Patiala Politics

Patiala News Politics

DAPO oath to volunteers at Punjabi University Patiala

ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਅਤੇ ਉਨ੍ਹਾਂ ਦਾ ਸਹੀ ਮਾਰਗ ਦਰਸ਼ਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਨਸ਼ਾ ਮੁਕਤ ਪੰਜਾਬ’ ਦੇ ਲਏ ਗਏ ਸੰਕਲਪ ਨੂੰ ਪੂਰਾ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਅੱਜ ਪਟਿਆਲਾ ਵਿਖੇ ਵੀ ਯੁਵਾ ਸਸ਼ਕਤੀਕਰਨ ਦਿਵਸ ਦੇ ਰੂਪ ‘ਚ ਮਨਾਇਆ ਗਿਆ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਟਕੜ ਕਲਾਂ ਤੋਂ ਚੁਕਾਈ ਗਈ ਸਹੁੰ ਨੂੰ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਤੇਗ ਬਹਾਦਰ ਹਾਲ ‘ਚ ਸਿੱਧੇ ਪ੍ਰਸਾਰਨ ਰਾਹੀਂ ਦਿਖਾ ਕੇ ਹਜਾਰਾਂ ਦੀ ਗਿਣਤੀ ‘ਚ ਡੇਪੋ ਵਲੰਟੀਅਰਾਂ ਨੂੰ ਪਟਿਆਲਾ ਵਿਖੇ ਵੀ ਸਹੁੰ ਚੁਕਾਈ ਗਈ।

ਨਸ਼ਿਆਂ ਵਿਰੁਧ ਪੰਜਾਬ ਸਰਕਾਰ ਦੀ ਜੰਗ ‘ਚ ਆਮ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਦੇ ਇਸ ਸਹੁੰ ਚੁੱਕ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਵਜ਼ੀਰ ਸ. ਸਾਧੂ ਸਿੰਘ ਧਰਮਸੋਤ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਐਸ.ਟੀ.ਐਫ਼ ਦੇ ਆਈ.ਜੀ. ਸ੍ਰੀ ਬੀ. ਚੰਦਰਾ ਸੇਖ਼ਰ ਨੇ ਕੈਬਨਿਟ ਮੰਤਰੀ ਸ. ਧਰਮਸੋਤ ਅਤੇ ਡਿਪਟੀ ਕਮਿਸ਼ਨਰ-ਕਮ-ਡੇਪੋ ਦੀ ਜ਼ਿਲ੍ਹਾ ਮਿਸ਼ਨ ਟੀਮ ਦੇ ਚੇਅਰਮੈਨ ਸ੍ਰੀ ਕੁਮਾਰ ਅਮਿਤ ਨੇ ਸ੍ਰੀਮਤੀ ਪਰਨੀਤ ਕੌਰ ਨੂੰ ਡੇਪੋ ਦਾ ਪਛਾਣ ਪੱਤਰ ਸੌਂਪਿਆ ਜਦੋਂ ਕਿ ਦਰਜਨ ਦੇ ਕਰੀਬ ਡੇਪੋ ਵਲੰਟੀਅਰਾਂ ਨੂੰ ਪਛਾਣ ਪੱਤਰਾਂ ਦੀ ਵੰਡ ਕਰਕੇ ਇਸ ਮੁਹਿੰਮ ਦਾ ਆਗ਼ਾਜ਼ ਕੀਤਾ ਗਿਆ। ਜਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ‘ਚ ਹੁਣ ਤੱਕ 19,257 ਡੇਪੋ ਵਲੰਟੀਅਰ ਬਣ ਚੁੱਕੇ ਹਨ।

ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ. ਧਰਮਸੋਤ ਨੇ ਕਿਹਾ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਤੇ ਗੰਭੀਰਤਾ ਨਾਲ ਨਿਭਾ ਰਹੀ ਹੈ ਪਰੰਤੂ ਇਸ ਲਈ ਹੁਣ ਸਮੂਹ ਪੰਜਾਬ ਵਾਸੀਆਂ ਨੂੰ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਯੁਵਾ ਸਸ਼ਕਤੀਕਰਨ ਦਿਵਸ ਵਜੋਂ ਮਨਾਉਣ ਦਾ ਇਹ ਮਹੱਤਵਪੂਰਨ ਫੈਸਲਾ ਲਿਆ ਤਾਂ ਕਿ ਸਾਡਾ ਭਵਿੱਖ ਸਾਡੇ ਬੱਚੇ ਤੇ ਨੌਜਵਾਨ ਨਸ਼ਿਆਂ ਦੇ ਕੋਹੜ ਤੋਂ ਬਚਾਏ ਜਾ ਸਕਣ।

ਸ. ਧਰਮਸੋਤ ਨੇ ਕਿਹਾ ਕਿ ਪੰਜਾਬ ਦੀ ਤਰੱਕੀ, ਜਵਾਨੀ, ਕਿਰਸਾਨੀ, ਪੰਜਾਬ ਅਤੇ ਪੰਜਾਬੀਅਤ ਦਾ ਦਰਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੀਨੇ ‘ਚ ਸਮੋਇਆ ਹੋਇਆ ਹੈ, ਇਸੇ ਲਈ ਉਹ ਪੰਜਾਬ ਨੂੰ ਮੁਸ਼ਕਿਲ ਭਰੇ ਹਾਲਾਤ ‘ਚੋਂ ਕੱਢਣ ਲਈ ਦਿਨ-ਰਾਤ ਇੱਕ ਕਰਕੇ ਇਸਦੀ ਉਨਤੀ ਤੇ ਖੁਸ਼ਹਾਲੀ ਲਈ ਨਵੀਆਂ ਨੀਤੀਆਂ ਤੇ ਪ੍ਰੋਗਰਾਮ ਲਿਆ ਰਹੇ ਹਨ ਤਾਂ ਕਿ ਸਾਡੇ ਦੇਸ਼ ਦੇ ਸ਼ਹੀਦਾਂ ਦਾ ਸੁਪਨੇ ਪੂਰੇ ਕੀਤੇ ਜਾ ਸਕਣ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁਜੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਿਛਲੇ ਸਮੇਂ ‘ਚ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਨਾ ਮਿਲਣ ਕਰਕੇ ਨਸ਼ਿਆਂ ਦਾ ਮਾਮਲਾ ਬਹੁਤ ਗੰਭੀਰ ਬਣ ਗਿਆ ਸੀ ਪਰੰਤੂ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਲੀਕੇ ਪ੍ਰੋਗਰਾਮਾਂ ਸਦਕਾ ਆਸ ਦੀ ਕਿਰਨ ਦਿਖਾਈ ਦੇਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਠਿਤ ਐਸ.ਟੀ.ਐਫ. ਨੇ ਨਸ਼ਿਆਂ ਦੀ ਸਪਲਾਈ ਲਾਈਨ ਤੋੜਕੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦਾ ਤਹੱਈਆ ਕੀਤਾ ਹੈ, ਜਿਸ ਲਈ ਉਮੀਦ ਹੈ ਕਿ ਨਸ਼ਿਆਂ ਨੂੰ ਨੱਥ ਪੈ ਜਾਵੇਗੀ ਤੇ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਮਰਜੀਵੜਿਆਂ ਨੂੰ ਇਹੋ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ।

ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਪ੍ਰੋਗਰਾਮ ‘ਚ ਆਮ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਵੀ ਪੰਜਾਬ ਸਰਕਾਰ ਦਾ ਸਾਥ ਦੇਣ ਤਾਂ ਕਿ ਅਸੀਂ ਆਪਣੇ ਸੂਬੇ ਨੂੰ ਨਸ਼ਾ ਮੁਕਤ ਕਰਕੇ ਇਕ ਖੁਸ਼ਹਾਲ ਰਾਜ ਬਣਾ ਸਕੀਏ। ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੀ ਵਿਦਿਆਰਥਣ ਕੁਦਰਤ ਸਿੰਘ ਨੇ ਨਸ਼ਿਆਂ ਵਿਰੁਧ ਇਕ ਗੀਤ ਸੁਣਾਇਆ ਜਦੋਂਕਿ ਯੂਨੀਵਰਸਿਟੀ ਦੇ ਥੀਏਟਰ ਤੇ ਟੈਲੀਵਿਜਨ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਦੇ ਕ੍ਰਿਏਟ ਆਰਟ ਥੀਏਟਰ ਵਰਕਰਜ ਪੰਜਾਬ ਦੇ ਮੈਂਬਰਾਂ ਨੇ ਮਨਮੋਹਨ ਸਿੰਘ ਦੀ ਅਗਵਾਈ ‘ਚ ‘ਘਰ ਦਾ ਦੀਪ’ ਨਾਟਕ ਦਾ ਮੰਚਨ ਕੀਤਾ।

ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ. ਘੁੰਮਣ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਡਵੀਜਨਲ ਕਮਿਸ਼ਨਰ ਸ੍ਰੀ ਵੀ.ਕੇ. ਮੀਣਾ, ਪੰਜਾਬ ਕਾਂਗਰਸ ਦੇ ਐਂਟੀ ਨਾਰਕੋਟਿਕਸ ਸੈਲ ਦੇ ਚੇਅਰਮੈਨ ਸ. ਰਣਜੀਤ ਸਿੰਘ ਨਿੱਕੜਾ, ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ੍ਰੀ ਸੰਦੀਪ ਮਲਹੋਤਰਾ, ਐਸ.ਟੀ.ਐਫ਼ ਦੇ ਆਈ.ਜੀ. ਸ੍ਰੀ ਬੀ. ਚੰਦਰਾ ਸੇਖ਼ਰ, ਆਈ.ਜੀ. ਪਟਿਆਲਾ ਸ. ਏ.ਐਸ. ਰਾਏ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਡੀ.ਆਈ.ਜੀ. ਡਾ. ਸੁਖਚੈਨ ਸਿੰਘ ਗਿੱਲ, ਐਸ.ਐਸ.ਪੀ. ਡਾ. ਐਸ. ਭੂਪਤੀ, ਐਸ.ਪੀ. ਸਥਾਨਕ ਕੰਵਰਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਸ. ਅਨਮੋਲ ਸਿੰਘ ਧਾਲੀਵਾਲ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋ. ਮਮਤਾ ਸ਼ਰਮਾ, ਡਾ. ਮਨਜੀਤ ਸਿੰਘ ਨਿੱਜਰ, ਡਾ. ਕੁਲਬੀਰ ਸਿੰਘ ਢਿੱਲੋਂ, ਡਾ. ਲਖਵਿੰਦਰ ਸਿੰਘ, ਡਾ. ਗੁਰਸੇਵਕ ਸਿੰਘ ਲੰਬੀ, ਡਾ. ਪ੍ਰਭਲੀਨ ਸਿੰਘ, ਸੀਨੀਅਰ ਕਾਂਗਰਸੀ ਆਗੂ ਸ੍ਰੀ ਅਸ਼ਵਨੀ ਬੱਤਾ, ਗੁਰਮੀਤ ਸਿੰਘ ਬਿੱਟੂ, ਐਡਵੋਕੇਟ ਹਰਵਿੰਦਰ ਸ਼ੁਕਲਾ, ਬਿੱਟੂ ਛੀਨਾ ਸਮੇਤ ਹੋਰ ਮਿਉਂਸਪਲ ਕੌਂਸਲਰ, ਸਿੱਖਿਆ, ਸਿਹਤ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ, ਵਿਦਿਆਰਥੀ ਤੇ ਵਲੰਟੀਅਰ ਵੀ ਮੌਜੂਦ ਸਨ।

Facebook Comments
%d bloggers like this: