Patiala Politics

Patiala News Politics

Developing Patiala:Latest update on Waddi Chhoti Nadi project

ਵੱਡੀ ਨਦੀ ਤੇ ਛੋਟੀ ਨਦੀ ਦੀ ਪੁਨਰ-ਸੁਰਜੀਤੀ ਤੇ ਸੁੰਦਰੀਕਰਨ ਦਾ ਕੰਮ ਜੰਗੀ ਪੱਧਰ ‘ਤੇ ਜਾਰੀ
-ਛੋਟੀ ਨਦੀ ਦੇ ਨਾਲ-ਨਾਲ ਸੀਵਰੇਜ ਪਾਉਣ ਦਾ ਕੰਮ 60 ਫ਼ੀਸਦੀ ਪੂਰਾ ਹੋਇਆ
-ਕੰਕਰੀਟ ਲਾਈਨਿੰਗ, ਪੈਦਲ ਰਸਤਾ, ਸਾਈਕਲ ਟਰੈਕ ਦਾ ਨਿਰਮਾਣ ਕਾਰਜ ਜਲਦੀ ਹੋਵੇਗਾ ਮੁਕੰਮਲ
-ਨਦੀ ਚ ਗਿਰਦੇ ਸੀਵਰੇਜ ਤੇ ਉਦਯੋਗਿਕ ਰਹਿੰਦ-ਖੂੰਹਦ ਦੇ ਗੰਦੇ ਪਾਣੀ ਨੂੰ ਸੋਧਣ ਲਈ ਲੱਗ ਰਹੇ ਨੇ ਦੋ ਐਸਟੀਪੀ ਤੇ ਇੱਕ ਈਟੀਪੀ
-ਦੋਵਾਂ ਨਦੀਆਂ ‘ਚ ਹੜ੍ਹਾਂ ਤੇ ਬਾਰਸ਼ਾਂ ਦੌਰਾਨ ਆਉਂਦੇ ਪਾਣੀ ਦੀ ਵਹਿਣ ਸਮਰੱਥਾ ‘ਚ ਵੀ ਕੀਤਾ ਜਾਵੇਗਾ ਵਾਧਾ
ਪਟਿਆਲਾ, 11 ਜੁਲਾਈ:
ਪਟਿਆਲੇ ਦੇ ਲੋਕਾਂ ਲਈ ਕਦੇ ਇੱਕ ਸਰਾਪ ਸਮਝੀਆਂ ਜਾਣ ਵਾਲੀਆਂ, ਵੱਡੀ ਅਤੇ ਛੋਟੀ, ਦੋਵੇਂ ਨਦੀਆਂ, ਦੀ ਪੁਨਰ ਸੁਰਜੀਤੀ ਅਤੇ ਕਾਇਆਂ ਕਲਪ ਕਰਨ ਦੇ ਤੇਜੀ ਨਾਲ ਚੱਲ ਰਹੇ ਕਾਰਜ ਮੁਕੰਮਲ ਹੋਣ ਤੋਂ ਬਾਅਦ, ਇਹ ਇੱਕ ਸੁੰਦਰ ਤੇ ਮਨਮੋਹਕ ਸਥਾਨਾਂ ਦੇ ਰੂਪ ਵਿੱਚ ਦਿਖਾਈ ਦੇਣਗੀਆਂ।
ਮੌਜੂਦਾ ਸਮੇਂ, ਦੋਵੇਂ ਨਦੀਆਂ ਕੇਵਲ ਬਰਸਾਤੀ ਪਾਣੀ ਦੇ ਨਿਕਾਸ ਤੱਕ ਸੀਮਤ ਹਨ, ਇਥੇ ਗੰਦੇ ਪਾਣੀ ਦੀ ਬਦਬੂ ਵੀ ਇਕ ