Chhoti Nadi Patiala gets makeover

February 19, 2020 - PatialaPolitics


ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਛੋਟੀ ਨਦੀ ‘ਤੇ 250 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਪੁਲ ਨੂੰ ਸੂਬਾ ਵਾਸੀਆਂ ਨੂੰ ਅੱਜ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਅਤੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਵੀ ਮੌਜੂਦ ਰਹੇ।
ਇਸ ਮੌਕੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਸਨੌਰੀ ਅੱਡੇ ਦੇ ਵਾਸੀਆਂ ਦੀ ਲੰਮੇ ਸਮੇਂ ਤੋਂ ਛੋਟੀ ਨਦੀ ‘ਤੇ ਨਵੇਂ ਪੁਲ ਦੀ ਮੰਗ ਅੱਜ ਪੂਰੀ ਹੋ ਗਈ ਹੈ ਅਤੇ ਇਸ ਪੁਲ ਦੇ ਬਣਨ ਨਾਲ ਸਨੌਰੀ ਅੱਡੇ ਦੇ ਆਲ-ਦੁਆਲੇ ਦਾ ਹੁਣ ਤੇਜ਼ੀ ਨਾਲ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪੁਲ ਦੇ ਬਣਨ ਨਾਲ ਸਨੌਰ, ਪਹੇਵਾ, ਦੇਵੀਗੜ੍ਹ, ਬਲਬੇੜਾ, ਚੀਕਾਂ, ਕੈਥਲ ਜਾਣ ਵਾਲਿਆਂ ਨੂੰ ਕਾਫ਼ੀ ਲਾਭ ਪੁਜੇਗਾ ਅਤੇ ਪਟਿਆਲਾ ਜ਼ਿਲ੍ਹੇ ਦੇ ਵੀ 250 ਦੇ ਕਰੀਬ ਪਿੰਡਾਂ ਦਾ ਸ਼ਹਿਰ ਨਾਲ ਵਧੀਆਂ ਸੰਪਰਕ ਬਣੇਗਾ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਹੀ ਸੂਬੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਜਾਣ ਲਈ ਆਵਾਜਾਈ ਲਈ ਸੜਕਾਂ ਚੰਗੀਆਂ ਹੋਣਗੀਆਂ ਤਾਂ ਸੂਬਾ ਵੀ ਤੇਜ਼ੀ ਨਾਲ ਤਰੱਕੀ ਕਰੇਗਾ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਚਲਾਈ ਜਾ ਰਹੀ ਪਲਾਸਟਿਕ ਮੁਕਤ ਪਟਿਆਲਾ ਮੁਹਿੰਮ ਵਿਚ ਵਧ ਚੜਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਕੋਈ ਵੀ ਮੁਹਿੰਮ ਉਨ੍ਹੀ ਦੇਰ ਸਫਲ ਨਹੀਂ ਹੋ ਸਕਦੀ ਜਿੰਨੀ ਦੇਰ ਆਮ ਲੋਕ ਉਸ ਮੁਹਿੰਮ ਦਾ ਹਿੱਸਾ ਨਾ ਬਣਨ।
ਇਸ ਮੌਕੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸੰਬੋਧਨ ਕਰਦਿਆ ਕਿਹਾ ਕਿ 250 ਲੱਖ ਦੀ ਲਾਗਤ ਨਾਲ ਬਣੇ ਇਸ ਪੁਲ ਨਾਲ ਜਿਥੇ ਸ਼ਹਿਰ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਲਾਭ ਹੋਵੇਗਾ ਉਥੇ ਹੀ ਵਿਸਾਖੀ ਤੱਕ ਵੱਡੀ ਨਦੀ ‘ਤੇ ਬਣਾਇਆ ਜਾ ਰਿਹਾ ਪੁਲ ਵੀ ਸੂਬਾ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਸ੍ਰੀ ਭੂਤ ਨਾਥ ਜੀ ਦਾ ਮੰਦਰ ਹੈ ਜਿਥੇ ਸ਼ਿਵਰਾਤਰੀ ਮੌਕੇ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ ਹੁਣ ਇਸ ਪੁਲ ਦੇ ਬਣਨ ਨਾਲ ਸ਼ਿਵਰਾਤਰੀ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਆਵਾਜਾਈ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਪੀ.ਆਈ.ਡੀ.