Coronavirus:First week of September very crucial for Patiala,be alert

August 26, 2020 - PatialaPolitics


ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਵਿਰੁੱਧ ਵਿੱਢੀ ਜੰਗ, ‘ਮਿਸ਼ਨ ਫ਼ਤਿਹ’ ਨੂੰ ਸਫ਼ਲ ਬਣਾਉਣ ਲਈ ਆਪਣਾ ਸਾਥ ਦੇਣ।
ਸ੍ਰੀ ਕੁਮਾਰ ਅਮਿਤ ਨੇ ਸੰਭਾਵਨਾ ਜਤਾਈ ਕਿ ਸਤੰਬਰ ਦੇ ਪਹਿਲੇ ਹਫ਼ਤੇ ਕੋਵਿਡ ਮਹਾਂਮਾਰੀ ਦਾ ਜੋਰ ਵੱਧ ਸਕਦਾ ਹੈ, ਇਸ ਲਈ ਅਗਲੇ 15 ਦਿਨ ਸਾਡੇ ਲਈ ਬਹੁਤ ਮਹੱਤਵਪੂਰਨ ਹਨ, ਜਿਸ ਲਈ ਲੋਕ ਪੂਰੇ ਇਹਤਿਆਤ ਵਰਤਣ ਅਤੇ ਆਪਣੇ ਬੱਚਿਆਂ, ਬਜ਼ੁਰਗਾਂ ਅਤੇ ਗੰਭੀਰ ਬਿਮਾਰਾਂ ਦਾ ਖਾਸ ਧਿਆਨ ਰੱਖਿਆ ਜਾਵੇ, ਗ਼ੈਰ ਜਰੂਰੀ ਆਵਾਜਾਈ ਤੋਂ ਗੁਰੇਜ਼ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਅੱਜ ਸ਼ਾਮ ਇੱਥੇ ਕਿਹਾ ਕਿ ਜਿਹੜੇ ਵਿਅਕਤੀਆਂ ਨੂੰ ਕੋਵਿਡ ਦੇ ਲੱਛਣ ਨਜ਼ਰ ਆਉਣ ਜੇਕਰ ਉਹ ਤੁਰੰਤ ਆਈਸੋਲੇਸ਼ਨ ਸਹੂਲਤ ‘ਚ ਚਲੇ ਜਾਣ ਤਾਂ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕੋਵਿਡ ਕੇਸਾਂ ‘ਚ ਵਾਧੇ ਦੀ ਸੰਭਾਵਨਾ ਦੇ ਮੱਦੇਨਜ਼ਰ ਹਰ ਕੇਸ ਲਈ ਸਾਡੇ ਕੋਲ ਲੋੜੀਂਦੇ ਬੈਡਜ ਅਤੇ ਹੋਰ ਮੈਡੀਕਲ ਸੁਵਿਧਾ ਮੌਜੂਦ ਹੈ। 600 ਤੋਂ ਲੈਕੇ 1000 ਤੱਕ ਵੀ ਕੇਸ ਵੱਧਣ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਅਗੇਤੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ, ਜਿਸ ਤਹਿਤ ਐਲ-2 ਸਹੂਲਤ 900 ਚਾਹੀਦੀ ਹੈ ਪਰ ਸਾਡੇ ਕੋਲ 850 ਮੌਜੂਦ ਹੈ ਜਿਸ ਕਰਕੇ ਮੈਰੀਟੋਰੀਅਸ ਸਕੂਲ ‘ਚ ਵੀ 100 ਬਿਸਤਰਿਆਂ ਦੀ ਲੈਵਲ-2 ਸਹੂਲਤ ਦਾ ਇੰਤਜਾਮ ਕੀਤਾ ਜਾ ਰਿਹਾ ਹੈ, ਜਿਸ ਨਾਲ 950 ਐਲ-2 ਬੈਡਜ ਹੋ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ ਦੇ ਪੂਰੇ ਜੋਰ ਦੌਰਾਨ ਐਲ-3 ਸੁਵਿਧਾ ਦੀ ਜਰੂਰਤ 250 ਤੱਕ ਪੁੱਜ ਸਕਦੀ ਹੈ ਤੇ ਸਾਡੇ ਕੋਲ ਕ੍ਰਿਟੀਕਲ ਲੈਵਲ-3 ਸਹੂਲਤ 88 ਸਰਕਾਰੀ ਤੇ ਨਿਜੀ ਹਸਪਤਾਲਾਂ ਦੀ 36 ਮਿਲਾ ਕੇ 124 ਮੌਜੂਦ ਹੈ। ਪਰੰਤੂ ਹੁਣ ਰਾਜਿੰਦਰਾ ਹਸਪਤਾਲ ‘ਚ 100 ਬੈਡਜ ਐਲ-3 ਹੋਰ ਵਧਾਉਣ ਸਮੇਤ 30 ਬੈਡਜ ਐਲ-3 ਕਮਿਉਨਿਟੀ ਹੈਲਥ ਸੈਂਟਰ ਮਾਡਲ ਟਾਊਨ ‘ਚ ਸਥਾਪਤ ਕਰਕੇ ਸਾਡੇ ਕੋਲ ਕੁਲ 254 ਦੀ ਸਹੂਲਤ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ‘ਚ ਵੈਂਟੀਲੇਟਰ 99 ਹੋ ਜਾਣਗੇ ਅਤੇ 5 ਵੈਂਟੀਲੇਟਰ ਮਾਡਲ ਟਾਊਨ ਸੀ.ਐਚ.