Captain govt to provide 24 hour electricity:Preneet Kaur

August 29, 2019 - PatialaPolitics


ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਸੂਬੇ ਦੇ ਹਰ ਵਰਗ ਦੇ ਬਿਜਲੀ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਤੇ ਪਾਏਦਾਰ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਹ ਅੱਜ ਥਾਪਰ ਯੂਨੀਵਰਸਿਟੀ ਵੱਲੋਂ ਮੁਹੱਈਆ ਕਰਵਾਈ ਕਰੀਬ ਸਵਾ ਏਕੜ ਜਮੀਨ ‘ਚ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਪਟਿਆਲਾ ਦੇ ਡੇਢ ਦਰਜਨ ਇਲਾਕਿਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ 3 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ 66 ਕੇ.ਵੀ. ਸਬ ਸਟੇਸ਼ਨ ਨੂੰ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਬਿਜਲੀ ਨਿਗਮ ਦੇ ਸੀ.ਐਮ.ਡੀ. ਇੰਜ. ਬਲਦੇਵ ਸਿੰਘ ਸਰਾਂ ਅਤੇ ਥਾਪਰ ਯੂਨੀਵਰਸਿਟੀ ਦੇ ਡਾਇਰੈਕਟਰ ਪ੍ਰੋ. ਪ੍ਰਕਾਸ਼ ਗੋਪਾਲਨ ਵੀ ਮੌਜੂਦ ਸਨ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਇਕ ਸਵਾਲ ਦੇ ਜੁਆਬ ‘ਚ ਭਾਜਪਾ ਦੇ ਐਮ.ਪੀ. ਸੁਬਰਾਮਨੀਅਨ ਸਵਾਮੀ ਵੱਲੋਂ ਸ੍ਰੀ ਕਰਤਾਰਪੁਰ ਲਾਂਘੇ ਨੂੰ ਚਾਲੂ ਨਾ ਕੀਤੇ ਜਾਣ ਬਾਰੇ ਕੀਤੀ ਬਿਆਨਬਾਜੀ ਦੀ ਨਿੰਦਾ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘਾ ਹਰ ਹਾਲ ‘ਚ ਚਾਲੂ ਹੋਵੇਗਾ ਅਤੇ ਇਸ ਉਪਰ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਇੱਕ ਹੋਰ ਸਵਾਲ ਦੇ ਜੁਆਬ ‘ਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਪੰਜਾਬ ਸਰਕਾਰ ਸੂਬੇ ਦੇ ਹੜਾਂ ਤੋਂ ਪ੍ਰਭਾਵਤ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਮੁੱਖ ਮੰਤਰੀ ਦੇ ਦਬਾਅ ਕਾਰਨ ਹੀ ਕੇਂਦਰੀ ਟੀਮ ਵੱਲੋਂ ਪੰਜਾਬ ਨੂੰ ਰਾਹਤ ਪ੍ਰਦਾਨ ਕਰਨ ਲਈ ਦੌਰਾ ਕਰਨ ਦੀ ਹਾਮੀ ਭਰੀ ਸੀ।
ਸ੍ਰੀਮਤੀ ਪਰਨੀਤ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਜਲੀ ਦੀ ਵਰਤੋਂ ਕਰਨ ਵਾਲੇ ਕਿਸਾਨਾਂ, ਘਰੇਲੂ ਅਤੇ ਵਪਾਰਕ ਉਪਭੋਗਤਾਵਾਂ ਲਈ ਲੋਡ ਵਧਾਉਣ ਲਈ ਸਰਵਿਸ ਕੁਨੈਕਸ਼ਨ ਚਾਰਜ ਵਿੱਚ ਤਕਰੀਬਨ 50 ਫੀਸਦੀ ਕਮੀ ਕਰਨ ਦੇ ਇੱਕ ਮਹੱਤਵਪੂਰਨ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਾਲ ਸੂਬੇ ਦੇ ਕਿਸਾਨਾਂ ਨੂੰ 150 ਕਰੋੜ ਰੁਪਏ ਅਤੇ ਘਰੇਲੂ ਤੇ ਵਪਾਰਕ ਖਪਤਕਾਰਾਂ ਨੂੰ 50 ਕਰੋੜ ਰੁਪਏ ਦੀ ਵੱਡੀ ਰਾਹਤ ਮਿਲੇਗੀ।
ਇਸੇ ਦੌਰਾਨ 2ਲੋਕ ਸਭਾ ਮੈਂਬਰ ਨੇ ਦੱਸਿਆ ਕਿ ਥਾਪਰ ਯੂਨੀਵਰਸਿਟੀ ਸਬ ਸਟੇਸ਼ਨ ਦੇ ਚਾਲੂ ਹੋਣ ਨਾਲ 220 ਕੇ.ਵੀ. ਅਬਲੋਵਾਲ ਗਰਿਡ ਅਤੇ 66 ਕੇ.ਵੀ ਸ਼ਕਤੀ ਵਿਹਾਰ ਦੀ ਡੀ-ਲੋਡਿੰਗ ਹੋਣ ਨਾਲ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਹਾਸਲ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਗਰਿਡ ਤੋਂ ਥਾਪਰ ਕਾਲਜ ਦੇ ਪਾਰਕ, ਬਾਜੀਗਰ ਬਸਤੀ, ਪ੍ਰੇਮ ਨਗਰ, ਸਿੱਧੂ ਕਲੋਨੀ, ਮਨਜੀਤ ਨਗਰ, ਆਦਰਸ਼ ਕਲੋਨੀ, ਉਤਰੀ ਇਨਕਲੇਵ, ਗੁਰਦੀਪ ਕਲੋਨੀ, ਸਿਕਲੀਗਰ ਬਸਤੀ, ਨਿਯੂ ਸੈਂਚਰੀ ਇਨਕਲੇਵ, ਅਬਲੋਵਾਲ, ਕਰਤਾਰ ਕਲੋਨੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕੇਂਦਰੀ ਜੇਲ੍ਹ, ਚਰਨ ਬਾਗ, ਪੰਜਾਬੀ ਬਾਗ ਨੂੰ ਬਿਜਲੀ ਸਪਲਾਈ ਹੋਵੇਗੀ।
ਬਿਜਲੀ ਨਿਗਮ ਦੇ ਸੀ.ਐਮ.ਡੀ. ਇੰਜ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਪੰਜਾਬ ਨੂੰ ਬਿਜਲੀ ਚੋਰੀ ਮੁਕਤ ਸੂਬਾ ਬਣਾਉਣ ਲਈ ਪੰਜਾਬ ਭਰ ‘ਚ ਬਿਜਲੀ ਚੋਰਾਂ ਵਿਰੁੱਧ ਮੁਹਿੰਮ ਚਲਾ ਕੇ ਵੱਡੇ ਜੁਰਮਾਨੇ ਕੀਤੇ ਗਏ ਅਤੇ ਬਿਜਲੀ ਚੋਰਾਂ ਦੀਆਂ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ। ਇਸ ਮੌਕੇ ਬਿਜਲੀ ਨਿਗਮ ਦੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਆਰ.ਪੀ. ਪਾਂਡਵ ਨੇ ਸ੍ਰੀਮਤੀ ਪਰਨੀਤ ਕੌਰ ਦਾ ਸਵਾਗਤ ਕੀਤਾ।
ਸਮਾਗਮ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ੍ਰੀ ਬਲਵਿੰਦਰ ਸਿੰਘ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਬਿਜਲੀ ਨਿਗਮ ਦੇ ਡਾਇਰੈਕਟਰ ਵੰਡ ਸ੍ਰੀ ਐਨ.ਕੇ. ਸ਼ਰਮਾ, ਡਾਇਰੈਕਟਰ ਵਿੱਤ ਸੀ.ਏ. ਜਤਿੰਦਰ ਗੋਇਲ, ਡਾਇਰੈਕਟਰ ਵਣਜ ਸ੍ਰੀ ਓ.ਪੀ. ਗਰਗ, ਵਾਰਡ ਨੰਬਰ 2 ਦੇ ਕੌਂਸਲਰ ਐਡਵੋਕੇਟ ਹਰਵਿੰਦਰ ਸ਼ੁਕਲਾ, ਬਲਾਕ ਕਾਂਗਰਸ ਪ੍ਰਧਾਨ ਸ੍ਰੀ ਨਰੇਸ਼ ਦੁੱਗਲ, ਸ੍ਰੀ ਬਲਵਿੰਦਰ ਪਾਲ ਸ਼ਰਮਾ, ਮੁੱਖ ਇੰਜੀਨੀਅਰ ਦੱਖਣ ਸ੍ਰੀ ਹਰਦੀਪ ਸਿੰਘ ਬੋਪਾਰਾਏ ਅਤੇ ਬਿਜਲੀ ਨਿਗਮ ਦੇ ਵੱਡੀ ਗਿਣਤੀ ‘ਚ ਸੀਨੀਅਰ ਅਧਿਕਾਰੀ ਅਤੇ ਇਲਾਕਾ ਨਿਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ।
ਨੰ:ਲਸਪ (ਪ੍ਰੈ.ਰੀ.)-2019/770
ਫੋਟੋ ਕੈਪਸ਼ਨ-ਪਟਿਆਲਾ ਦੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਥਾਪਰ ਯੂਨੀਵਰਸਿਟੀ ਦੇ ਪਿਛਲੇ ਪਾਸੇ ਬਣਾਏ 66 ਕੇ.ਵੀ. ਸਬ ਸਟੇਸ਼ਨ ਨੂੰ ਲੋਕਾਂ ਨੂੰ ਸਮਰਪਿਤ ਕਰਦੇ ਹੋਏ। ਉਨ੍ਹਾਂ ਦੇ ਨਾਲ ਬਿਜਲੀ ਨਿਗਮ ਦੇ ਸੀ.ਐਮ.ਡੀ. ਇੰਜ. ਬਲਦੇਵ ਸਿੰਘ ਸਰਾਂ, ਡਾਇਰੈਕਟਰ ਪ੍ਰਬੰਧਕੀ ਸ੍ਰੀ ਆਰ.ਪੀ. ਪਾਂਡਵ ਅਤੇ ਹੋਰ ਮੈਂਬਰ ਵੀ ਨਜਰ ਆ ਰਹੇ ਹਨ।