DC Patiala flags off voters awareness van

April 20, 2019 - PatialaPolitics

ਪਟਿਆਲਾ, 20 ਅਪ੍ਰੈਲ:

ਭਾਰਤ ਚ਼ੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਇਸ ਵਾਰ 100 ਫੀਸਦੀ ਵੋਟਾਂ ਪੁਆਏ ਜਾਣ ਦਾ ਟੀਚਾ ਪੂਰਾ ਕਰਨ ਲਈ ਜ਼ਿਲ੍ਹਾ ਪਟਿਆਲਾ ਦੇ ਅਧੀਨ ਆਉਂਦੇ 8 ਵਿਧਾਨ ਸਭਾ ਹਲਕਿਆਂ ‘ਚ ਜ਼ਿਲ੍ਹਾ ਸਵੀਪ ਸੈਲ ਵੱਲੋਂ ਗਤੀਵਿਧੀਆਂ ਪੂਰੀਆਂ ਜੋਰਾਂ ‘ਤੇ ਹਨ, ਇਸੇ ਤਹਿਤu ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਵੋਟਰ ਜਾਗਰੂਕਤਾ ਲਈ ਭੇਜੀ ਵਿਸ਼ੇਸ਼ ਵੈਨ ਨੂੰ ਅੱਜ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਰਵਾਨਾ ਕੀਤੀ ਗਈ ਇਹ ਵਿਸ਼ੇਸ਼ ਜਾਗਰੂਕਤਾ ਵੈਨ ਜ਼ਿਲ੍ਹੇ ਦੇ ਅਧੀਨ ਆਉਂਦੇ 8 ਵਿਧਾਨ ਸਭਾ ਹਲਕਿਆਂ ‘ਚ ‘ਮੇਰੀ ਵੋਟ ਮੇਰੀ ਤਾਕਤ’ ਅਤੇ ‘ਮੇਰੀ ਵੋਟ ਮੇਰਾ ਅਧਿਕਾਰ’ ਦਾ ਸੁਨੇਹਾ ਦੇਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਹਰ ਵਰਗ ਦੇ ਵੋਟਰਾਂ, ਖਾਸ ਕਰਕੇ ਔਰਤਾਂ, ਨੌਜਵਾਨਾਂ, ਟਰਾਂਸਜੈਂਡਰ ਅਤੇ ਦਿਵਿਆਂਗਜਨਾਂ ਦੀਆਂ ਵੋਟਾਂ 100 ਫੀਸਦੀ ਪੁਆਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵੈਨ ‘ਚ ਈ.ਵੀ.ਐਮ. ਅਤੇ ਵੀ.ਵੀ.ਪੈਟ ਬਾਰੇ ਵੀ ਜਾਗਰੂਕਤਾ ਫੈਲਾਈ ਜਾਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਨੇ ਸਮੂਹ ਵੋਟਰਾਂ, ਨੌਜਵਾਨ, ਔਰਤਾਂ, ਦਿਵਿਆਂਗਜਨ ਅਤੇ ਟਰਾਂਸਜੈਂਡਰ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਜਿੰਮੇਵਾਰ ਵੋਟਰ ਹੋਣ ਦਾ ਸਬੂਤ ਦਿੰਦਿਆਂ ਮਜਬੂਤ ਲੋਕਤੰਤਰ ਬਨਾਉਣ ਵਿੱਚ ਸਹਾਇਤਾ ਕਰਨ ਲਈ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨ ਤਾਂ ਜੋ ਚੰਗੇ ਉਮੀਦਵਾਰਾਂ ਦੀ ਚੋਣ ਹੋ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਵੀਪ ਸੈੱਲ, ਪਟਿਆਲਾ ਵੱਲੋਂ ਸਵੀਪ ਗਤੀਵਿਧੀਆਂ ਤਹਿਤ ਲਗਾਤਾਰ ਜਾਗਰੂਕਤਾ ਪ੍ਰੋਗਰਾਮ ਕੀਤੇ ਜਾ ਰਹੇ ਹਨ ਤਾਂ ਕਿ ‘ਪਟਿਆਲਾ ਜ਼ਿਲ੍ਹੇ ਦੀ ਇਹ ਪਹਿਚਾਣ 100 ਫੀਸਦੀ ਕਰੋ ਮਤਦਾਨ’ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ।
ਇਸ ਦੌਰਾਨ ਜ਼ਿਲ੍ਹਾ ਨੋਡਲ ਅਫਸਰ, ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਇਹ ਵੈਨ ਅੱਜ ਪਟਿਆਲਾ ਦਿਹਾਤੀ ਹਲਕੇ ‘ਚ ਜਾਵੇਗੀ, ਇਸ ਤੋਂ ਬਾਅਦ 1 ਹਫ਼ਤਾ ਜ਼ਿਲ੍ਹੇ ਦੇ ਹਰ ਹਲਕੇ ‘ਚ ਪ੍ਰਚਾਰ ਕਰੇਗੀ। ਪ੍ਰੋ. ਅੰਟਾਲ ਨੇ ਦੱਸਿਆ ਕਿ ਇਸ ਵੈਨ ‘ਚ ਲੱਗੀ ਵਿਸ਼ੇਸ਼ ਐਲ.ਈ.ਡੀ. ਸਕਰੀਨ ਰਾਹੀਂ ਕੌਮੀ ਵੋਟਰ ਆਈਕਨਾਂ, ਪੰਜਾਬ ਦੇ ਵੋਟਰ ਆਈਕਨਾਂ ਸਮੇਤ ਪਟਿਆਲਾ ਜ਼ਿਲ੍ਹੇ ਦੇ ਵੋਟਰ ਆਈਕਨਾਂ ਦੇ ਸੁਨੇਹੇ ਅਤੇ ਹੋਰ ਵੀਡੀਓਜ ਦਿਖਾ ਕੇ ਵੋਟਰ ਜਾਗਰੂਕਤਾ ਫੈਲਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੋਣ ਤਹਿਸੀਲਦਾਰ ਸ੍ਰੀ ਰਾਮਜੀ ਲਾਲ, ਚੋਣ ਕਾਨੂੰਗੋ ਸ੍ਰੀ ਵਿਜੇ ਕੁਮਾਰ ਸਮੇਤ ਪ੍ਰੋ. ਪਰਮਜੀਤ ਸਿੰਘ ਰਾਣਾ, ਪ੍ਰੋ. ਰੁਪਿੰਦਰ ਸਿੰਘ ਸਮੇਤ ਸਵੀਪ ਵਲੰਟੀਅਰ ਮੌਜੂਦ ਸਨ।