ਸੀ. ‘ਚ ਲਗਾਏ ਜਾਣਗੇ ਤੇ 6 ਵੈਂਟੀਲੇਟਰ ਰਾਖਵੇਂ ਰੱਖੇ ਗਏ ਹਨ ਇਸ ਤਰ੍ਹਾਂ ਸਾਡੇ ਕੋਲ ਕੁਲ 111 ਵੈਂਟੀਲੇਟਰ ਮੌਜੂਦ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਥਾਂ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸੈਂਪਲ ਲੈਣ ਜਾਂ ਟੈਸਟਿੰਗ ਕਰਨ ਆਉਣ ਵਾਲੀਆਂ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਕੰਟੇਨਮੈਂਟ ਖੇਤਰਾਂ ‘ਚ 100 ਫੀਸਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੂਰ-ਦੁਰਾਡੇ ਦੇ ਲੋਕਾਂ ਦੇ ਟੈਸਟ ਕਰਵਾਉਣ ਲਈ ਟੈਸਟਿੰਗ ਮੋਬਾਇਲ ਵੈਨਾਂ ਰਾਹੀਂ 27 ਅਗਸਤ ਤੋਂ ਸ਼ੁਰੂ ਕੀਤੀ ਜਾ ਰਹੀ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕੋਵਿਡ-19 ਦੇ ਜ਼ਿਲ੍ਹੇ ‘ਚ ਕੁਲ ਟੈਸਟਿੰਗ ਸੈਂਪਲਾਂ 74000 ਦੀ ਟੈਸਟਿੰਗ ਕੀਤੀ ਇਸ ਵਿੱਚੋਂ 5232 ਪਾਜ਼ਿਟਿਵ ਆਏ, ਇਨ੍ਹਾਂ ‘ਚੋਂ 1425 ਐਕਟਿਵ ਅਤੇ 3677 ਠੀਕ ਹੋ ਕੇ ਘਰਾਂ ਨੂੰ ਗਏ ਹਨ। ਉਨ੍ਹਾਂ ਸੀਮਤ ਖੇਤਰਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਾਹਮਣੇ ਆ ਕੇ ਟੈਸਟਿੰਗ ਕਰਵਾਉਣ ਤਾਂ ਕਿ ਸਾਡੀਆਂ ਕੀਮਤੀ ਜਾਨਾਂ ਨੂੰ ਅਜਾਂਈ ਜਾਣ ਤੋਂ ਬਚਾਇਆ ਜਾ ਸਕੇ, ਕਿਉਂਕਿ ਇਹ ਸਾਹਮਣੇ ਆਇਆ ਹੈ ਕਿ ਜਿੰਨੀ ਦੇਰੀ ਨਾਲ ਅਸੀਂ ਹਸਪਤਾਲ ਜਾਂਦੇ ਹਾਂ ਉਨ੍ਹਾ ਹੀ ਸਾਡੀ ਜਾਨ ਲਈ ਖ਼ਤਰਾ ਵੱਧ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਸਿਹਤ ਵਿਭਾਗ ਤੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਡਾਕਟਰ ਤੇ ਸਮੂਹ ਮੈਡੀਕਲ ਅਮਲੇ ਸਮੇਤ ਪ੍ਰਸ਼ਾਸਨ ਵੱਲੋਂ ਆਪਣੀ ਜੀਅ-ਜਾਨ ਲਗਾਕੇ ਪੂਰੀ ਮੁਸ਼ਤੈਦੀ ਨਾਲ ਕੋਵਿਡ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਘਰਾਂ ‘ਚ ਏਕਾਂਤਵਾਸ ‘ਚ 817 ਲੋਕਾਂ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਗਿਆ, ਇਸ ਪਿੱਛੇ ਬਹੁਤ ਮਿਹਨਤ ਲੱਗਦੀ ਹੈ।
ਸ੍ਰੀ ਕੁਮਾਰ ਅਮਿਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫ਼ਵਾਹਾਂ ਅਤੇ ਗ਼ਲਤ ਸੂਚਨਾਵਾਂ ‘ਤੇ ਵਿਸ਼ਵਾਸ਼ ਨਾ ਕਰਨ ਸਗੋਂ ਹਰ ਸੂਚਨਾ ਦੀ ਪੁਸ਼ਟੀ ਜਰੂਰ ਕਰਨ। ਉਨ੍ਹਾਂ ਕਿਹਾ ਕਿ ਡਾਕਟਰ ਕੋਵਿਡ ਮਰੀਜਾਂ ਨੂੰ ਆਪਣਾ ਮੰਨ ਕੇ ਉਨ੍ਹਾਂ ਦੀ ਸੰਭਾਲ ਕਰ ਰਹੇ ਹਨ, ਇਸ ਲਈ ਡਾਕਟਰਾਂ ਦਾ ਮਨੋਬਲ ਉਚਾ ਚੁੱਕਣ ਦੀ ਲੋੜ ਹੈ, ਇਸ ਲਈ ਲੋਕ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ।