All Banks in District won’t be open daily

April 4, 2020 - PatialaPolitics

ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਅੰਦਰ ਬੈਂਕਾਂ ਨੂੰ ਰੋਜ਼ਾਨਾ ਖੋਲ੍ਹਣ ਸਬੰਧੀਂ ਆਪਣੇ ਹੁਕਮਾਂ ‘ਚ ਸੋਧ ਕਰਦਿਆਂ ਪੁਰਾਣੇ ਹੁਕਮ ਲਾਗੂ ਕਰਕੇ ਬੈਂਕਾਂ ਨੂੰ ਕੇਵਲ ਹਫ਼ਤੇ ਦੇ ਦੋ ਦਿਨ ਘੱਟੋ-ਘੱਟ ਸਟਾਫ਼ ਨਾਲ ਹੀ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪਰੰਤੂ ਇਸ ਦੌਰਾਨ ਆਮ ਲੋਕ ਬੈਂਕਾਂ ‘ਚ ਜਾ ਕੇ ਕੋਈ ਲੈਣ-ਦੇਣ ਨਹੀਂ ਕਰ ਸਕਣਗੇ ਅਤੇ ਬੈਂਕਾਂ ਕੋਵਿਡ-19 ਨੇਮਾਂ ਦੀ ਪਾਲਣਾਂ, ਸਮਾਜਿਕ ਵਿੱਥ ਅਤੇ ਸੈਨੇਟਾਈਜੇਸ਼ਨ ਨੂੰ ਯਕੀਨੀ ਬਣਾਉਣਗੀਆਂ।
ਇਸ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟਰੇਟ ਨੇ ਕੋਰੋਨਾਵਾਇਰਸ ਨੂੰ ਰੋਕਣ ਤੋਂ ਲਗਾਏ ਕਰਫਿਊ ਤਹਿਤ ਲੱਗੀਆਂ ਰੋਕਾਂ ਦੇ ਮੱਦੇਨਜ਼ਰ ਵਿੱਤੀ ਲੈਣ-ਦੇਣ ਨੂੰ ਸੁਖਾਵਾਂ ਬਣਾਉਣ ਲਈ ਜ਼ਿਲ੍ਹੇ ਅੰਦਰਲੀਆਂ ਸਾਰੀਆਂ ਬੈਂਕਾਂ ਦੀਆਂ ਬ੍ਰਾਂਚਾਂ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਰੋਜ਼ਾਨਾ ਕੰਮ ਕਰਨ ਦੀ ਆਗਿਆ ਦਿੱਤੀ ਸੀ ਪਰੰਤੂ ਬੈਂਕਾਂ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋਣ ਕਰਕੇ ਕਰਫਿਊ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਅਣਦੇਖੀ ਹੋਣੀ ਸ਼ੁਰੂ ਹੋ ਗਈ, ਜਿਸ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਮੁੜ ਤੋਂ ਬੈਂਕਾਂ ਨੂੰ ਹਫ਼ਤੇ ‘ਚ ਦੋ ਦਿਨ ਵਾਰੋ-ਵਾਰੀ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਵੱਲੋਂ ਬੈਂਕਾਂ ਸਬੰਧੀਂ ਪਹਿਲਾਂ ਜਾਰੀ ਗਏ ਹੁਕਮਾਂ ਦੀ ਲਗਾਤਾਰਤਾ ਵਿੱਚ ਜਾਰੀ ਕੀਤੇ ਇਨ੍ਹਾਂ ਆਦੇਸ਼ਾਂ ਤਹਿਤ ਸਾਰੀਆਂ ਬੈਂਕਾਂ ਹਫ਼ਤੇ ‘ਚ ਦੋ ਦਿਨ ਵਾਰੋ-ਵਾਰੀ (ਰੋਟੇਸ਼ਨ) ਆਧਾਰ ‘ਤੇ ਘੱਟੋ-ਘੱਟ ਸਟਾਫ਼ ਨਾਲ ਖੁੱਲ੍ਹਣਗੀਆਂ, ਜਦੋਂਕਿ ਬਾਕੀ ਦਿਨ ਇੱਕ ਤਿਹਾਈ ਬ੍ਰਾਂਚਾਂ ਹੀ ਖੋਲ੍ਹੀਆਂ ਜਾਣਗੀਆ ਤੇ ਇਸ ਬਾਰੇ ਫੈਸਲਾ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਵੱਲੋਂ ਲਿਆ ਜਾਵੇਗਾ।
