Coronavirus blast in Patiala,DC meeting with officials 12 July 2020

July 12, 2020 - PatialaPolitics


ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ‘ਚ ਕੋਵਿਡ-19 ਸਬੰਧੀਂ ਪੈਦਾ ਹੋਈ ਤਾਜਾ ਸਥਿਤੀ ਦੀ ਸਮੀਖਿਆ ਕਰਦਿਆਂ ਇਸ ਨਾਲ ਨਜਿੱਠਣ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ।
ਅੱਜ ਇੱਥੇ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਅਤੇ ਸਮੂਹ ਐਸ.ਡੀ.ਐਮਜ ਨਾਲ ਕੀਤੀ ਇਕ ਅਹਿਮ ਬੈਠਕ ਦੌਰਾਨ ਸ੍ਰੀ ਕੁਮਾਰ ਅਮਿਤ ਨੇ ਕੋਵਿਡ-19 ਦੇ ਲਗਾਤਾਰ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੋਰੋਨਾ ਵਾਇਰਸ ਦੀ ਲਾਗ ਫੈਲਣ ਤੋਂ ਰੋਕਣ ਲਈ ਇਹਤਿਆਤ ਸਖ਼ਤੀ ਨਾਲ ਵਰਤਣ ਦੇ ਆਦੇਸ਼ ਜਾਰੀ ਕੀਤੇ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਆਪਸੀ ਤਾਲਮੇਲ ਤੇ ਸਾਂਝੀ ਜਿੰਮੇਵਾਰੀ ਨਾਲ ਕੋਵਿਡ-19 ਦੇ ਵਧਦੇ ਕੇਸਾਂ ‘ਤੇ ਕਾਬੂ ਪਾਉਣ ਲਈ 24 ਘੰਟੇ ਤਤਪਰ ਹੈ।
ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ ਮਾਈਕਰੋ ਕੰਟੇਨਮੈਂਟ ਜੋਨਾਂ ‘ਚ ਨਿਰਧਾਰਤ ਸੰਚਾਲਣ ਵਿਧੀ ਦਾ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਸੈਕਟਰ ਮੈਜਿਸਟਰੇਟਾਂ ਤੇ ਪੁਲਿਸ ਦੀ ਤਾਇਨਾਤੀ 24 ਘੰਟੇ ਕਰਕੇ ਪ੍ਰੋਟੋਕਾਲ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਰੁੱਧ ਕੇਸ ਦਰਜ ਕੀਤੇ ਜਾਣ। ਇਸ ਤੋਂ ਬਿਨ੍ਹਾਂ ਮਾਸਕ ਪਾਉਣੇ, ਆਪਸੀ ਦੂਰੀ ਆਦਿ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਤੇਜੀ ਨਾਲ ਕਰਨੇ ਯਕੀਨੀ ਬਣਾਏ ਜਾਣ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਤਾਜਾ ਹੁਕਮਾਂ ਮੁਤਾਬਕ ਕਮਿਸਨਰ, ਨਗਰ ਨਿਗਮ ਕੰਟੇਨਮੈਂਟ ਜੋਨਾਂ ‘ਚ ਜਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣਗੇ ਤੇ ਸਬ ਡਵੀਜਨਾਂ ‘ਚ ਇਸ ਸਬੰਧੀਂ ਨਿਗਰਾਨੀ ਰੱਖਣਗੇ। ਇਸ ਤੋਂ ਬਿਨ੍ਹਾਂ ਜ਼ਿਲ੍ਹੇ ‘ਚ ਆਉਣ ਵਾਲੇ ਐਨ.ਆਰ.ਆਈਜ, ਵਿਦੇਸ਼ੀਆਂ ਤੇ ਵਾਪਸ ਪਰਤੇ ਭਾਰਤੀਆਂ ਦੇ ਲਾਜਮੀ ਇਕਾਂਤਵਾਸ ‘ਤੇ ਵੀ ਨਿਗਰਾਨੀ ਕਰਨਗੇ।
ਸ੍ਰੀ ਕੁਮਾਰ ਅਮਿਤ ਨੇ ਰੈਪਿਡ ਐਂਟੀਜਨ ਟੈਸਟ ਕਿੱਟਾਂ ਰਾਹੀਂ ਸ਼ੁਰੂ ਕੀਤੇ ਟੈਸਟਾਂ ‘ਤੇ ਤਸੱਲੀ ਪ੍ਰਗਟਾਉਂਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਤੇ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੂੰ ਕਿਹਾ ਕਿ ਟੈਸਟਿੰਗ ਹੋਰ ਬਰੀਕੀ ਨਾਲ ਕਰਕੇ ਘਰ-ਘਰ ਸਰਵੇ ਕਰਵਾਇਆ ਜਾਵੇ ਤਾਂ ਕਿ ਸ਼ੱਕੀ ਮਾਮਲਿਆਂ ਦਾ ਪਤਾ ਲਗਾਇਆ ਜਾ ਸਕੇ। ਇਸ ਤੋਂ ਬਿਨ੍ਹਾਂ ਗੰਭੀਰ ਮਰੀਜਾਂ ਦੀ ਪੂਰੀ ਨਿਗਰਾਨੀ ਕੀਤੀ ਜਾਵੇ ਅਤੇ ਰਿਪੋਰਟ ਉਨ੍ਹਾਂ ਨੂੰ ਦਿੱਤੀ ਜਾਵੇ। ਆਰ.ਐਮ.ਪੀਜ ‘ਤੇ ਵੀ ਨਿਗਰਾਨੀ ਕੀਤੀ ਜਾਵੇ ਤਾਂ ਕਿ ਕੋਵਿਡ-19 ਦੇ ਲੱਛਣਾਂ ਵਾਲੇ ਵਿਅਕਤੀ ਉਨ੍ਹਾਂ ਤੋਂ ਆਪਣਾ ਇਲਾਜ ਕਰਵਾ ਕੇ ਲਾਗ ਅੱਗੇ ਨਾ ਫੈਲਾ ਸਕਣ।
ਉਨ੍ਹਾਂ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐਸ.ਡੀ.ਐਮਜ ਤੇ ਸਿਵਲ ਸਰਜਨ ਰਾਹੀਂ ਕੋਵਿਡ-19 ਦਾ ਪਤਾ ਲਾਉਣ ਲਈ ਟੈਸਟਿੰਗ, ਆਈਸੋਲੇਸ਼ਨ ਮਾਮਲਿਆਂ, ਘਰਾਂ ‘ਚ ਆਈਸੋਲੇਸਟ ਕੀਤੇ ਪਾਜਿਟਿਵ ਕੇਸਾਂ ਸਮੇਤ ਕੋਵਿਡ-19 ਆਈਸੋਲੇਸ਼ਨ ਲਈ ਸਰਕਾਰੀ ਤੇ ਨਿਜੀ ਹਸਪਤਾਲਾਂ ‘ਚ ਲੈਵਲ-1,2 ਤੇ 3 ਸਹੂਲਤਾਂ ਦੀ ਨਿਗਰਾਨੀ ਕਰਨਗੇ।
