Agricultural experts visit Dana Mandi to check moisture in wheat

April 26, 2021 - PatialaPolitics


ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਪਠਾਨਕੋਟ

——ਖੇਤੀ ਮਾਹਿਰ ਵੱਲੋਂ ਦਾਣਾ ਮੰਡੀਆਂ ਦਾ ਦੋਰਾ ਕਰਕੇ ਕਣਕ ਵਿੱਚਲੀ ਨਮੀ ਦੀ ਕੀਤੀ ਜਾਂਚ
—–ਕਿਸ਼ਾਨਾਂ ਨੂੰ ਕੀਤੀ ਅਪੀਲ ਕਣਕ ਵਿੱਚ ਨਮੀ ਦੀ ਨਿਰਧਾਰਤ ਮਾਤਰਾ ਹੋਣ ਤੇ ਹੀ ਕੀਤੀ ਜਾਵੇ ਫਸ਼ਲ ਦੀ ਕਟਾਈ

ਪਠਾਨਕੋਟ: 26 ਅਪ੍ਰੈਲ 2021:–ਪਿਛਲੇ ਦਿਨ੍ਹਾਂ ਦੋਰਾਨ ਹੋਈ ਬੇਮੌਸਮੀ ਬਰਸਾਤ ਕਾਰਨ ਮੰਡੀਆਂ ਵਿੱਚ ਪਹੁੰਚਣ ਵਾਲੀ ਕਣਕ ਵਿੱਚ ਨਮੀ ਦੀ ਮਾਤਰਾ 13-14 ਪ੍ਰਤੀਸ਼ਤ ਆ ਰਹੀ ਹੈ, ਜਦਕਿ ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਦੀਆਂ ਸਾਰੀਆਂ ਕਿਸਮਾਂ ਵਿੱਚ ਖ੍ਰੀਦ ਸਮੇਂ ਨਮੀ ਦੀ ਮਾਤਰਾ 12 ਫੀਸਦੀ ਨਿਰਧਾਰਤ ਕੀਤੀ ਗਈ ਹੈ, ਇਸ ਲਈ ਕਿਸਾਨਾਂ ਨੂੰ ਅਪੀਲ ਹੈ ਕਿ ਕਣਕ ਦੀ ਕਟਾਈ ਫਸਲ ਦੇ ਪੂਰੀ ਤਰਾਂ ਪੱਕਣ ਤੇ ਹੀ ਕਰਨ ਜੇਕਰ ਫਸਲ ਵਿੱਚ ਨਮੀ ਹੋਵੇਗੀ ਤਾਂ ਉਪਜ ਦੇ ਮਿਆਰੀਪਣ ਤੇ ਅਸਰ ਪੈਂਦਾ ਹੈ। ਇਹ ਪ੍ਰਗਟਾਵਾ ਡਾ. ਅਮਰੀਕ ਸਿੰਘ ਖੇਤੀ ਬਾੜੀ ਅਫਸ਼ਰ ਪਠਾਨਕੋਟ ਨੇ ਕੀਤਾ। ਉਨ੍ਹਾਂ ਅੱਜ ਮੰਡੀਆਂ ਦਾ ਦੋਰਾ ਕਰਕੇ ਮੰਡੀਆਂ ਵਿੱਚ ਆਈ ਕਣਕ ਦੀ ਨਮੀ ਦੀ ਜਾਂਚ ਕੀਤੀ।
ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਵੱਧ ਨਮੀ ਵਾਲੀ ਕਣਕ ਨੂੰ ਸੁਕਾਉਣ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਇਸ ਲਈ ਕਣਕ ਦੀ ਫਸਲ ਨੂੰ ਪੂਰੀ ਤਰਾਂ ਸੁੱਕੀ ਹੋਣ ਤੇ ਹੀ ਕਟਾਈ ਕੀਤੀ ਜਾਵੇ ਅਤੇ ਕਾਹਲ ਨਾਂ ਕੀਤੀ ਜਾਵੇ। ਵੱਧ ਨਮੀ ਵਾਲੇ ਜਿਨਸ ਮੰਡੀ ਵਿੱਚ ਲਿਆਉਣ ਨਾਲ ਖ੍ਰੀਦ ਏਜੰਸੀਆਂ,ਆੜਤੀ ਅਤੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਪਜ ਨੂੰ ਪੂਰੀ ਤਰਾਂ ਸੁਕਾ ਕੇ ਮੰਡੀ ਵਿੱਚ ਲਿਜਾਇਆ ਜਾਵੇ ਤਾਂ ਜੋ ਖੱਜਲ ਖਰਾਬੀ ਤੋਂ ਬਚਿਆ ਜਾ ਸਕੇ। ਜੇਕਰ ਦਾਣੇ ਦੰਦਾਂ ਨਾਲ ਦਬਾਉਣ ਤੇ ਕੜੱਕ ਕਰਕੇ ਟੁੱਟਣ ਤਾਂ ਸਮਝੋ ਨਮੀਂ ਦੀ ਮਾਤਰਾ ਪੂਰੀ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹੋਰ ਸੁਕਾਉਣ ਦੀ ਜ਼ਰੂਰਤ ਹੈ, ਇਸ ਲਈ ਜ਼ਰੂਰੀ ਹੈ ਫਸਲ ਚੰਗੀ ਤਰਾਂ ਪੱਕਣ ਤੇ ਹੀ ਕਟਾਈ ਕੀਤੀ ਜਾਵੇ। ਕਣਕ ਦੀ ਭਰਾਈ ਆਮ ਕਰਕੇ 30 ਕਿਲੋ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਅਦਾਇਗੀਯੋਗ ਖਰਚਿਆਂ ਦੀ ਕਟੌਤੀ ਦਾ ਪੂਰਾ ਗਿਆਨ ਹੋਣਾ ਚਾਹੀਦਾ। ਕਿਸਾਨ ਨੇ ਮੰਡੀ ਵਿੱਚ ਸਫਾਈ ਅਤੇ ਉਤਰਾਈ ਦਾ ਹੀ ਖਰਚਾ ਦੇਣਾ ਹੁੰਦਾ। 30 ਕਿਲੋ ਦੀ ਭਰਤੀ ਤੇ ਉਤਰਾਈ 1.32/-,ਸਫਾਈ ਪਾਵਰ ਕਲੀਨਰ ਨਾਲ 2.32/-,ਤੁਲਾਈ ਅਤੇ ਕੁੱਲ 3.64 / ਪ੍ਰਤੀ ਬੋਰੀ ਕਿਸਾਨ ਨੇ ਦੇਣੇ ਹਨ । 50 ਕਿਲੋ ਦੀ ਭਰਤੀ ਤੇ ਉਤਰਾਈ 2.17/-,ਸਫਾਈ ਪਾਵਰ ਕਲੀਨਰ ਨਾਲ 3.89/-, ਕੁੱਲ 6.06/ ਪ੍ਰਤੀ ਬੋਰੀ ਕਿਸਾਨ ਨੇ ਦੇਣੇ ਹਨ । 30 ਕਿਲੋ ਭਰਤੀ ਵਾਲੀ ਖਾਲੀ ਬੋਰੀ(ਪਲਾਸਟਿਕ) ਦਾ ਭਾਰ 100 ਗ੍ਰਾਮ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਨੂੰ ਜਿਣਸ ਦੀ ਬੋਲੀ ਮੌਕੇ ਹਮੇਸ਼ਾਂ ਢੇਰੀ ਦੇ ਕੋਲ ਰਹਿਣਾ ਚਾਹੀਦਾ ਤਾਂ ਜੋ ਢੇਰੀ ਦੇ ਲੱਗੇ ਭਾਅ ਦਾ ਪਤਾ ਲੱਗ ਸਕੇ। ਜੇਕਰ ਕਿਸਾਨ ਨੂੰ ਲੱਗੇ ਕਿ ਭਾਅ ਘੱਟ ਲੱਗਾ ਹੈ ਤਾਂ ਉਹ ਵੇਚਣ ਤੋਂ ਇਨਕਾਰ ਵੀ ਕਰ ਸਕਦਾ ਹੈ । ਬਿਜਲੀ ਨਾਲ ਚੱਲਣ ਵਾਲੇ ਪੱਖੇ ਨਾਲ ਵੀ ਸਫਾਈ ਕੀਤੀ ਜਾ ਸਕਦੀ ਹੈ। ਵੱਖ-ਵੱਖ ਕਿਸਮਾਂ ਦੀ ਕਟਾਈ ਹਮੇਸ਼ਾਂ ਵੱਖ ਵੱਖ ਹੀ ਕਰਨੀ ਚਾਹੀਦੀ ਹੈ। ਕਣਕ ਦੀ ਕਟਾਈ ਸਵੇਰੇ 10 ਵਜੇ ਤੋਂ ਬਾਅਦ ਅਤੇ ਸ਼ਾਮ 7 ਵਜੇ ਤੋਂ ਪਹਿਲਾਂ ਹੀ ਕਰੋ। ਫਸਲ ਦੀ ਵਿਕਰੀ ਉਪਰੰਤ ਪੱਕੀ ਪਰਚੀ ਭਾਵ “ਜੇ” ਫਾਰਮ ਜ਼ਰੂਰ ਲੈਣੀ ਚਾਹੀਦੀ ਹੈ।