Coronavirus: Unlock 3.0 orders by Patiala administration,all open on Rakhi festival

August 1, 2020 - PatialaPolitics


ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਰਾਤ ਦੇ ਲਾਗੂ ਕਰਫਿਊ ਦਾ ਸਮਾਂ ਤਬਦੀਲ ਕਰਦਿਆਂ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਜਰੂਰੀ ਸੇਵਾਵਾਂ ਤੋਂ ਬਗ਼ੈਰ ਆਮ ਲੋਕਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾਈ ਹੈ। ਜਦੋਂ ਕਿ ਅਨਲੌਕ-3 ਪੀਰੀਅਡ ਸਬੰਧੀਂ ਪੰਜਾਬ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਵਿਡ-19 ਦੇ ਮੱਦੇਨਜ਼ਰ ਐਲਾਨੇ ਜਾਣ ਵਾਲੇ ਸੀਮਤ ਖੇਤਰਾਂ ‘ਚ ਤਾਲਾਬੰਦੀ 31 ਅਗਸਤ 2020 ਤੱਕ ਲਾਗੂ ਰਹੇਗੀ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਇਲਾਕਿਆਂ ‘ਚ ਸਕੂਲ, ਕਾਲਜ, ਵਿਦਿਅਕ ਅਤੇ ਕੋਚਿੰਗ ਸੰਸਥਾਵਾਂ 31 ਅਗਸਤ 2020 ਤੱਕ ਬੰਦ ਰਹਿਣਗੀਆਂ। ਆਨਲਾਈਨ / ਡਿਸਟੈਂਸ ਲਰਨਿੰਗ ਦੀ ਆਗਿਆ ਨੂੰ ਹੋਰ ਉਤਸ਼ਾਹਤ ਕੀਤਾ ਜਾਵੇਗਾ। ਜਦੋਂਕਿ ਯੋਗਾ ਸੰਸਥਾਵਾਂ, ਜਿੰਮ 5 ਅਗਸਤ ਤੋਂ ਖੋਲੇ ਜਾ ਸਕਣਗੇ ਪਰੰਤੂ ਨਿਰਧਾਰਤ ਨਿਯਮਾਂ ਦੀ ਪਾਲਣਾ ਲਾਜਮੀ ਹੋਵੇਗੀ।
ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ‘ਚ ਜਿਨ੍ਹਾਂ ਦੀ ਆਗਿਆ ਨਹੀਂ ਹੈ ਉਨ੍ਹਾਂ ਵਿੱਚ ਮੈਟਰੋ ਰੇਲ, ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਸਮਾਨ ਥਾਵਾਂ ਸ਼ਾਮਲ ਹਨ।ਐਮ.ਐਚ.ਏ. ਤੋ ਬਿਨ੍ਹਾਂ ਅੰਤਰਰਾਸ਼ਟਰੀ ਹਵਾਈ ਯਾਤਰਾ ‘ਤੇ ਵੀ ਪਾਬੰਦੀ ਹੋਵੇਗੀ।ਇਸ ਤੋਂ ਇਲਾਵਾ ਸਮਾਜਿਕ / ਰਾਜਨੀਤਿਕ / ਮਨੋਰੰਜਨ / ਅਕਾਦਮਿਕ / ਸਭਿਆਚਾਰਕ / ਧਾਰਮਿਕ ਕਾਰਜਾਂ ਅਤੇ ਹੋਰ ਵੱਡੇ ਇਕੱਠਾਂ ‘ਤੇ ਵੀ ਪਾਬੰਦੀ ਰਹੇਗੀ। ਹੋਰ ਸਾਰੀਆਂ ਗਤੀਵਿਧੀਆਂ ਦੀ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਖੇਤਰਾਂ ਵਿੱਚ ਆਜ਼ਾਦੀ ਹੋਵੇਗੀ।
ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ ਹਾਲਾਂਕਿ, ਬਹੁਤ ਸਾਰੀਆਂ ਗਤੀਵਿਧੀਆਂ ਜਿਵੇਂ ਮਲਟੀਪਲ ਸ਼ਿਫਟਾਂ, ਰਾਸ਼ਟਰੀ ਅਤੇ ਰਾਜ ਮਾਰਗਾਂ ‘ਤੇ ਵਿਅਕਤੀਆਂ ਅਤੇ ਚੀਜ਼ਾਂ ਦੀ ਆਵਾਜਾਈ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਉਤਰਨ ਤੋਂ ਬਾਅਦ ਮਾਲ-ਮਾਲ ਨੂੰ ਉਤਾਰਨ ਅਤੇ ਵਿਅਕਤੀਆਂ ਨੂੰ ਆਪੋ ਆਪਣੇ ਸਥਾਨਾਂ ‘ਤੇ ਜਾਣ ਸਮੇਤ ਜ਼ਰੂਰੀ ਕੰਮਾਂ ਦੀ ਆਗਿਆ ਹੋਵੇਗੀ।
ਇਸ ਤੋਂ ਇਲਾਵਾ, ਯਾਤਰੀ ਰੇਲ ਗੱਡੀਆਂ ਅਤੇ ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ, ਘਰੇਲੂ ਹਵਾਈ ਯਾਤਰਾ, ਦੇਸ਼ ਤੋਂ ਬਾਹਰ ਫਸੇ ਭਾਰਤੀ ਨਾਗਰਿਕਾਂ ਦੀ ਆਵਾਜਾਈ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣ ਅਤੇ ਨਿਸ਼ਾਨਦੇਹੀ ਅਤੇ ਭਾਰਤੀ ਸਮੁੰਦਰੀ ਯਾਤਰੀਆਂ ਦੇ ਸਾਈਨ ਆਨ ਅਤੇ ਸਾਈਨ ਆਫ ਐਸ.ਓ.ਪੀ.ਜ਼ ਅਨੁਸਾਰ ਨਿਯਮਤ ਕੀਤੇ ਜਾ ਸਕਦੇ ਹਨ।
65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਸਹਿ ਰੋਗ ਵਾਲੇ ਵਿਅਕਤੀਆਂ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜ਼ਰੂਰੀ ਵਸਤਾਂ ਅਤੇ ਸਿਹਤ ਦੇ ਉਦੇਸ਼ਾਂ ਨੂੰ ਛੱਡ ਕੇ ਘਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਸਾਲਾਨਾ ਇਮਤਿਹਾਨ, ਮੁਕਾਬਲੇ ਦੇ ਇਮਤਿਹਾਨ, ਯੂਨੀਵਰਸਿਟੀਆਂ, ਬੋਰਡਾਂ ਤੇ ਪਬਲਿਕ ਸਰਵਿਸ ਕਮਿਸ਼ਨਾਂ ਵੱਲੋਂ ਲਏ ਜਾਣ ਵਾਲੇ ਦਾਖਲਾ ਟੈਸਟਾਂ ਨੂੰ ਆਪਸੀ ਦੂਰੀ ਅਤੇ ਸੰਘੀ ਸਕੱਤਰ ਦੇ 20 ਮਈ 2020 ਦੇ ਡੀਓ ਲੈਟਰ ਮੁਤਾਬਕ ਆਗਿਆ ਹੋਵੇਗੀ।
