Advice if you are going to Shimla in Winters 2017

December 12, 2017 - PatialaPolitics


ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਰੋਹਨ ਚੰਦ ਠਾਕੁਰ ਵੱਲੋਂ ਪ੍ਰਾਪਤ ਹੋਈ ਸੂਚਨਾ ‘ਤੇ ਕਾਰਵਾਈ ਕਰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ -ਕਮ-ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਕੁਮਾਰ ਅਮਿਤ ਨੇ ਸ਼ਿਮਲਾ ਜਾਣ ਵਾਲਿਆਂ ਲਈ ਅਡਵਾਈਜ਼ਰੀ ਜਾਰੀ ਕੀਤੀ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਸ਼ਿਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ -ਕਮ-ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਸਰਦੀ ਰੁੱਤ ਵਿੱਚ ਸ਼ਿਮਲਾ ਵਿਖੇ ਮੌਸਮ ਖਰਾਬ ਹੋਣ ਕਰਕੇ ਟਰੈਫਿਕ, ਐਕਸੀਡੈਂਟ, ਸਿਹਤ ਸਬੰਧੀ ਸਮੱਸਿਆ ਅਤੇ ਬਿਜਲੀ ਪਾਣੀ ਦੀ ਸਮੱਸਿਆ ਆਉਂਦੀ ਹੈ। ਇਸ ਕਰਕੇ ਸ਼ਿਮਲਾ ਜਾਣ ਵਾਲੇ ਲੋਕੀਂ ਕੁਝ ਵਿਸ਼ੇਸ਼ ਹਦਾਇਤਾਂ ਦਾ ਜ਼ਰੂਰ ਪਾਲਣ ਕਰਨ। ਅਕਸਰ ਦੇਖਿਆ ਜਾਂਦਾ ਹੈ ਕਿ ਬਰਫ ਪੈਣ ਦੀ  ਖ਼ਬਰ ਆਉਣ ਸਾਰ ਹੀ ਲੋਕੀਂ ਸ਼ਿਮਲਾ ਵੱਲ ਤੁਰ ਪੈਂਦੇ ਹਨ। ਜਦ ਕਿ ਬਰਫ਼ ਪੈਣ ਦੇ ਸ਼ੁਰੂ ਦੇ ਕੁਝ ਘੰਟਿਆਂ ‘ਚ ਵਾਹਨ ਚਲਾਉਣ ਲਈ ਮਾਹਿਰ ਡਰਾਈਵਰ ਦੀ ਲੋੜ ਹੁੰਦੀ ਹੈ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਟੂਰਿਸਟ ਬਰਫ ਪੈਣ ‘ਤੇ ਟਰੈਫਿਕ ਦੀਆਂ ਦਿੱਕਤਾਂ ਨੂੰ ਸਮਝ ਕੇ ਜਾਣ ਅਤੇ ਹੋਟਲਾਂ ਦੀ ਬੁਕਿੰਗ ਪਹਿਲਾਂ ਕਰਵਾਉਣ ਅਤੇ ਬੁਕਿੰਗ ਕਨਫਰਮ ਹੋਣ ‘ਤੇ ਹੀ ਸ਼ਿਮਲਾ ਪੁੱਜਣ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਸ਼ਿਮਲਾ ਤੋਂ ਇਹ ਵੀ ਲਿਖਤੀ ਸੂਚਨਾ ਪ੍ਰਾਪਤ ਹੋਈ ਹੈ ਕਿ ਤੇਜ ਸਰਦੀ ਦੇ ਦਿਨਾਂ ‘ਚ ਪਹਾੜਾਂ ‘ਚ ਜਾਣ ਵਾਲੇ ਪਰਿਵਾਰ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਉਹ ਆਪਣੇ ਨਾਲ ਬਹੁਤ ਛੋਟੇ ਬੱਚੇ ਅਤੇ ਬਜ਼ੁਰਗਾਂ ਨੂੰ ਠੰਢ ਦੇ ਦਿਨਾਂ ‘ਚ ਪਹਾੜਾਂ ‘ਚ ਲੈ ਕੇ ਜਾਣ ਤੋਂ ਗੁਰੇਜ਼ ਕਰਨ। ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸ਼ਿਮਲਾ ਅਤੇ ਇਸ ਦੇ ਨਾਲ ਦੇ ਸੈਰ ਸਪਾਟਾ ਕਰਨ ਵਾਲੀਆਂ ਥਾਵਾਂ ਕੁਫ਼ਰੀ, ਨਾਰਕੰਡਾ ਆਦਿ ਥਾਵਾਂ ‘ਤੇ ਬਰਫ਼ ਤਿੰਨ ਚਾਰ ਦਿਨ ਰਹਿੰਦੀ ਹੈ ਇਸ ਲਈ ਬਰਫ਼ ਪੈਣ ਤੋਂ ਇੱਕ ਦੋ ਦਿਨ ਬਾਅਦ ਹੀ ਪਟਿਆਲੇ ਜ਼ਿਲ੍ਹੇ ਦੇ ਲੋਕੀਂ ਸ਼ਿਮਲਾ ਵੱਲ ਜਾਣ। ਉਹਨਾਂ ਦੱਸਿਆ ਕਿ ਜੇਕਰ ਵਿਅਕਤੀ ਕਿਸੇ ਟਰੈਫਿਕ ਜਾਮ ਜਾਂ ਹੋਰ ਮੌਸਮ ਦੀ ਖਰਾਬੀ ਕਰਕੇ ਰਾਹ ਵਿੱਚ ਫਸ ਜਾਂਦੇ ਹਨ ਤਾਂ ਉਹ ਆਪਣੇ ਵਾਹਨਾਂ ਦੀਆਂ ਲਾਈਟਾਂ ਆਨ ਰੱਖਣ ਜੇਕਰ ਜ਼ਿਆਦਾ ਰੁਕਣਾ ਪਵੇ ਤਾਂ ਹਰ ਘੰਟੇ ‘ਚ 10 ਮਿੰਟ ਗੱਡੀ ਦਾ ਇੰਜਣ ਜ਼ਰੂਰ ਚਾਲੂ ਕਰਨ ਤਾਂ ਜੋ ਗੱਡੀ ਗਰਮ ਰਹੇ। ਥੋੜ੍ਹੇ ਜਿਹੇ ਸ਼ੀਸ਼ੇ ਵੀ ਖੋਲ੍ਹੇ ਜਾ ਸਕਦੇ ਹਨ। ਇਹ ਵੀ ਧਿਆਨ ਰੱਖਿਆ ਜਾਵੇ ਕਿ ਗੱਡੀ ਦੇ ਐਗਜਾਸਟ ਪਾਈਪ ਬਰਫ਼ ਵਿੱਚ ਨਾ ਬੰਦ ਹੋਣ ਅਤੇ ਆਪਣੇ ਨਾਲ ਗਰਮ ਕੰਬਲ, ਪਾਣੀ ਦੀਆਂ ਬੋਤਲਾਂ, ਦੁੱਧ ਆਦਿ ਨਾਲ ਰੱਖਣ। ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜੇਕਰ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਉਹ ਸ਼ਿਮਲਾ ਦੇ ਜ਼ਿਲ੍ਹਾ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਫੋਨ ਨੰਬਰ 0177-2800880-83 ‘ਤੇ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ।