Captain Amarinder to inaugurate Saras Mela 2018 Patiala

February 19, 2018 - PatialaPolitics

‘ਪਟਿਆਲਾ ਹੈਰੀਟੇਜ ਫੈਸਟੀਵਲ-2018’
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 21 ਫਰਵਰੀ ਨੂੰ ਕਰਨਗੇ ਪਟਿਆਲਾ ਹੈਰੀਟੇਜ ਉਤਸਵ ਦਾ ਉਦਘਾਟਨ -ਕੁਮਾਰ ਅਮਿਤ
-ਹੈਰੀਟੇਜ ਮਸ਼ਾਲ ਮਾਰਚ ਨੂੰ ਮੁੱਖ ਮੰਤਰੀ ਹਰੀ ਝੰਡੀ ਦੇ ਕੇ ਕਰਨਗੇ ਰਵਾਨਾ
-ਸ਼ਾਸਤਰੀ ਸੰਗੀਤ ਸ਼ਾਮ ਤੇ ਸੂਫ਼ੀ ਪੌਪ ਗਾਇਕੀ ਸਮੇਤ ਜੰਗ-ਏ-ਸਾਰਾਗੜ੍ਹੀ ਬਾਰੇ ਲਾਇਟ ਐਂਡ ਸਾਊਂਡ ਪਨੋਰਮਾ ਹੋਣਗੇ ਦਿਲਕਸ਼ ਪ੍ਰੋਗਰਾਮ- ਪੂਨਮਦੀਪ ਕੌਰ
-12 ਸਾਲ ਬਾਅਦ ਹੋਣ ਵਾਲੇ ‘ਵਿਰਾਸਤੀ ਉਤਸਵ’ ਪ੍ਰਤੀ ਪਟਿਆਲਵੀਆਂ ‘ਚ ਭਾਰੀ ਉਤਸ਼ਾਹ
ਪਟਿਆਲਾ, 19 ਫਰਵਰੀ:
‘ਪਟਿਆਲਾ ਹੈਰੀਟੇਜ ਉਤਸਵ-2018’ ਦਾ ਉਦਘਾਟਨ 21 ਫਰਵਰੀ ਦੀ ਸ਼ਾਮ ਨੂੰ ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਇਥੇ ਦੱਸਿਆ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਬਾਬਤ ਮੁੱਖ ਮੰਤਰੀ ਖ਼ੁਦ ਨਿਜੀ ਦਿਲਚਸਪੀ ਲੈ ਕੇ ਦਿਸ਼ਾ ਨਿਰਦੇਸ਼ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਉਤਸਵ ਕਰੀਬ 12 ਸਾਲਾਂ ਬਾਅਦ ਹੋ ਰਿਹਾ ਹੈ, ਜਿਸ ਲਈ ਇਸ ਉਤਸਵ ਨੂੰ ਲੈਕੇ ਪਟਿਆਲਵੀਆਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਵਿਰਾਸਤੀ ਉਤਸਵ ਦਾ ਮਕਸਦ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਵੱਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣਾ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਉਤਸਵ ਦੇ 21 ਫਰਵਰੀ ਨੂੰ ਸ਼ਾਮ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਮੁੱਖ ਮੰਤਰੀ ਇਕ ਵਿਸ਼ੇਸ਼ ਵਿਰਾਸਤੀ ਮਸ਼ਾਲ ਮਾਰਚ ਨੂੰ ਕਿਲਾ ਮੁਬਾਰਕ ਤੋਂ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ, ਜੋਕਿ ਅੱਗੇ ਬਰਤਨ ਬਾਜ਼ਾਰ, ਗੁੜ ਮੰਡੀ, ਸ਼ਾਹੀ ਸਮਾਧਾਂ, ਸਮਾਣੀਆਂ ਗੇਟ, ਮਹਿੰਦਰਾ ਕਾਲਜ ਤੋਂ ਹੁੰਦੇ ਹੋਏ ਐਨ.ਆਈ.ਐਸ. ਵਿਖੇ ਸਮਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ‘ਚ ਉੱਘੇ ਕਲਾਕਾਰ ਪੰਮੀ ਬਾਈ, ਬੀਨੂ ਢਿੱਲੋਂ ਤੇ ਐਮੀ ਵਿਰਕ ਸਮੇਤ ਕੌਮਾਂਤਰੀ ਪਹਿਲਵਾਨ ਪਲਵਿੰਦਰ ਚੀਮਾ ਮਸ਼ਾਲ ਲੈਕੇ ਅੱਗੇ ਜਾਣਗੇ। ਇਸ ਤੋਂ ਪਿਛੇ ਟਰਾਲੇ ‘ਚ ਜੰਗੇ-ਏ-ਸਾਰਾਗੜ੍ਹੀ ਨੂੰ ਦਰਸਾਉਣ ਲਈ ਉਸੇ ਪੁਰਾਤਨ ਫ਼ੌਜੀ ਵਰਦੀ ‘ਚ ਸਜੇ ਸਿਪਾਹੀ ਅਤੇ ਇਨ੍ਹਾਂ ਦੇ ਪਿਛਲੇ ਪਾਸੇ ਪੰਜਾਬ ਦੇ ਪੁਰਾਤਨ ਵਿਰਸੇ ਨੂੰ ਦਰਸਾਉਂਦੀ ਜਾਗੋ ‘ਚ ਲੋਕ ਨਾਚ ਗਿੱਧਾ-ਭੰਗੜਾ ਪਾਉਂਦੇ ਵਿਦਿਆਰਥੀ ਸ਼ਾਮਲ ਹੋਣਗੇ। ਇਸ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਲਾ ਮੁਬਾਰਕ ਵਿਖੇ ਹੀ ਇਸ ਵਿਰਾਸਤੀ ਉਤਸਵ ਦਾ ਉਦਘਾਟਨ ਕਰਨਗੇ ਅਤੇ ਇਸੇ ਵੇਲੇ ਉੱਘੇ ਪੰਜਾਬੀ ਸੂਫ਼ੀ ਫ਼ਨਕਾਰ ਸ੍ਰੀ ਮਦਨ ਗੋਪਾਲ ਸਿੰਘ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ।
ਇਸੇ ਦੌਰਾਨ ਪਟਿਆਲਾ ਵਿਰਾਸਤੀ ਉਤਸਵ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 22 ਫਰਵਰੀ ਨੂੰ ਸਵੇਰੇ 7.30 ਵਜੇ ਵਿਰਾਸਤੀ ਇਮਾਰਤ ਐਨ.ਆਈ.ਐਸ. ਤੋਂ ਸਾਇਕਲ ਰੈਲੀ ਕੱਢੀ ਜਾਵੇਗੀ, ਜੋਕਿ ਸ਼ਾਹੀ ਸਮਾਧਾਂ ਤੋਂ ਹੁੰਦੀ ਹੋਈ ਗੁੜ ਮੰਡੀ, ਕਿਲਾ ਮੁਬਾਰਕ, ਅਦਾਲਤ ਬਜ਼ਾਰ, ਧਰਮਪੁਰਾ ਬਜ਼ਾਰ, ਸ਼ੇਰਾਂ ਵਾਲਾ ਗੇਟ, ਸ੍ਰੀ ਕਾਲੀ ਦੇਵੀ ਮੰਦਿਰ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਪਾਸੀ ਰੋਡ, ਚਿਲਡਰਨ ਮੈਮੋਰੀਅਲ ਚੌਂਕ ਤੋਂ ਹੁੰਦੀ ਹੋਈ, ਰਿੰਕ ਹਾਲ ਤੋਂ ਅੱਗੇ ਬਾਰਾਂਦਰੀ ਬਾਗ ਵਿਖੇ ਸਮਾਪਤ ਹੋਵੇਗੀ। ਇਸੇ ਦਿਨ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਪਟਿਆਲਾ ਘਰਾਣਾ ਪੁਰਾਤਨ ਗਾਇਨ ਸ਼ੈਲੀ ਦੇ ਗਾਇਕ ਪੰਡਤ ਅਜੋਏ ਚੱਕਰਵਰਤੀ ਅਤੇ ਬਨਾਰਸ ਘਰਾਣੇ ਦੇ ਸ਼ਾਸਤਰੀ ਸੰਗੀਤਕਾਰ ਪੰਡਤ ਚੁੰਨੀ ਲਾਲ ਮਿਸ਼ਰਾ ਆਪਣੀ ਪੇਸ਼ਕਾਰੀ ਦੇਣਗੇ।
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 23 ਫਰਵਰੀ ਨੂੰ ਸਵੇਰੇ 10 ਵਜੇ ਏਵੀਏਸ਼ਨ ਕਲੱਬ ਪਟਿਆਲਾ-ਸੰਗਰੂਰ ਰੋਡ ਵਿਖੇ ਏਅਰੋ ਮਾਡਲਿੰਗ ਅਤੇ ਸਟੰਟ ਬਾਇਕਿੰਗ ਦੇ ਕਰਤੱਬ ਹੋਣਗੇ। ਜਦੋਂ ਕਿ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਮੁੱਖ ਮਹਿਮਾਨ ਵਜੋਂ ਪੁਜਣਗੇ ਤੇ ਇਸ ਸਮੇਂ ਇਮਦਾਦਖ਼ਾਨੀ-ਇਟਾਵਾ ਘਰਾਣਾ ਦੇ ਵਾਰਸ ਤੇ ਉੱਘੇ ਸਿਤਾਰ ਵਾਦਕ ਉਸਤਾਦ ਸੁਜੀਤ ਖ਼ਾਨ ਅਤੇ ਸ਼ਾਸਤਰੀ ਸੰਗੀਤਕਾਰ ਪਦਮ ਭੂਸ਼ਣ ਪੰਡਤ ਉਲਹਾਸ ਕੈਲਾਸ਼ਕਾਰ ਆਪਣੀ ਸੰਗੀਤਕ ਪੇਸ਼ਕਾਰੀ ਦੇਣਗੇ। 24 ਫਰਵਰੀ ਨੂੰ ਧਰੁਵ ਪਾਂਡਵ ਸਟੇਡੀਅਮ ਵਿਖੇ ਕ੍ਰਿਕਟ ਮੈਚ ਹੋਵੇਗਾ ਤੇ ਕਿਲਾ ਮੁਬਾਰਕ ਵਿਖੇ ਸ਼ਾਮ ਨੂੰ ਕੈਬਨਿਟ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਮੁੱਖ ਮਹਿਮਾਨ ਹੋਣਗੇ ਜਦੋਂਕਿ ਸ਼ਾਸਤਰੀ ਸੰਗੀਤਕਾਰ ਉਸਤਾਦ ਰਾਸ਼ਿਦ ਖ਼ਾਨ ਅਤੇ ਮਿਸ ਮੰਜਰੀ ਚਤੁਰਵੇਦੀ ਕੱਥਕ ਦੀ ਪੇਸ਼ਕਾਰੀ ਦੇਣਗੇ।
ਉਨ੍ਹਾਂ ਦੱਸਿਆ ਕਿ 25 ਫਰਵਰੀ ਨੂੰ ਪੋਲੋ ਗਰਾਊਂਡ ਤੋਂ ਬਲਾਇੰਡ ਕਾਰ ਰੈਲੀ ਚੱਲੇਗੀ, ਜਿਸ ‘ਚ ਰੈਲੀ ਦੇ ਰਸਤਿਆਂ ਤੋਂ ਅਨਜਾਣ ਡਰਾਇਵਰ ਨੂੰ ਬਰੇਲ ਲਿਪੀ ਰਾਹੀਂ ਪੇਪਰ ਪੜ੍ਹਕੇ ਨਾਲ ਬੈਠਾ ਦ੍ਰਿਸ਼ਟੀਹੀਣ ਸਹਾਇਕ ਰਸਤਾ ਦੱਸੇਗਾ। ਸ਼ਾਮ ਵੇਲੇ ਕਿਲਾ ਮੁਬਰਾਕ ‘ਚ ਉੱਘੇ ਸ਼ਾਸਤਰੀ ਸੰਗੀਤਕਾਰ ਪਦਮ ਭੂਸ਼ਣ ਪੰਡਤ ਰਾਜਨ-ਸਾਜਨ ਮਿਸ਼ਰਾ ਅਤੇ ਪੰਡਤ ਜਸਰਾਜ ਸ਼ਾਸਤਰੀ ਸੰਗੀਤ ਦੀ ਪੇਸ਼ਕਾਰੀ ਦੇਣਗੇ। 