ਬੀ. ਪ੍ਰੋਜੈਕਟ ਅਧੀਨ ਬਣੇ ਇਸ ਪੁਲ ਦੀ ਲੰਬਾਈ 24 ਮੀਟਰ ਅਤੇ ਇਸ ਚਹੁੰ ਮਾਰਗੀ ਇਸ ਪੁਲ ਦੀ ਚੌੜਾਈ 18 ਮੀਟਰ ਹੈ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸਨੌਰੀ ਅੱਡੇ ਅਤੇ ਨਾਲ ਲਗਦੇ ਇਲਾਕਿਆਂ ਲਈ ਸਰਕਾਰ ਵੱਲੋਂ 37 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕੰਮ ਕੀਤੇ ਜਾ ਰਹੇ ਹਨ ਜਿਸ ਤਹਿਤ 12 ਕਿਲੋਮੀਟਰ ਲੰਮੀ ਪਟਿਆਲਾ ਪਹੇਵਾ ਸੜਕ ਮੀਰਾਪੁਰ ਤੱਕ ਨੂੰ 13.50 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਬੜੀ ਨਦੀ ‘ਤੇ 3.50 ਕਰੋੜ ਰੁਪਏ ਦੀ ਲਾਗਤ ਨਾਲ ਪੁਲ ਬਣਾਇਆ ਜਾ ਰਿਹਾ ਹੈ ਜੋ ਵਿਸਾਖੀ ਤੱਕ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੜੀ ਤੇ ਛੋਟੀ ਨਦੀ ਨਾਲ ਲਗਦੀਆਂ ਸੜਕਾਂ ਨੂੰ ਵੀ 5.75 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਅਤੇ ਛੋਟੀ ਤੇ ਵੱਡੀ ਨਦੀ ਵਿਚਕਾਰ 1.20 ਕਰੋੜ ਰੁਪਏ ਦੀ ਲਾਗਤ ਨਾਲ ਚਹੁੰ ਮਾਰਗੀ ਸੜਕ ਦਾ ਕੰਮ ਵੀ ਪੂਰਾ ਹੋਣ ਨੇੜੇ ਹੈ। ਉਨ੍ਹਾਂ ਦੱਸਿਆ ਕਿ ਡਕਾਲਾ ਰੋਡ ਸ਼ੀਸ਼ ਮਹਿਲ ਤੋਂ ਬਾਈਪਾਸ ਤੱਕ ਕਰੀਬ 5 ਕਿਲੋਮੀਟਰ ਸੜਕ ਦਾ ਕੰਮ ਵੀ 5.5 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਅਤੇ ਚਾਰ ਕਿਲੋਮੀਟਰ ਲੰਮੀ ਪਟਿਆਲਾ ਸਨੌਰ ਸੜਕ ਨੂੰ ਵੀ 5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਸਨੌਰੀ ਅੱਡੇ ਇਲਾਕੇ ਵਿਚ ਲਗਾਤਾਰ ਵਿਕਾਸ ਕਾਰਜ ਜਾਰੀ ਹਨ ਜਿਸ ਤਹਿਤ ਪਿਛਲੇ ਸਮੇਂ ਦੌਰਾਨ ਗਰਿਡ ਬਣਾਇਆ ਹੈ ਅਤੇ ਸੜਕਾਂ ਚੌੜੀਆਂ ਕੀਤੀਆਂ ਗਈ ਹਨ ਅਤੇ ਚਲਦੀ ਹੀ ਵੱਡੀ ਤੇ ਛੋਟੀ ਨਦੀ ਦੇ ਸੁੰਦਰੀਕਰਨ ਦਾ ਕੰਮ ਵੀ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ‘ਚ ਇਕ ਵੱਡੀ ਸਮੱਸਿਆ ਸੀਵਰੇਜ ਬੰਦ ਹੋਣ ਦੀ ਸੀ ਜਿਸ ਨੂੰ ਦੂਰ ਕਰਨ ਲਈ 15 ਫੁੱਟ ਡੂੰਘੀ ਸੀਵਰੇਜ ਲਾਈਨ ਪਾਕੇ ਉਸ ਸਮੱਸਿਆ ਦਾ ਵੀ ਸਥਾਈ ਹੱਲ ਕੀਤਾ ਗਿਆ ਹੈ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ੍ਰੀ ਰਾਜੇਸ਼ ਕੁਮਾਰ ਸ਼ਰਮਾ, ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿੰਨਤੀ ਸੰਗਰ, ਸ੍ਰੀ ਸੋਨੂੰ ਸੰਗਰ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਅਨੁਜ ਖੋਸਲਾ, ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਸ. ਵਰਿੰਦਰਜੀਤ ਸਿੰਘ ਢੀਂਡਸਾ, ਐਸ.ਈ. ਸ੍ਰੀ ਐਨ.ਆਰ. ਗੋਇਲ, ਐਕਸੀਅਨ ਸ੍ਰੀ ਨਵੀਨ ਮਿੱਤਲ, ਐਸ.ਡੀ.ਓ. ਸ. ਰੀਤ ਜਸ਼ਨ ਸਿੰਘ ਸਿੱਧੂ, ਬਲਾਕ ਪ੍ਰਧਾਨ ਸ੍ਰੀ ਨਰੇਸ਼ ਦੁੱਗਲ, ਸ੍ਰੀ ਅਤੁਲ ਜੋਸ਼ੀ, ਬਲਾਕ ਸੰਮਤੀ ਸਨੌਰ ਦੇ ਚੇਅਰਮੈਨ ਸ੍ਰੀ ਅਸ਼ਵਨੀ ਬੱਤਾ, ਸ. ਜੋਗਿੰਦਰ ਸਿੰਘ ਕਾਕੜਾ, ਸ੍ਰੀ ਵਿਨੋਦ ਕੁਮਾਰ ਨੀਟੂ, ਕੌਸ਼ਲਰ ਸ੍ਰੀ ਹਰੀਸ਼ ਗਿੰਨੀ ਨਾਗਪਾਲ, ਸ੍ਰੀਮਤੀ ਸੋਨੀਆ ਕਪੂਰ, ਸ੍ਰੀ ਸੰਦੀਪ ਮਲਹੋਤਰਾ ਸ੍ਰੀ ਹਰੀਸ਼ ਕਪੂਰ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ।