Apni Gaddi Apna Rozgaar Scheme

January 22, 2020 - PatialaPolitics


ਆਪਣੀ ਗੱਡੀ ਆਪਣਾ ਰੋਜ਼ਗਾਰ ਸਵੈ ਰੋਜ਼ਗਾਰ ਸ਼ੁਰੂ ਕਰਨ ਵਾਲੇ ਵਿਅਕਤੀਆਂ ਲਈ ਇਕ ਲਾਹੇਵੰਦ ਸਕੀਮ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫਸਰ ਸ੍ਰੀਮਤੀ ਸਿੰਪੀ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਆਪਣੀ ਗੱਡੀ ਆਪਣਾ ਰੋਜ਼ਗਾਰ (ਅਗਰ) ਸਕੀਮ ਲਈ ਜ਼ਿਲ੍ਹਾ ਪਟਿਆਲਾ ਦੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ ਨੌਜਵਾਨਾਂ ਤੋਂ ਆਰਜ਼ੀਆਂ ਮੰਗੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਆਪਣੀ ਗੱਡੀ ਆਪਣਾ ਰੋਜ਼ਗਾਰ ਸਕੀਮ ਅਧੀਨ ਕਾਰ ਲਈ 75 ਹਜ਼ਾਰ ਰੁਪਏ ਤੱਕ ਦੀ ਸਬਸਿਡੀ (ਮਾਰਜਨ ਮਨੀ ਦੇ ਰੂਪ ਵਿੱਚ) ਜਾਂ ਕਾਰ ਦੀ ਕੁੱਲ ਕੀਮਤ ਦਾ 15 ਫੀਸਦੀ ਜੋ ਵੀ ਘੱਟ ਹੈ ਅਤੇ ਆਟੋ ਰਿਕਸ਼ਾ ਲਈ 50 ਹਜ਼ਾਰ ਰੁਪਏ ਦੀ ਸਬਸਿਡੀ ਜਾਂ ਆਟੋ ਰਿਕਸ਼ਾ ਦੀ ਕੁੱਲ ਕੀਮਤ ਦਾ 15 ਫੀਸਦੀ ਜੋ ਵੀ ਘੱਟ ਹੈ, ਸਰਕਾਰ ਵੱਲੋੋਂ ਸਫ਼ਲ ਉਮੀਦਵਾਰਾਂ ਨੂੰ ਪ੍ਰਦਾਨ ਕੀਤੀ ਜਾਵੇਗੀ।
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫ਼ਸਰ ਨੇ ਇਸ ਸਕੀਮ ਸਬੰਧੀ ਵਿਸਥਾਰਪੂਰਵਕ ਵੇਰਵੇ ਦਿੰਦਿਆ ਦੱਸਿਆ ਕਿ ਉਮੀਦਵਾਰਾਂ ਕੋਲ ਸਬੰਧਿਤ ਜ਼ਿਲ੍ਹੇ ਦਾ ਰਿਹਾਇਸ਼ੀ ਸਰਟੀਫਿਕੇਟ ਹੋਣਾ ਲਾਜਮੀ ਹੈ। ਉਮੀਦਵਾਰ ਦੀ ਉਮਰ ਮਿਤੀ 01-11-2019 ਤੱਕ 21 ਤੋਂ 45 ਸਾਲ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਘੱਟੋ ਘੱਟ ਮਿਡਲ (ਅੱਠਵੀਂ ਜਮਾਤ) ਪਾਸ ਹੋਣਾ ਚਾਹੀਦਾ ਹੈ, ਨੀਲਾ ਕਾਰਡ/ਸਮਾਰਟ ਕਾਰਡ ਹੋਣਾ ਲਾਜ਼ਮੀ ਹੈ। ਉਸ ਕੋਲ ਕਮਰਸ਼ੀਅਲ ਚਾਰ ਪਹੀਆਂ ਐਲ.ਐਮ.ਵੀ. ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੈ ਅਤੇ ਥ੍ਰੀ ਵੀਲਰ ਲਈ ਵੀ ਲੋੜੀਂਦਾ ਲਾਇਸੈਂਸ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਬਿਨੈਕਾਰ ਸਕੀਮ ਦੀਆਂ ਵਿਸ਼ੇਸ਼ਤਾਵਾਂ ਅਤੇ ਐਪਲੀਕੇਸ਼ਨ ਸਬੰਧੀ ਵਿਭਾਗ ਦੀ ਵੈਬਸਾਈਟ www.pbemployment.punjab.gov.in ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਐਪਲੀਕੇਸ਼ਨ ਫਾਰਮ ਵੀ ਵਿਭਾਗ ਦੀ ਵੈਬਸਾਈਟ ‘ਤੇ ਉਪਲੱਬਧ ਹਨ ਜਿਨ੍ਹਾਂ ਨੂੰ ਮਿਤੀ 04 ਫਰਵਰੀ 2020 ਸ਼ਾਮ 5 ਵਜੇ ਤੱਕ ਭਰਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵਿਖੇ ਜਮ੍ਹਾਂ ਕਰਵਾਇਆ ਜਾ ਸਕਦਾ ਹੈ।