ਵਿਆਹ ਨਾਲ ਜੁੜੇ ਇਕੱਠਾਂ ਵਿਚ ਮਹਿਮਾਨਾਂ ਦੀ ਗਿਣਤੀ 30 ਤੋਂ ਵੱਧ ਨਾ ਹੋਵੇ ਅਤੇ ਅੰਤਿਮ ਸੰਸਕਾਰ / ਅੰਤਮ ਰਸਮਾਂ ‘ਚ ਵਿਅਕਤੀਆਂ ਦੀ ਗਿਣਤੀ 20 ਤੋਂ ਵੱਧ ਨਾ ਹੋਵੇ। ਜਨਤਕ ਥਾਵਾਂ ‘ਤੇ ਥੁੱਕਣਾ ਪੂਰੀ ਤਰ੍ਹਾਂ ਵਰਜਿਤ ਹੈ ਤੇ ਜੁਰਮਾਨੇ ਨਾਲ ਸਜਾ ਯੋਗ ਹੈ। ਜਨਤਕ ਥਾਵਾਂ ‘ਤੇ ਸ਼ਰਾਬ, ਪਾਨ, ਗੁਟਕਾ, ਤੰਬਾਕੂ ਆਦਿ ਦੀ ਵਰਤੋਂ ਵਰਜਿਤ ਹੈ। ਹਾਲਾਂਕਿ, ਇਨ੍ਹਾਂ ਚੀਜ਼ਾਂ ਦੀ ਵਿਕਰੀ ‘ਤੇ ਕੋਈ ਰੋਕ ਨਹੀਂ ਹੋਵੇਗੀ।
ਪੂਜਾ ਸਥਾਨ / ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ।ਪੂਜਾ ਦੇ ਸਮੇਂ ਵੱਧ ਤੋਂ ਵੱਧ ਵਿਅਕਤੀਆਂ ਦੀ ਗਿਣਤੀ 20 ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਇਨ੍ਹਾਂ ਥਾਵਾਂ ਦੇ ਪ੍ਰਬੰਧਕ, ਹੱਥਾਂ ਦੀ ਸਫਾਈ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕਰਨਗੇ। ਲੰਗਰ ਅਤੇ ਪ੍ਰਸਾਦ ਵੰਡਣ ਦੀ ਆਗਿਆ ਹੈ। ਧਾਰਮਿਕ ਸਥਾਨਾਂ ਵੀ ਐਸ.ਓ.ਪੀ. ਮੁਤਾਬਕ ਕਾਰਜਸ਼ੀਲ ਹੋਣਗੇ।
ਇਸੇ ਤਰ੍ਹਾਂ, ਰੈਸਟੋਰੈਂਟਾਂ ਨੂੰ 50 ਫੀਸਦੀ ਸਮਰੱਥਾ ਜਾਂ 50 ਮਹਿਮਾਨਾਂ ਨਾਲ ਰਾਤ ਦੇ 10 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੈ। ਜੇਕਰ ਰੈਸਟੋਰੈਂਟ ਵਿਚ ਆਬਕਾਰੀ ਵਿਭਾਗ ਦੀ ਮਨਜ਼ੂਰੀ ਹੋਵੇ ਤਾਂ ਸ਼ਰਾਬ ਵਰਤਾਈ ਜਾ ਸਕੇਗੀ। ਹਾਲਾਂਕਿ, ਬਾਰਾਂ ਬੰਦ ਰਹਿਣਗੀਆਂ। ਪ੍ਰਬੰਧਨ ਐਸਓਪੀਜ਼ ਦੀ ਪਾਲਣਾ ਕਰੇਗਾ।
ਹੋਟਲਾਂ ਵਿੱਚ ਰੈਸਟੋਰੈਂਟਾਂ ਨੂੰ ਬਫ਼ੇ ਸਮੇਤ ਖਾਣਾ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਵਿੱਚ ਉਨ੍ਹਾਂ ਦੇ ਬੈਠਣ ਦੀ ਸਮਰੱਥਾ ਦਾ 50 ਫੀਸਦੀ ਜਾਂ 50 ਮਹਿਮਾਨ, ਜੋ ਵੀ ਘੱਟ ਹੋਵੇ, ਦੀ ਆਗਿਆ ਹੋਵੇਗੀ। ਇਹ ਰੈਸਟੋਰੈਂਟ ਹੋਟਲ ਦੇ ਮਹਿਮਾਨਾਂ ਤੋਂ ਇਲਾਵਾ ਹੋਰ ਵਿਅਕਤੀਆਂ ਲਈ ਵੀ ਖੁੱਲ੍ਹੇ ਰਹਿਣਗੇ ਪਰ ਹੋਟਲ ਦੇ ਮਹਿਮਾਨਾਂ ਤੇ ਬਾਹਰੋਂ ਆਏ ਵਿਅਕਤੀਆਂ ਲਈ ਰਾਤ 10 ਵਜੇ ਤੱਕ ਦਾ ਸਮਾਂ ਹੋਵੇਗਾ। ਬਾਰ ਬੰਦ ਰਹਿਣਗੇ। ਹਾਲਾਂਕਿ, ਰਾਜ ਦੀ ਆਬਕਾਰੀ ਨੀਤੀ ਤਹਿਤ ਆਗਿਆ ਅਨੁਸਾਰ ਸ਼ਰਾਬ ਕਮਰਿਆਂ ਤੇ ਰੈਸਟੋਰੈਂਟਾਂ ਵਿੱਚ ਵਰਤਾਈ ਜਾ ਸਕਦੀ ਹੈ।
ਵਿਆਹ ਸਮਾਰੋਹਾਂ ਤੋਂ ਇਲਾਵਾ ਬੈਨਕੁਏਟ ਹਾਲਾਂ ‘ਚ ‘ਓਪਨ-ਏਅਰ’ ਪਾਰਟੀਆਂ, ਮੈਰਿਜ ਪੈਲੇਸਾਂ, ਹੋਟਲਾਂ ਤੇ ਖੁੱਲ੍ਹੇ ਸਥਾਨਾਂ ‘ਚ ਹੋਣ ਵਾਲੇ ਹੋਰ ਸਮਾਜਿਕ ਕਾਰਜਾਂ ਤੇ ਪਾਰਟੀਆਂ ਵਿੱਚ 30 ਤੱਕ ਵਿਅਕਤੀ ਸ਼ਾਮਲ ਹੋ ਸਕਣਗੇ। ਕੈਟਰਿੰਗ ਸਟਾਫ਼ ਤੋਂ ਬਿਨ੍ਹਾਂ ਮਹਿਮਾਨਾਂ ਦੀ ਗਿਣਤੀ 30 ਵਿਅਕਤੀਆਂ ਤੋਂ ਵੱਧ ਨਹੀਂ ਹੋਵੇਗੀ।
30 ਵਿਅਕਤੀਆਂ ਲਈ ਬੈਨਕੁਏਟ ਹਾਲ ਅਤੇ ਸਥਾਨ ਦਾ ਆਕਾਰ ਘੱਟੋ ਘੱਟ 5,000 ਵਰਗ ਫੁੱਟ ਹੋਣਾ ਚਾਹੀਦਾ ਹੈ ਤਾਂ ਜੋ ਹਰੇਕ ਵਿਅਕਤੀ ਲਈ ’10X10′ ਖੇਤਰ ਦੀ ਜ਼ਰੂਰਤ ਦੇ ਅਧਾਰ ‘ਤੇ ਲੋੜੀਂਦੀ ਸਮਾਜਕ ਦੂਰੀ ਦਾ ਪਾਲਣ ਕੀਤਾ ਜਾ ਸਕੇ। ਬਾਰਾਂ ਬੰਦ ਰਹਿਣਗੀਆਂ। ਹਾਲਾਂਕਿ ਰਾਜ ਦੀ ਆਬਕਾਰੀ ਨੀਤੀ ਅਨੁਸਾਰ ਸਮਾਗਮ ਵਿੱਚ ਸ਼ਰਾਬ ਵਰਤਾਈ ਜਾ ਸਕਦੀ ਹੈ।ਹੋਟਲ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਲਈ ਐਸਓਪੀਜ਼ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ।
ਸ਼ਹਿਰੀ ਅਤੇ ਦਿਹਾਤੀ ਦੋਵਾਂ ਖੇਤਰਾਂ ਦੇ ਮੁੱਖ ਬਜ਼ਾਰਾਂ ਵਿੱਚ ਦੁਕਾਨਾਂ ਸਮੇਤ ਸਾਰੇ ਸ਼ਾਪਿੰਗ ਮਾਲ ਅਤੇ ਦੁਕਾਨਾਂ ਨੂੰ ਸਵੇਰੇ 7.00 ਵਜੇ ਤੋਂ ਸ਼ਾਮ 8.00 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ।ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ।ਪੰਜਾਬ ਸਿਹਤ ਵਿਭਾਗ ਦੁਆਰਾ ਜਾਰੀ ਐਸਓਪੀਜ਼ ਤਹਿਤ ਨਾਈ ਦੀਆਂ ਦੁਕਾਨਾਂ, ਵਾਲ ਕੱਟਣ ਵਾਲੇ ਸੈਲੂਨ, ਬਿਊਟੀ ਪਾਰਲਰ ਅਤੇ ਸਪਾ ਨੂੰ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲ੍ਹਣ ਦੀ ਆਗਿਆ ਹੋਵੇਗੀ।
ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਨੂੰ ਸਾਰੇ ਦਿਨ ਰਾਤ 8 ਵਜੇ ਤੱਕ ਖੁੱਲ੍ਹਾ ਰਹਿਣ ਦਿਤਾ ਜਾਵੇਗਾ। ਰੈਸਟੋਰੈਂਟ ਅਤੇ ਸ਼ਰਾਬ ਦੇ ਠੇਕੇ ਸਾਰੇ ਦਿਨ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ। ਐਤਵਾਰ ਨੂੰ ਦੁਕਾਨਾਂ (ਜ਼ਰੂਰੀ ਚੀਜ਼ਾਂ ਤੋਂ ਇਲਾਵਾ) ਅਤੇ ਸ਼ਾਪਿੰਗ ਮਾਲ ਬੰਦ ਰਹਿਣਗੇ ਪਰੰਤੂ 2 ਅਗਸਤ ਨੂੰ ਰੱਖੜੀ ਕਰਕੇ ਸਾਰੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲਜ਼ ਸਵੇਰੇ 7 ਵਜੇ ਤੋਂ 8 ਵਜੇ ਤੱਕ ਖੁੱਲ੍ਹੇ ਰਹਿਣਗੇ।
ਰਾਜ ਦੇ ਸਿਹਤ ਵਿਭਾਗ ਦੇ ਐਸਓਪੀਜ਼ ਅਨੁਸਾਰ ਸਪੋਰਟਸ ਕੰਪਲੈਕਸ, ਸਟੇਡੀਅਮ ਅਤੇ ਜਨਤਕ ਪਾਰਕਾਂ ਨੂੰ ਬਿਨਾਂ ਦਰਸ਼ਕਾਂ ਦੇ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਣ ਦਿੱਤਾ ਜਾਵੇਗਾ। ਉਦਯੋਗਾਂ ਅਤੇ ਉਦਯੋਗਿਕ ਅਦਾਰਿਆਂ, ਨਿਰਮਾਣ ਕਾਰਜਾਂ ਆਦਿ ਦੀ ਆਗਿਆ ਹੋਵੇਗੀ। ਅੰਤਰਰਾਜੀ ਅਤੇ ਰਾਜ ਵਿੱਚ ਬੱਸਾਂ ਦੀ ਆਵਾਜਾਈ ਨੂੰ ਬਿਨਾਂ ਕਿਸੇ ਪਾਬੰਦੀ ਦੇ ਆਗਿਆ ਦਿੱਤੀ ਜਾਏਗੀ ਅਤੇ ਟਰਾਂਸਪੋਰਟ ਵਾਹਨ ਬੈਠਣ ਲਈ ਸਾਰੀਆਂ ਸੀਟਾਂ ਦੀ ਵਰਤੋਂ ਕਰ ਸਕਣਗੇ ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਉਦਯੋਗਾਂ ਤੇ ਹੋਰ ਅਦਾਰਿਆਂ ਨੂੰ ਉਨ੍ਹਾਂ ਦੇ ਕੰਮਕਾਜ ਲਈ ਵੱਖਰੀ ਆਗਿਆ ਦੀ ਲੋੜ ਨਹੀਂ ਪਵੇਗੀ।ਸਾਰੇ ਕਰਮਚਾਰੀਆਂ ਨੂੰ ਆਗਿਆ ਦਿੱਤੇ ਘੰਟਿਆਂ ਦੌਰਾਨ ਬਿਨਾਂ ਕਿਸੇ ਪਾਸ ਤੋਂ ਗਤੀਵਿਧੀ ਦੀ ਇਜਾਜ਼ਤ ਹੈ ਜਿਵੇਂ ਕਿ ਵੱਖ-ਵੱਖ ਅਦਾਰਿਆਂ ਲਈ ਉਪਰੋਕਤ ਪੈਰੇ ਵਿਚ ਦੱਸਿਆ ਗਿਆ ਹੈ। ਵਿਅਕਤੀਆਂ ਤੇ ਚੀਜਾਂ ਦੀ ਅੰਤਰ-ਰਾਜੀ ਤੇ ਰਾਜ ‘ਚ ਆਵਾਜਾਈ ਲਈ ਕੋਈ ਰੋਕ ਨਹੀਂ ਹੋਵੇਗੀ ਤੇ ਅਜਿਹੀ ਗਤੀਵਿਧੀ ਲਈ ਵੱਖਰੀ ਆਗਿਆ/ਮਨਜ਼ੂਰੀ/ਪਰਮਿਟ ਦੀ ਲੋੜ ਨਹੀਂ ਹੋਵੇਗੀ।ਅੰਤਰ-ਰਾਜ ਯਾਤਰੀਆਂ ਲਈ ਕੋਵਾ-ਐਪ ਅਤੇ ਸਵੈ-ਤਿਆਰ ਕੀਤੇ ਪਾਸ ਦੀ ਵਰਤੋਂ ਲਾਜ਼ਮੀ ਹੋਵੇਗੀ।
ਸਮਾਜਿਕ ਦੂਰੀ ਬਣਾਈ ਰੱਖਣ ਨੂੰ ਜ਼ਰੂਰੀ ਦੱਸਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਸਾਰੀਆਂ ਗਤੀਵਿਧੀਆਂ ਲਈ ਘੱਟੋ-ਘੱਟ 6 ਫੁੱਟ ਦੂਰੀ (ਦੋ ਗਜ਼ ਕੀ ਦੂਰੀ) ਹਮੇਸ਼ਾ ਰੱਖੀ ਜਾਵੇ। ਇਸ ਅਨੁਸਾਰ, ਜੇ ਕਿਸੇ ਗਤੀਵਿਧੀ ਕਾਰਨ ਭੀੜ ਹੁੰਦੀ ਹੈ, ਤਾਂ ਸਟੇਗਰਿੰਗ, ਰੋਟੇਸ਼ਨ, ਦਫਤਰਾਂ ਤੇ ਅਦਾਰਿਆਂ ਦੇ ਸਮੇਂ ਵਿੱਚ ਤਬਦੀਲੀ ਆਦਿ ਜ਼ਰੂਰੀ ਕਦਮ ਚੁੱਕੇ ਜਾਣ ਤੇ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਸਮਾਜਿਕ ਦੂਰੀਆਂ ਦੇ ਸਿਧਾਂਤਾਂ ਨਾਲ ਸਮਝੌਤਾ ਨਾ ਕੀਤਾ ਜਾਵੇ। ਕੰਮ ਕਰਨ ਵਾਲੇ ਸਥਾਨਾਂ ਸਮੇਤ ਜਨਤਕ ਥਾਵਾਂ ‘ਤੇ ਸਾਰੇ ਵਿਅਕਤੀਆਂ ਦੁਆਰਾ ਮਾਸਕ ਪਹਿਨਣੇ ਲਾਜ਼ਮੀ ਹੋਣਗੇ ਅਤੇ ਇਸ ‘ਤੇ ਸਖ਼ਤੀ ਨਾਲ ਨਿਗਰਾਨੀ ਅਤੇ ਅਮਲ ਕੀਤਾ ਜਾਵੇ।
ਰਾਜ ਸਰਕਾਰ ਨੇ ਕਰਮਚਾਰੀਆਂ ਨੂੰ ਸਲਾਹ ਕਿ ਉਹ ਆਰੋਗਯਾ ਸੇਤੂ ਐਪ ਇਨਸਟਾਲ ਕਰਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਤੇ ਲਾਕਡਾਊਨ ਉਪਾਵਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨੂੰ ਆਪਦਾ ਪ੍ਰਬੰਧਨ ਐਕਟ, 2005 ਦੀ ਧਾਰਾ 51 ਤੋਂ 60 ਅਧੀਨ, ਭਾਰਤੀ ਦੰਡਾਵਲੀ ਨਿਯਮ (ਆਈਪੀਸੀ) ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕਰਨ ਦੀ ਸਜ਼ਾ ਦਿੱਤੀ ਜਾਏਗੀ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਵਿਰੁੱਧ ਜੰਗ ਨੂੰ ਜਿੱਤਣ ਲਈ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ) ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਯਕੀਨੀ ਬਣਾਈ ਜਾਵੇ।