Patiala residents to get canal based drinking water

May 17, 2021 - PatialaPolitics

ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਲੋਕ ਸਭਾ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਸ਼ਹਿਰ ਦੀ ਭਵਿਖੀ ਜੀਵਨ ਰੇਖਾ ਮੰਨੇ ਜਾਂਦੇ ਨਹਿਰੀ ਪਾਣੀ ‘ਤੇ ਅਧਾਰਤ 503 ਕਰੋੜ ਰੁਪਏ ਦੇ ਪ੍ਰਾਜੈਕਟ ਲਈ 114 ਐਮ.ਐਲ.ਡੀ. ਵਾਲੇ ਜਲ ਸੋਧਕ ਪਲਾਂਟ ਦੀ ਉਸਾਰੀ ਦੀ ਅਬਲੋਵਾਲ ਵਿਖੇ ਰਸਮੀ ਸ਼ੁਰੂਆਤ ਕਰਵਾਈ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ। ਇਸ ਨਹਿਰੀ ਪਾਣੀ ‘ਤੇ ਅਧਾਰਤ ਜਲ ਸਪਲਾਈ ਯੋਜਨਾ ਤਹਿਤ ਸ਼ੁੱਧੀਕਰਨ ਪਲਾਂਟ, ਜ਼ਮੀਨਦੋਜ਼ ਸਰਵਿਸ ਜਲ ਭੰਡਾਰਨ ਸਮੇਤ ਪਾਣੀ ਦੀਆਂ ਟੈਂਕੀਆਂ ਦੀ ਉਸਾਰੀ ਸਮੇਤ ਪਾਣੀ ਦੀ ਪੂਰਤੀ ਲਈ ਨਵੀਆਂ ਲਾਇਨਾਂ ਵਿਛਾਏ ਜਾਣ ਦਾ ਕੰਮ ਕੀਤਾ ਜਾਵੇਗਾ।
ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਾਸੀਆਂ ਨੂੰ ਦਰਪੇਸ਼ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕਰਨ ਲਈ ਦਿੱਤੇ ਗਏ ਇਸ ਬਹੁ ਕਰੋੜੀ ਨਿਰਮਲ ਜਲ ਦੇ ਪ੍ਰਾਜੈਕਟ ਦੇ ਦੂਰਰਸੀ ਸਿੱਟੇ ਨਿਕਲਣਗੇ, ਜਿਸ ਲਈ ਸ਼ਹਿਰ ਵਾਸੀ ਵਧਾਈ ਦੇ ਪਾਤਰ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ 5 ਲੱਖ ਦੇ ਲਗਪਗ ਆਬਾਦੀ ਨੂੰ ਇਸ ਪ੍ਰਾਜੈਕਟ ਰਾਹੀਂ 24 ਘੰਟੇ ਨਿਰਵਿਘਨ ਨਿਰਮਲ ਜਲ ਮਿਲੇਗਾ। ਇਸ ਅਹਿਮ ਪ੍ਰਾਜੈਕਟ ਦੇ ਕੰਮ ਨੂੰ ਪੰਜਾਬ ਦੇ ਜਲ ਸਪਲਾਈ ਤੇ ਸੀਵਰੇਜ ਬੋਰਡ ਅਤੇ ਲਾਰਸਨ ਐਂਡ ਟੂਬਰੋ ਕੰਪਨੀ ਵੱਲੋਂ ਮਿੱਥੇ ਸਮੇਂ ‘ਚ ਪੂਰਾ ਕੀਤਾ ਜਾਵੇਗਾ।
ਸੰਸਦ ਮੈਂਬਰ ਨੇ ਦੱਸਿਆ ਕਿ ਇਹ ਪੂਰਾ ਪ੍ਰਾਜੈਕਟ ਸ਼ਹਿਰ ਵਾਸੀਆਂ ਲਈ ਅਗਲੇ 30 ਸਾਲਾਂ ਦੀਆਂ ਜਲ ਲੋੜਾਂ ਨੂੰ ਮੁੱਖ ਰੱਖਕੇ ਬਣਾਇਆ ਗਿਆ ਹੈ। ਭਾਖੜਾ ਨਹਿਰ ਤੋਂ ਪਾਣੀ ਲੈਣ ਦੇ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਲਈ ਅਕਤੂਬਰ 2020 ‘ਚ ਟੈਂਡਰ ਪ੍ਰਕ੍ਰਿਆ ਮੁਕੰਮਲ ਹੋਈ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਇਸ ਸਮੇਂ 134 ਜਮੀਨਦੋਜ਼ ਬੋਰ ਚੱਲ ਰਹੇ ਹਨ ਪਰੰਤੂ ਹਰ ਵਰ੍ਹੇ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਹੁੰਦੇ ਜਾਣ ਕਰਕੇ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਦਿਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ੍ਰੀਮਤੀ ਪ੍ਰਨੀਤ ਕੌਰ ਨੇ ਹੋਰ ਦੱਸਿਆ ਕਿ ਕੇਂਦਰ ਸਰਕਾਰ ਦੀ ਅੰਮਰੁਤ ਸਕੀਮ ਤਹਿਤ ਪੰਜਾਬ ਸਰਕਾਰ ਦੇ ਹਿੱਸੇ ਵਾਲੇ ਇਸ ਅਹਿਮ ਪ੍ਰਾਜੈਕਟ ਤਹਿਤ 236 ਮਿਲੀਅਨ ਲਿਟਰ ਪਾਣੀ ਨੂੰ ਸੰਭਾਲਣ ਲਈ ਜਮੀਨਦੋਜ਼ ਜਲ ਭੰਡਾਰਨ, 114 ਮਿਲੀਅਨ ਲਿਟਰ ਪ੍ਰਤੀ ਦਿਨ ਦੀ ਸਮਰੱਥਾ ਵਾਲਾ ਜਲ ਸ਼ੁੱਧੀਕਰਨ ਪਲਾਂਟ, 17.25 ਮਿਲੀਅਨ ਲਿਟਰ ਸਾਫ਼ ਪਾਣੀ ਵਾਲਾ ਜਲ ਭੰਡਾਰਨ, ਸ਼ਹਿਰ ‘ਚ 312 ਕਿਲੋਮੀਟਰ ਨਵੀਆਂ ਪਾਇਪ ਲਾਈਨਾਂ ਪਾਉਣ ਸਮੇਤ 12 ਟੈਂਕੀਆਂ ਅਤੇ 16 ਜਮੀਨ ਦੋਜ਼ ਟੈਂਕੀਆਂ ਵੀ ਬਣਗੀਆਂ।
ਇਸ ਦੌਰਾਨ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਾਜੈਕਟ ਹੈ, ਜਿਹੜਾ ਕਿ ਮੁੱਖ ਮੰਤਰੀ ਨੇ ਤੋਹਫ਼ੇ ਵਜੋਂ ਪਟਿਆਲਾ ਵਾਸੀਆਂ ਨੂੰ ਦਿੱਤਾ ਹੈ।
ਮੇੇਅਰ ਸੰਜੀਵ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਿਹਤ ਸੰਭਾਲ ਨਾਲ ਸਿੱਧੇ ਤੌਰ ‘ਤੇ ਜੁੜੇ ਇਸ ਪ੍ਰਾਜੈਕਟ ਜਰੀਏ ਨਹਿਰੀ ਪਾਣੀ ਦੀ ਸਿੱਧੀ ਸਪਲਾਈ ਮਿਲਣ ਕਰਕੇ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਨਿਜਾਤ ਮਿਲੇਗੀ। ਇਸ ਮੌਕੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਰਾਜੀਵ ਕਪੂਰ ਅਤੇ ਲਾਰਸਨ ਐਂਡ ਟੂਬਰੋ ਕੰਪਨੀ ਦੇ ਪ੍ਰਾਜੈਕਟ ਮੈਨੇਜਰ ਸੁਖਦੇਵ ਝਾਅ ਨੇ ਪ੍ਰਾਜੈਕਟ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ।
ਸਮਾਰੋਹ ਮੌਕੇ ਮੁੱਖ ਮੰਤਰੀ ਤੇ ਸ੍ਰੀਮਤੀ ਪ੍ਰਨੀਤ ਕੌਰ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ, ਪੀ.ਆਰ.ਟੀ.ਸੀ. ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਰਾਜ ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਵੇਦ ਕਪੂਰ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸੰਤ ਬਾਂਗਾ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਸੋਨੂੰ ਸੰਗਰ, ਬਲਾਕ ਪ੍ਰਧਾਨ ਨਰੇਸ਼ ਦੁੱਗਲ, ਕੌਂਸਲਰ ਵਾਰਡ ਨੰਬਰ 1 ਪ੍ਰਨੀਤ ਕੌਰ, ਸਾਬਕਾ ਸਰਪੰਚ ਬਲਜਿੰਦਰ ਸਿੰਘ, ਕੌਂਸਲਰ ਵਾਰਡ ਨੰਬਰ 60 ਸੁਖਵਿੰਦਰ ਸੋਨੂੰ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ, ਚੰਦਰ ਜੋਤੀ ਆਈ.ਏ.ਐਸ. ਸਿਖਲਾਈ ਅਧੀਨ ਸਹਾਇਕ ਕਮਿਸ਼ਨਰ, ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਸ਼ਾਮ ਲਾਲ ਗੁਪਤਾ, ਜਲ ਸਪਲਾਈ ਬੋਰਡ ਦੇ ਐਸ.ਡੀ.ਓ. ਸੰਜੇ ਜਿੰਦਲ ਅਤੇ ਹੋਰ ਅਧਿਕਾਰੀ ਮੌਜੂਦ ਸਨ।