ਜੇਕਰ ਆੜਤੀ “ਜੇ”ੇ ਫਾਰਮ ਦੇਣ ਤੋਂ ਇਨਕਾਰੀ ਹੁੰਦਾ ਹੈ ਜਾਂ ਕੱਚੀ ਪਰਚੀ ਦਿੰਦਾ ਹੈ ਤਾਂ ਕਿਸਾਨ ਜ਼ਿਲਾ ਮੰਡੀ ਅਫਸਰ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਕਰ ਸਕਦਾ ਹੈ।ਕਈ ਵਾਰ ਦੇਖਿਆ ਗਿਆ ਹੈ ਕਿ ਕਈ ਆੜਤੀਆਂ ਨੇ ਜਾਅਲੀ “ਜੇ” ਫਾਰਮ ਛਪਵਾਏ ਹੁੰਦੇ ਹਨ,ਜਿਸ ਤੋਂ ਸੁਚੇਤ ਰਹਿਣਾ ਚਾਹੀਦਾ।ਅਸਲੀ “ਜੇ” ਫਾਰਮ ਉਪਰ ਸਕੱਤਰ ਮਾਰਕੀਟ ਕਮੇਟੀ ਦੀ ਮੋਹਰ ਲੱਗੀ ਹੁੰਦੀ ਹੈ ਅਤੇ ਤਸਦੀਕ ਕੀਤਾ ਹੁੰਦਾ ਹੈ।
ਕਿਸਾਨ ਨੂੰ ਆਪਣੀ ਜਿਨਸ ਦੀ ਤੁਲਾਈ ਆਪਣੀ ਨਿਗਰਾਨੀ ਹੇਠ ਕਰਵਾਉਣੀ ਚਾਹੀਦੀ ਹੈ,ਜੇਕਰ ਕਿਸਾਨ ਨੂੰ ਲੱਗੇ ਕਿ ਤੁਲਾਈ ਵੱਧ ਹੋ ਰਹੀ ਹੈ ਤਾਂ ਉਹ ਆਪਣੀ ਤੋਲੀ ਜਿਨਸ ਦੀ 10 ਫੀਸਦੀ ਦੀ ਤੁਲਾਈ ਬਿਨਾਂ ਕਿਸੇੇ ਫੀਸ ਤੋਂ ‘ਪਰਖ ਤੁਲਾਈ’ ਕਰਵਾ ਸਕਦਾ ਹੈ। ਇਹ ਤੁਲਵਾਈ ਮਾਰਕੀਟ ਕਮੇਟੀ ਦੇ ਕਰਮਚਾਰੀ ਜਾਂ ਖੇਤੀਬਾੜੀ ਵਿਭਾਗ ਦੇ ਮੰਡੀਕਰਨ ਸ਼ਾਖਾ ਦੇ ਖੇਤੀਬਾੜੀ ਵਿਕਾਸ ਅਫਸਰ ਜਾਂ ਸਹਾਇਕ ਮੰਡੀਕਰਨ ਅਫਸਰ ਦੀ ਹਾਜ਼ਰੀ ਵਿੱਚ ਹੋਣੀ ਜ਼ਰੂਰੀ ਹੈ। ਜੇਕਰ ਤੁਲਾਈ ਵੱਧ ਨਿਕਲਦੀ ਹੈ ਤਾਂ ਵਾਧੂ ਤੋਲੀ ਜਿਨਸ ਦੀ ਕੀਮਤ ਲੈਣ ਦਾ ਕਿਸਾਨ ਹੱਕਦਾਰ ਹੁੰਦਾ ਹੈ ਅਤੇ ਪੱਲੇਦਾਰ ਦਾ ਲਾਇਸੈਂਸ ਵੀ ਰੱਦ ਅਤੇ ਜ਼ੁਰਮਾਨਾ ਵੀ ਹੋ ਸਕਦਾ ਹੈ। ਸਾਲ 2021-22 ਦੌਰਾਨ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 1975/- ਰੁਪਏ ਪ੍ਰਤੀ ਕੁਇੰਟਲ ਨਿਸ਼ਚਤ ਕੀਤਾ ਗਿਆ ਹੈ। ਜੇਕਰ ਉਪਰੋਕਤ ਗੱਲਾਂ ਦਾ ਕਿਸਾਨ ਵੀਰ ਧਿਆਨ ਰੱਖਣ ਤਾਂ ਨਿਸ਼ਚਤ ਤੌਰ ਤੇ ਆਪਣੀ ਜਿਨਸ ਦਾ ਉਚਿਤ ਭਾਅ ਪਾ ਸਕਦੇ ਹਨ ਅਤੇ ਮੁਸ਼ਕਲਾਂ ਤੋਂ ਬਚ ਸਕਦੇ ਹਨ।