ਜਦੋਂਕਿ ਵਧੀਕ ਡਿਪਟੀ ਕਮਿਸ਼ਨਰ ਜਨਰਲ, ਐਸ.ਐਸ.ਪੀ., ਐਸ.ਡੀ.ਐਮਜ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਤੇ ਸਿਵਲ ਸਰਜਨ ਦਫ਼ਤਰ ਨਾਲ ਤਾਲਮੇਲ ਕਰਕੇ ਜ਼ਿਲ੍ਹੇ ‘ਚ ਸੜਕੀ, ਰੇਲ ਤੇ ਹਵਾਈ ਸਫ਼ਰ ਰਾਹੀਂ ਦਾਖਲ ਹੋਣ ਵਾਲਿਆਂ ਦੀ ਮੋਨੀਟਰਿੰਗ ਕਰਨਗੇ। ਖਾਸ ਕਰਕੇ ਸ਼ੰਭੂ ਰਾਹੀਂ ਪੰਜਾਬ ਆਉਣ ਵਾਲਿਆਂ ਦੀ ਸਖ਼ਤੀ ਨਾਲ ਮੋਨੀਟਰਿੰਗ ਕੀਤੀ ਜਾਵੇਗੀ। ਇਸ ਤੋਂ ਬਿਨ੍ਹਾਂ ਕੰਟੇਨਮੈਂਟ ਜੋਨ ਤੇ ਮਾਈਕਰੋ ਕੰਟੇਨਮੈਂਟ ਜੋਨਾਂ ‘ਚ ਨਿਰਧਾਰਤ ਨੇਮਾਂ ਦੀ ਸਖ਼ਤੀ ਨਾਲ ਨਿਗਰਾਨੀ ਕਰਵਾਈ ਜਾਵੇਗੀ।
ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਅਤੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਪੂਰੀ ਪ੍ਰਕ੍ਰਿਆ ਅਤੇ ਕੰਟਰੋਲ ਰੂਮ ‘ਤੇ ਆਪਸੀ ਤਾਲਮੇਲ ਨਾਲ ਨਿਗਰਾਨੀ ਰੱਖਣਗੇ। ਪਟਿਆਲਾ-1 ਲਈ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਤੇ ਡੀ.ਐਸ.ਪੀ. ਸਿਟੀ-1 ਤੇ ਨਗਰ ਨਿਗਮ ਕਮਿਸ਼ਨਰ ਨੂੰ ਰਿਪੋਰਟ ਦੇਣਗੇ ਜਦਕਿ ਪਟਿਆਲਾ-2 ਹਲਕੇ ਲਈ ਐਸ.ਡੀ.ਐਮ. ਪਟਿਆਲਾ ਤੇ ਡੀ.ਐਸ.ਪੀ. ਸਿਟੀ-2 ਕੋਵਿਡ-19 ਨੇਮਾਂ ਦੀ ਪਾਲਣਾ ਕਰਵਾਉਣਗੇ ਤੇ ਏ.ਡੀ.ਸੀ. (ਜ) ਨੂੰ ਰਿਪੋਰਟ ਦੇਣਗੇ।
ਸ੍ਰੀ ਕੁਮਾਰ ਅਮਿਤ ਨੇ ਐਸ.ਡੀ.ਐਮਜ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਤਾਜਾ ਸਥਿਤੀ ਨੂੰ ਹੰਗਾਮੀ ਮੰਨਦਿਆਂ ਇਸ ‘ਤੇ ਕਾਬੂ ਪਾਉਣ ਲਈ ਪੰਜਾਬ ‘ਚ ਬਾਹਰੋਂ, ਖਾਸ ਕਰਕੇ ਦਿੱਲੀ, ਮੁੰਬਈ ਤੇ ਹੋਰ ਰਾਜਾਂ ਤੋਂ ਆਉਣ ਵਾਲਿਆਂ ਸਮੇਤ ਪਾਜਿਟਿਵ ਮਾਮਲਿਆਂ ਦੀ ਨਿਗਰਾਨੀ ਲਈ ਫਲਾਇੰਗ ਸਕੁਐਡ, ਪਟਵਾਰੀਆਂ, ਆਸ਼ਾ ਤੇ ਆਂਗਣਵਾੜੀ ਵਰਕਰਾਂ, ਪੁਲਿਸ ਅਤੇ ਸਮਾਜ ਸੇਵੀ ਜਥੇਬੰਦੀਆਂ ਨਾਲ ਤਾਲਮੇਲ ਕੀਤਾ ਜਾਵੇ।