਡ-19 ਕਰਕੇ ਲਾਗੂ ਰਾਤ ਦੇ ਕਰਫਿਊ ਦੇ ਹੁਕਮਾਂ ਅਤੇ ਸਮਾਜਿਕ ਇਕੱਠਾਂ ‘ਤੇ ਲਾਗੂ ਵਾਧੂ ਬੰਦਿਸ਼ਾਂ ਦੇ ਹੁਕਮਾਂ ਵਿੱਚ ਸੋਧ ਕਰਦਿਆਂ ਰਾਤ (10 ਵਜੇ ਤੋਂ ਸਵੇਰੇ 5 ਵਜੇ ਤੱਕ) ਦਾ ਕਰਫਿਊ ਹਟਾ ਦਿੱਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਵਧੀਕ ਮੁੱਖ ਸਕੱਤਰ, ਗ੍ਰਹਿ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵੱਲੋਂ 29 ਦਸੰਬਰ ਨੂੰ ਦਿੱਤੇ ਨਿਰਦੇਸ਼ਾਂ ਤਹਿਤ ਲਾਗੂ ਕੀਤੇ ਹਨ, ਜਿਨ੍ਹਾਂ ਮੁਤਾਬਕ, 1 ਜਨਵਰੀ ਤੋਂ ਸਮਾਜਿਕ ਇਕੱਠਾਂ, ਜਿਨ੍ਹਾਂ ‘ਚ ਇਨਡੋਰ ਅਤੇ ਆਊਟਡੋਰ ਸ਼ਾਮਲ ਹਨ, ਦੀ ਗਿਣਤੀ ਹੁਣ ਕ੍ਰਮਵਾਰ 100 ਤੋਂ 200 ਅਤੇ 250 ਤੋਂ 500 ਤੱਕ ਵਧਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਹੋਟਲ, ਰੈਸਟੋਰੈਂਟਸ, ਮੈਰਿਜ ਪੈਲੇਸ ਆਦਿ ਨੂੰ ਰਾਤ 9.30 ਵਜੇ ਬੰਦ ਕਰਨ ਦੀ ਪਾਬੰਦੀ ਵੀ ਹਟਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਲਾਗੂ ਬੰਦਿਸ਼ਾਂ ਤੇ ਹਦਾਇਤਾਂ ਦੀ ਪਾਲਣਾਂ ਯਕੀਨੀ ਬਣਾਏ ਜਾਣ ਦੀ ਲੋੜ ਹੈ, ਜਿਨ੍ਹਾਂ ‘ਚ ਮਾਸਕ ਪਹਿਨਣ ਅਤੇ ਜਨਤਕ ਥਾਵਾਂ ‘ਤੇ ਥੁੱਕਣ ਦੀ ਮਨਾਹੀ ਅਤੇ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣੀ ਲਾਜਮੀ ਹੈ। ਉਲੰਘਣਾ ਕਰਨ ਵਾਲਿਆਂ ਵਿਰੁੱਧ ਆਫ਼ਤ ਪ੍ਰਬੰਧਨ ਐਕਟ 2005 ਦੀਆਂ ਧਾਰਾਵਾਂ 51 ਤੇ 60 ਅਤੇ ਆਈ.ਪੀ.ਸੀ. 1860 ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਵਿਰੁੱਧ ਜੰਗ ਨੂੰ ਜਿੱਤਣ ਲਈ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ) ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।