Covid:Patiala DC appeal to people

March 10, 2021 - PatialaPolitics


ਪਟਿਆਲਾ ਜ਼ਿਲ੍ਹੇ ਵਿੱਚ ਕੋਵਿਡ ਮਾਮਲਿਆਂ ਦੇ ਫਿਰ ਤੋਂ ਰਫ਼ਤਾਰ ਫੜਨ ਤੋਂ ਚਿੰਤਿਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਲੋਕਾਂ ਨੂੰ ਅੱਜ ਅਪੀਲ ਕੀਤੀ ਕਿ ਉਹ ਕੋਵਿਡ ਤੋਂ ਬਚਾਅ ਲਈ ਸਰਕਾਰ ਅਤੇ ਡਾਕਟਰਾਂ ਵੱਲੋਂ ਸੁਝਾਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਸਕ ਲਗਾ ਕੇ ਚੱਲਣ, ਵਾਰ-ਵਾਰ ਹੱਥ ਧੋਣ ਤੇ 6 ਫੁੱਟ ਦੀ ਸਮਾਜਿਕ ਦੂਰੀ ਯਕੀਨੀ ਬਣਾਕੇ ਚੱਲਣ।
ਉਨ੍ਹਾਂ ਨੇ ਜਨਵਰੀ ਅਤੇ ਫਰਵਰੀ ਦੇ ਕ੍ਰਮਵਾਰ ਡੇਢ ਅਤੇ ਢਾਈ ਫ਼ੀਸਦੀ ਕੇਸਾਂ ਦੇ ਮੁਕਾਬਲੇ ਮਾਰਚ ਦੇ ਪਹਿਲੇ 10 ਦਿਨਾਂ ‘ਚ ਹੀ 5 ਫ਼ੀਸਦੀ ਮਾਮਲੇ ਵਾਧੂ ਆਉਣ ‘ਤੇ ਲੋਕਾਂ ਨੂੰ ਬਿਮਾਰੀ ਦੀ ਗੰਭੀਰਤਾ ਨੂੰ ਸਮਝਣ ਅਤੇ ਇਸ ਤੋਂ ਬਚਣ ਲਈ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਬਜ਼ੁਰਗਾਂ, ਛੋਟੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ‘ਚ ਇਸ ਵੇਲੇ 791 ਕੋਵਿਡ ਦੇ ਐਕਟਿਵ ਮਾਮਲੇ ਹਨ, ਜੋ ਕਿ ਪਿਛਲੇ ਮਹੀਨੇ ਨਾਲੋਂ 4 ਗੁਣਾ ਵਧੇਰੇ ਹਨ। ਇਨ੍ਹਾਂ ਵਿੱਚੋਂ ਐਲ-3 ਸਿਹਤ ਸੁਵਿਧਾਵਾਂ ‘ਚ 14, ਐਲ-2 ਸੁਵਿਧਾਵਾਂ ‘ਚ 32 ਅਤੇ ਬਾਕੀ ਘਰਾਂ ‘ਚ ਇਕਾਂਤਵਾਸ ਹਨ। ਉਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਰੀਏ ਨਿਜੀ ਨਰਸਿੰਗ ਹੋਮਜ ਤੇ ਹਸਪਤਾਲਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਦੇ ਸ਼ੱਕੀ ਮਰੀਜਾਂ ਨੂੰ ਤੁਰੰਤ ਟੈਸਟ ਕਰਵਾਉਣ ਲਈ ਪ੍ਰੇਰਤ ਕਰਨ ਤਾਂ ਜੋ ਇੱਕ-ਇੱਕ ਕੀਮਤੀ ਜਾਨ ਨੂੰ ਸਮੇਂ ਸਿਰ ਇਲਾਜ ਦੇ ਕੇ ਬਚਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਨੂੰ ਬੁਖ਼ਾਰ, ਸਾਹ ਲੈਣ ‘ਚ ਤਕਲੀਫ਼ ਜਾਂ ਆਕਸੀਜਨ ਸੈਚੂਰੇਸ਼ਨ 94 