26 ਫਰਵਰੀ ਨੂੰ ਬਾਰਾਂਦਰੀ ਬਾਗ ‘ਚ ਫੁੱਲਾਂ ਦੀ ਪ੍ਰਰਦਰਸ਼ਨੀ ਲੱਗੇਗੀ ਜਦੋਂਕਿ ਯਾਦਵਿੰਦਰਾ ਪਬਲਿਕ ਸਕੂਲ ‘ਚ ਸ਼ਾਮ ਵੇਲੇ ਉਸਤਾਦ ਨਾਸੀਰ ਅਹਿਮਦ ਵਾਰਸੀ ਵੱਲੋਂ ਪੁਰਾਤਨ ਸ਼ੈਲੀ ‘ਚ ਕਵਾਲੀ ਗਾਇਨ ਅਤੇ ਸੂਫ਼ੀ ਪੌਪ ਗਾਇਕਾ ਹਰਸ਼ਦੀਪ ਕੌਰ ਸੂਫ਼ੀ ਪੌਪ ਗਾਇਕੀ ਦੀ ਪੇਸ਼ਕਾਰੀ ਦੇਣਗੇ।
ਸ੍ਰੀਮਤੀ ਪੂਨਮਦੀਪ ਮੁਤਾਬਕ 27 ਫਰਵਰੀ ਨੂੰ ਵਿਰਾਸਤੀ ਸੈਰ (ਹੈਰੀਟੇਜ ਵਾਕ) ਸ਼ਾਹੀ ਸਮਾਧਾਂ ਤੋਂ ਸ਼ੁਰੂ ਹੋਵੇਗੀ ਜੋ ਕਿ ਛੱਤਾ ਨਾਨੂਮੱਲ ਤੋਂ ਹੁੰਦੇ ਹੋਏ, ਬਰਤਨ ਬਜ਼ਾਰ, ਰਜੇਸ਼ਵਰੀ ਸ਼ਿਵ ਮੰਦਰ, ਦਰਸ਼ਨੀ ਡਿਓੜੀ ਅਤੇ ਕਿਲਾ ਮੁਬਾਰਕ ਤੱਕ ਜਾਵੇਗੀ ਤੇ ਸ਼ਾਮ ਨੂੰ ਸਮਾਪਤੀ ਸਮੇਂ ਐਨ.ਆਈ.ਐਸ. ਵਿਖੇ ਹਰਬਖ਼ਸ ਸਿੰਘ ਲਾਟਾ ਵੱਲੋਂ ਨਿਰਦੇਸ਼ਤ ‘ਜੰਗ-ਏ-ਸਾਰਾਗੜ੍ਹੀ’ ਲਾਇਟ ਐਂਡ ਸਾਊਂਡ ਪਨੋਰਮਾ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗਾ। ਉਨ੍ਹਾਂ ਹੋਰ ਦੱਸਿਆ ਕਿ ਇਸੇ ਦੌਰਾਨ ਭਾਸ਼ਾ ਵਿਭਾਗ ਨੇੜੇ ਸਥਿਤ ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਵਿਰਸਾ ਵਿਹਾਰ ਕੇਂਦਰ ਵਿਖੇ 21 ਤੋਂ 27 ਫਰਵਰੀ ਤੱਕ ਵਿਰਾਸਤੀ ਪ੍ਰਦਰਸ਼ਨੀ ਵੀ ਲੱਗੇਗੀ, ਜਿਸ ਦਾ ਉਦਘਾਟਨ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਡਾ. ਬੀ.ਐਸ. ਘੁੰਮਣ ਕਰਨਗੇ, ਜਿਥੇ, ਪੁਰਾਤਨ ਹੱਥ ਲਿਖ਼ਤ ਧਾਰਮਿਕ ਗ੍ਰੰਥ, ਪੋਥੀਆਂ, ਵਿਰਾਸਤੀ ਪੇਟਿੰਗਜ, ਨਾਨਕਸ਼ਾਹੀ ਤੇ ਹੋਰ ਪੁਰਾਤਨ ਸਿੱਕੇ ਅਤੇ ਹੋਰ ਪੁਰਾਤਨ ਸ਼ਸ਼ਤਰ ਸਮੇਤ ਵਿਰਾਸਤੀ ਵਸਤਾਂ ਦਰਸ਼ਕਾਂ ਦੇ ਦੇਖਣ ਲਈ ਪ੍ਰਦਰਸ਼ਤ ਹੋਣਗੀਆਂ।