ਸਾਰੀਆਂ ਬੈਂਕ ਦੀਆਂ ਬ੍ਰਾਂਚਾਂ, ਏ.ਟੀ.ਐਮਜ, ਬੈਕਿੰਗ ਕਾਰਸਪੌਂਡੈਂਟ, ਨਗਦੀ ਲਿਜਾਣ ਵਾਲੀਆਂ ਏਜੰਸੀਆਂ, ਬੈਂਕਾਂ ਨੂੰ ਆਈ.ਟੀ. ਤੇ ਇੰਜੀਨੀਅਰਿੰਗ ਸਹਾਇਤਾ ਦੇਣ ਵਾਲੇ ਹੁਣ ਘੱਟੋ-ਘੱਟ ਸਟਾਫ਼ ਨਾਲ ਕੰਮ ਕਰਨਗੇ। ਜਦੋਂਕਿ ਕੰਟਰੋਲਿੰਗ ਅਧਿਕਾਰੀ, ਪ੍ਰਬੰਧਕੀ ਦਫ਼ਤਰ, ਬੈਕ ਆਫ਼ਿਸ ਆਦਿ ਰੋਜ਼ਾਨਾ ਖੁੱਲ੍ਹਣਗੇ ਪਰੰਤੂ ਸਟਾਫ਼ ਘੱਟ ਤੋਂ ਘੱਟ ਹੀ ਹੋਵੇਗਾ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ਮੁਤਾਬਕ ਬੈਂਕਾਂ ਦੇ ਮੈਨੇਜਰ ਕੋਵਿਡ-19 ਤਹਿਤ ਹੋਰ ਸਾਵਧਾਨੀਆਂ ਤੇ ਸਾਫ਼-ਸਫ਼ਾਈ ਰੱਖਣ ਸਮੇਤ ਭਾਰਤ ਸਰਕਾਰ, ਪੰਜਾਬ ਸਰਕਾਰ ਤੇ ਸਿਹਤ ਵਿਭਾਗ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਦਾ ਪਾਲਣ ਕਰਨਾ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੇ। ਬੈਂਕਾਂ ਵਿੱਚ ਕਿਸੇ ਵੀ ਹਾਲਤ ਵਿੱਚ 10 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਹੀਂ ਕੀਤਾ ਜਾਵੇਗਾ, ਇੱਕ ਦੂਜੇ ਤੋਂ ਡੇਢ ਤੋਂ 2 ਮੀਟਰ ਸਮਾਜਿਕ ਦੂਰੀ ਬਣਾ ਕੇ ਰੱਖਣ, ਮਾਸਕਾਂ ਦੀ ਵਰਤੋਂ ਅਤੇ ਹੱਥਾਂ ਤੇ ਗਲੱਵਜ ਵਰਤਣ ਸਮੇਤ ਆਪਣੇ ਆਪ ਤੇ ਸਟਾਫ਼ ਸਮੇਤ ਬੈਂਕਿੰਗ ਯੰਤਰਾਂ ਨੂੰ ਸੈਨੇਟਾਈਜ਼ ਕਰਨਾ ਵੀ ਯਕੀਨੀ ਬਣਾਇਆ ਜਾਵੇਗਾ।
ਕਿਉਂਕਿ ਬੈਂਕਿੰਗ ਕਾਰਸਪੌਂਡੈਂਟ ਪੇਂਡੂ ਇਲਾਕਿਆਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਲਾਭਪਾਤਰੀਆਂ, ਗਰੀਬਾਂ ਤੇ ਜਰੂਰਤਮੰਦਾਂ ਨੂੰ ਨਗਦੀ ਕਢਵਾਉਣ ‘ਚ ਇਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਜਿਸ ਲਈ ਇਨ੍ਹਾਂ ਨੂੰ ਵੀ ਆਪਣਾ ਕੰਮ ਕਰਨ ਦੀ ਆਗਿਆ ਹੈ ਤੇ ਇਸ ਦੌਰਾਨ ਬੈਂਕਿੰਗ ਯੰਤਰਾਂ ਦੀ ਸੈਨੇਟਾਈਜੇਸ਼ਨ ਨੂੰ ਯਕੀਨੀ ਬਣਾਇਆ ਜਾਵੇਗਾ।
ਬੀ.ਡੀ.ਪੀ.ਓਜ ਪਿੰਡਾਂ ‘ਚ ਸਮਾਜਿਕ ਦੂਰੀ ਤੇ ਕੋਵਿਡ-19 ਤਹਿਤ ਹੋਰ ਸਾਵਧਾਨੀਆਂ ਤੇ ਸਾਫ਼-ਸਫ਼ਾਈ ਰੱਖਣ ਲਈ ਆਪਣੇ ਤੌਰ ‘ਤੇ ਜਾਗਰੂਕਤਾ ਫੈਲਾਉਣਗੇ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਕੋਰੋਨਾਵਾਇਰਸ ਕਾਗ਼ਜ਼, ਕਰੰਸੀ ਨੋਟਾਂ, ਸਿੱਕਿਆਂ ਤੇ ਟੇਬਲ ਸਰਫੇਸ ‘ਤੇ ਫੈਲਦਾ ਹੈ, ਇਸ ਲਈ ਨੈਟਬੈਂਕਿੰਗ ਅਤੇ ਮੋਬਾਇਲ ਐਪਲੀਕੇਸ਼ਨਾਂ ਜਰੀਏ ਟਰਾਂਜੈਕਸ਼ਨ ਕੀਤੀ ਜਾਵੇ।