Alert for Patiala Coronavirus

March 5, 2020 - PatialaPolitics

ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਅਮਿਤ ਨੇ ਨੋਵਲ ਕੋਰੋਨਾ ਵਾਇਰਸ ਦੇ ਸੰਭਾਵਤ ਖ਼ਤਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾਂ ਯਕੀਨੀ ਕਰਵਾਉਣ ਲਈ ਜ਼ਿਲ੍ਹੇ ਦੇ ਸਮੂਹ ਡਾਕਟਰਾਂ, ਪ੍ਰਾਈਵੇਟ ਪ੍ਰੈਕਟੀਸ਼ਨਰਾਂ ਅਤੇ ਹਸਪਤਾਲਾਂ ਲਈ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਸਮੂਹ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਵਿੱਦਿਅਕ ਅਦਾਰਿਆਂ ਸਮੇਤ ਹੋਟਲਾਂ, ਗੈਸਟ ਹਾਊਸਾਂ, ਸ਼ਾਪਿੰਗ ਮਾਲਜ ਅਤੇ ਰੈਸਟੋਰੈਂਟ ਮਾਲਕਾਂ ਨੂੰ ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਕਰਨ ਦੇ ਆਦੇਸ਼ ਦਿੱਤੇ ਹਨ।
ਅੱਜ ਦੇਰ ਸ਼ਾਮ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਨੋਵਲ ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਨਜਿੱਠਣ ਲਈ ਪਟਿਆਲਾ ਜ਼ਿਲ੍ਹੇ ਲਈ ਇੱਕੋ-ਇੱਕ ਆਈਸੋਲੇਸ਼ਨ ਵਾਰਡ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸਥਾਪਤ ਕੀਤਾ ਗਿਆ ਹੈ, ਜਿੱਥੇ ਸ਼ੱਕੀ ਤੇ ਕਨਫਰਮਡ ਕੇਸ ਰੱਖੇ ਜਾਣਗੇ। ਇਸ ਤੋਂ ਬਿਨ੍ਹਾਂ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਿਹਤ ਕੇਂਦਰ ਆਪਣੇ ਸਟਾਫ਼ ਨੂੰ ਸਿੱਖਿਅਤ ਕਰਨ ਅਤੇ ਮਰੀਜਾਂ ਲਈ ਜਾਰੀ ਸਪੱਸ਼ਟ ਹਦਾਇਤਾਂ ਦੀ ਪਾਲਣਾ ਕਰਨ। ਜਦੋਂਕਿ ਸ਼ੱਕੀ ਮਰੀਜਾਂ ਨੂੰ ਜੇਕਰ ਕੋਅੇਰਨਟੀਨ ਕਰਨ ਦੀ ਲੋੜ ਹੋਵੇ ਤਾਂ ਜ਼ਿਲ੍ਹਾ ਹਸਪਤਾਲ, ਮਾਤਾ ਕੌਸ਼ੱਲਿਆ ਹਸਪਤਾਲ ਤੇ ਹੋਰ ਸਿਵਲ ਹਸਪਤਾਲਾਂ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਜਾਵੇਗਾ।
ਡਿਪਟੀ ਕਮਿਸ਼ਨਰ ਮੁਤਾਬਕ ਨਿਜੀ ਹਸਪਤਾਲਾਂ ਵੱਲੋਂ ਕਿਸੇ ਸ਼ੱਕੀ ਮਰੀਜ ਨੂੰ ਸਿੱਧਾ ਸਰਕਾਰੀ ਰਜਿੰਦਰਾ ਹਸਪਤਾਲ ਭੇਜਿਆ ਜਾਵੇਗਾ ਤੇ ਕਿਸੇ ਮਰੀਜ ਦੀ ਜਾਣਕਾਰੀ ਛੁਪਾਈ ਨਹੀਂ ਜਾਵੇਗੀ, ਚੀਨ, ਹਾਂਗਕਾਂਗ, ਥਾਈਲੈਂਡ, ਸਿੰਗਾਪੁਰ, ਜਾਪਾਨ, ਸਾਊਥ ਕੋਰੀਆ, ਨੇਪਾਲ, ਵਿਅਤਨਾਮ, ਇੰਡੋਨੇਸ਼ੀਆ, ਮਲੇਸ਼ੀਆ, ਇਰਾਨ ਤੇ ਇਟਲੀ ਮੁਲਕਾਂ ਵਿੱਚੋਂ ਪਿਛਲੇ 1 ਮਹੀਨੇ ਦੌਰਾਨ ਜੇਕਰ ਕੋਈ ਅਜਿਹਾ ਯਾਤਰੀ ਵਾਪਸ ਆਇਆ ਹੋਵੇ ਤਾਂ ਉਸ ਦੀ ਸੂਚਨਾ ਜ਼ਿਲ੍ਹਾ ਸਰਵੈਂਲੈਂਸ ਅਫ਼ਸਰ ਡਾ. ਯੁਵਰਾਜ ਨਾਰੰਗ ਫੋਨ ਨੰਬਰ 9877474532 ਅਤੇ ਸ੍ਰੀ ਪ੍ਰਦੀਪ ਸਿੰਘ ਫੋਨ ਨੰਬਰ 9815839175 ‘ਤੇ ਦਿੱਤੀ ਜਾਵੇ। ਕੋਰੋਨਾ ਵਾਇਰਸ ਦੇ ਬਚਾਓ ਲਈ ਬੁਨਿਆਦੀ ਢੰਗ ਤਰੀਕਿਆਂ, ਹੱਥ ਮਿਲਾਉਣ ਤੋਂ ਪਰਹੇਜ, ਸਮੇਂ ਸਮੇਂ ਹੱਥਾਂ ਦੀ ਸਫਾਈ, ਜੁਕਾਮ, ਬੁਖ਼ਾਰ ਹੋਣ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇ।
ਇਸ ਤੋਂ ਬਿਨ੍ਹਾਂ ਕੋਈ ਪ੍ਰਾਈਵੇਟ ਲੈਬ ਜਾਂ ਹਸਪਤਾਲ ਕੋਰੋਨਾ ਵਾਇਰਸ ਦੀ ਜਾਂਚ ਲਈ ਸੈਂਪਲ ਨਹੀਂ ਲੈਣਗੇ ਅਤੇ ਡਰ ਤੇ ਮਾਹੌਲ ਦਾ ਕਿਸੇ ਵੀ ਤਰ੍ਹਾਂ ਨਾਜਾਇਜ਼ ਫਾਇਦਾ ਚੁੱਕਣ ਦੀ ਕੋਸ਼ਿਸ਼ ਨਾ ਕਰੇ। ਆਰ.ਐਮ.ਪੀ. ਜੇਕਰ ਅਜਿਹੇ ਕਿਸੇ ਮਰੀਜ ਦੀ ਜਾਣਕਾਰੀ ਛੁਪਾਉਣਗੇ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੇ ਪਾਲਣ ਨੂੰ ਯਕੀਨੀ ਬਣਾਉਣਗੇ ਤੇ ਜ਼ਿਲ੍ਹਾ ਐਪਡੀਮਾਲੋਜਿਸਟ ਡਾ. ਸੁਮੀਤ ਸਿੰਘ ਆਈਸੋਲੇਸ਼ਨ ਫੈਸਿਲਟੀ ਬਾਰੇ ਕੰਮ ਕਰਨਗੇ। ਕਿਸੇ ਹਸਪਤਾਲ ਤੋਂ ਅਫ਼ਵਾਹਾਂ ਫੈਲਣ ਦੀ ਸੂਰਤ ਵਿੱਚ ਜਾਂ ਕਿਸੇ ਕੋਤਾਹੀ ਵਰਤਣ ਦੀ ਸੂਰਤ ‘ਚ ਸਬੰਧਤ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਹੋਰ ਕਿਹਾ ਕਿ ਇਸੇ ਤਰ੍ਹਾਂ ਵਿੱਦਿਅਕ ਅਦਾਰਿਆਂ ਵਿੱਚ ਵਿਦੇਸ਼ੀ ਡੈਲੀਗੇਟ ਜਾਂ ਕੋਰੋਨਾ ਪ੍ਰਭਾਵਤ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਸੂਚਨਾ ਡਾ. ਯੁਵਰਾਜ ਸਿੰਘ ਤੇ ਪ੍ਰਦੀਪ ਸਿੰਘ ਨੂੰ ਦਿੱਤੀ ਜਾਵੇ। ਜਨਤਕ ਵਰਤੋਂ ‘ਚ ਆਉਣ ਵਾਲੇ ਦਰਵਾਜਿਆਂ ਦੇ ਹੈਂਡਲਾਂ ਤੇ ਫਰਨੀਚਰ ਨੂੰ 70 ਫੀਸਦੀ ਅਲਕੋਹਲ ਵਾਲੇ ਸੈਨਾਟਾਈਜ਼ਰ ਨਾਲ ਸਾਫ਼ ਕਰਵਾਇਆ ਜਾਵੇ। ਆਪਣੇ ਵਿੱਦਿਅਕ ਅਦਾਰਿਆਂ ਵਿੱਚ ਕੋਰੋਨਾ ਵਾਇਰਸ ਬਾਰੇ ਅਫ਼ਵਾਹਾਂ ਫੈਲਾਉਣ ਤੋਂ ਰੋਕਿਆ ਜਾਵੇ, ਅਜਿਹਾ ਕਰਨ ਦੀ ਸੂਰਤ ‘ਚ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ ਅਤੇ ਆਪਣੇ ਸੰਸਥਾਨ ‘ਚ ਹਦਾਇਤਾਂ ਦੀ ਪਾਲਣਾਂ ਕਰਨ ‘ਚ ਅਸਮਰੱਥ ਨਿਗਰਾਨ ਅਫ਼ਸਰ, ਡਾਇਰੈਕਟਰ, ਪ੍ਰਿੰਸੀਪਲ ਆਦਿ ਵਿਰੁੱਧ ਵੀ ਕਾਰਵਾਈ ਹੋਵੇਗੀ।
ਡਿਪਟੀ ਕਮਿਸ਼ਨਰ ਵੱਲੋਂ ਹੋਟਲ, ਗੈਸਟ ਹਾਊਸ, ਸ਼ਾਪਿੰਗ ਮਾਲਜ ਤੇ ਰੈਸਟੋਰੈਂਟਾਂ ਦੇ ਮਾਲਕਾਂ ਲਈ ਜਾਰੀ ਹਦਾਇਤਾਂ ਮੁਤਾਬਕ ਪ੍ਰਭਾਵਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਸੂਚਨਾ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ। ਜਾਗਰੂਕਤਾ ਲਈ ਪੈਂਫਲੇਟ ਤੇ ਸਟਿਕਰ ਲਗਾਏ ਜਾਣ। ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਪਾਲਣਾ ਇੰਨ-ਬਿੰਨ ਯਕੀਨੀਂ ਬਣਾਈ ਜਾਵੇ।