Bhupindra road Patiala gets new look with 480 lakhs

June 30, 2019 - PatialaPolitics


ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪਰਨੀਤ ਕੌਰ ਵੱਲੋਂ ਪਟਿਆਲਾ ਨਿਵਾਸੀਆਂ ਦੁਆਰਾ ਸ਼ਹਿਰ ਦੀ ਇਤਿਹਾਸਕ ਭੁਪਿੰਦਰਾ ਰੋਡ ਦੀ ਪੁਰਾਤਨ ਸੁੰਦਰਤਾ ਬਹਾਲ ਕਰਨ ਦੀ ਰੱਖੀ ਮੰਗ ਨੂੰ ਮੁੱਖ ਮੰਤਰੀ ਤੋਂ ਪ੍ਰਵਾਨ ਕਰਵਾਕੇ ਕਰੀਬ 480 ਲੱਖ ਰੁਪਏ ਦੀ ਲਾਗਤ ਨਾਲ ਭੁਪਿੰਦਰਾ ਰੋਡ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ।
ਇਸ ਪ੍ਰੋਜੈਕਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਤੋਂ ਪ੍ਰਵਾਨਿਤ 4 ਕਰੋੜ 80 ਲੱਖ ਰੁਪਏ ਦੇ ਇਸ ਪ੍ਰੋਜੈਕਟ ਨੂੰ ਦੋ ਪੜਾਵਾਂ ਵਿੱਚ ਪੂਰਾ ਕੀਤਾ ਜਾ ਰਿਹਾ ਹੈ ਜਿਸ ਤਹਿਤ ਪਹਿਲੇ ਪੜਾਅ ਵਿੱਚ ਜੰਗਲਾਤ ਵਿਭਾਗ ਤੋਂ ਜਮੀਨ ਪ੍ਰਾਪਤ ਕਰਨ ਉਪਰੰਤ ਬਿਜਲੀ ਤੇ ਟੈਲੀਫ਼ੋਨ ਦੇ ਖੰਭਿਆਂ ਨੂੰ ਤਬਦੀਲ ਕਰਕੇ ਥਾਪਰ ਕਾਲਜ ਤੋਂ ਲੀਲਾ ਭਵਨ ਤੱਕ ਭੁਪਿੰਦਰਾ ਰੋਡ ‘ਤੇ ਨਵਾਂ ਪ੍ਰੀਮਿਕਸ ਪਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਸੜਕ ‘ਤੇ ਸਥਿਤ ਸ਼ੋਅ ਰੂਮਾਂ ਅਤੇ ਹੋਰ ਪ੍ਰਮੁੱਖ ਇਮਾਰਤਾਂ ਅੱਗੇ ਵਾਹਨਾਂ ਦੇ ਖੜ੍ਹਨ ਲਈ 1 ਲੱਖ ਵਰਗ ਫੁੱਟ ਖੇਤਰ ਵਿੱਚ ਇੰਟਰਲਾਕਿੰਗ ਟਾਇਲਾਂ ਲਗਾ ਕੇ ਨਵੀਂ ਵਿਲੱਖਣ ਤੇ ਸੁੰਦਰ ਪਾਰਕਿੰਗ ਦੀ ਉਸਾਰੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੜਕ ਦੇ ਦੋਵੇਂ ਪਾਸੀਂ ਖਾਲੀ ਥਾਵਾਂ ‘ਤੇ ਵੀ ਇੰਟਰਲਾਕਿੰਗ ਟਾਇਲਾਂ ਲਗਾਈਆਂ ਜਾ ਰਹੀਆਂ ਹਨ।
ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਇਸ ਸੜਕ ਨੂੰ ਪੁਰਾਤਨ ਦਿੱਖ ਪ੍ਰਦਾਨ ਕਰਨ ਲਈ ਦਿੱਤੇ ਆਦੇਸ਼ਾਂ ਉਪਰੰਤ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਪ੍ਰੋਜੈਕਟ ਦੇ ਦੂਜੇ ਪੜਾਅ ਤਹਿਤ ਇਸ ਸੜਕ ‘ਤੇ ਜਿੱਥੇ 21 ਲੱਖ ਰੁਪਏ ਦੀ ਲਾਗਤ ਨਾਲ ਵਿਕਟੋਰੀਅਨ ਐਲ.ਈ.ਡੀ. ਲਾਈਟਾਂ ਲਗਾਈਆਂ ਗਈਆਂ ਹਨ ਉੱਥੇ ਹੀ ਰਾਹਗੀਰਾਂ ਦੇ ਬੈਠਣ ਲਈ ਪੁਰਾਤਨ ਦਿੱਖ ਵਾਲੇ 30 ਦੇ ਕਰੀਬ ਬੈਂਚ ਵੀ ਲਗਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਰਕਿੰਗ ਵਾਲੇ ਸਥਾਨ ‘ਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਵੱਖਰੀ ਪਾਈਪ ਲਾਈਨ ਵੀ ਪਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਤੇ ਸੁੰਦਰ ਰੱਖਣ ਲਈ ਨਗਰ ਨਿਗਮ ਤੇ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਤੇ ਪਾਰਕਿੰਗ ਵਿੱਚ ਆਪਣੇ ਵਾਹਨ ਪੂਰੀ ਤਰਤੀਬ ਵਿੱਚ ਹੀ ਖੜ੍ਹੇ ਕਰਨ।