ਤੋਂ ਘਟਦੀ ਹੈ ਤਾਂ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦੀ ਬਜਾਇ ਤੁਰੰਤ ਨੇੜਲੇ ਕੋਵਿਡ ਕੇਅਰ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਇਸ ਮੌਕੇ ਰਾਜਿੰਦਰਾ ਹਸਪਤਾਲ ਤੇ ਮਾਤਾ ਕੌਸ਼ੱਲਿਆ ਹਸਪਤਾਲ ਸਮੇਤ 6 ਸਰਕਾਰੀ ਤੇ 11 ਪ੍ਰਾਈਵੇਟ ਐਲ-2 ਅਤੇ ਐਲ-3 ਕੋਵਿਡ ਇਲਾਜ ਸੁਵਿਧਾਵਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਆਦਾਤਰ ਕੋਵਿਡ ਪਾਜਿਟਿਵ ਮਾਮਲਿਆਂ ਨੂੰ ਹੋਮ ਆਈਸੋਲੇਸ਼ਨ ‘ਚ ਹੀ ਰੱਖੇ ਜਾਣ ਦੇ ਮੱਦੇਨਜ਼ਰ ਲੋਕ ਆਪਣਾ ਕੋਵਿਡ ਟੈਸਟ ਕਰਵਾਉਣ ਤੋਂ ਬਿਲਕੁਲ ਵੀ ਨਾ ਘਬਰਾਉਣ।
ਸ੍ਰੀ ਕੁਮਾਰ ਅਮਿਤ ਨੇ ਇਸ ਤੋਂ ਪਹਿਲਾਂ ਅੱਜ ਦਿਨੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਜ਼ਿਲ੍ਹੇ ‘ਚ ਟੀਕਾਕਰਣ ਨੂੰ ਉਤਸ਼ਾਹਤ ਕਰਨ ਲਈ ਟੀਕਾਕਰਣ ਦਾ ਸਮਾਂ ਰੋਜ਼ਾਨਾ ਸਵੇਰੇ 9 ਤੋਂ ਸ਼ਾਮ 3 ਵਜੇ ਦੀ ਬਜਾਇ 9 ਤੋਂ ਸ਼ਾਮ 6 ਵਜੇ ਤੱਕ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਛੁੱਟੀ ਵਾਲੇ ਦਿਨ ਵੀ ਟੀਕਾਕਰਣ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ 15 ਸਰਕਾਰੀ ਸਿਹਤ ਸੰਸਥਾਵਾਂ ਤੇ 13 ਨਿਜੀ ਸੰਸਥਾਵਾਂ ‘ਚ ਕੋਵਿਡ ਤੋਂ ਬਚਾਅ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ, ਜਿਸ ਲਈ 45 ਤੋਂ 59 ਸਾਲ ਦੇ ਸਹਿ-ਬਿਮਾਰੀਆਂ ਵਾਲੇ ਵਿਅਕਤੀ ਅਤੇ 60 ਸਾਲ ਤੋਂ ਉਪਰ ਦੇ ਬਜ਼ੁਰਗ ਆਪਣਾ ਆਧਾਰ ਕਾਰਡ/ਪੈਨ ਕਾਰਡ ਲੈ ਕੇ, ਮੌਕੇ ‘ਤੇ ਰਜਿਸਟ੍ਰੇਸ਼ਨ ਕਰਵਾ ਕੇ ਟੀਕਾਕਰਣ ਕਰਵਾ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਸਿਵਲ ਸਰਜਨ ਡਾ. ਸਤਿੰਦਰ ਸਿੰਘ, ਜ਼ਿਲ੍ਹਾ ਐਪੀਡਿਮੋਲੋਜਿਸ ਡਾ. ਸੁਮਿਤ ਸਿੰਘ, ਡਾ. ਸਜੀਲਾ ਖ਼ਾਨ ਤੇ ਡਾ. ਸੁਖਵਿੰਦਰ ਸਿੰਘ ਤੇ ਮਿਸ ਅਰੂਸ਼ੀ ਬੇਦੀ ਮੌਜੂਦ ਸਨ।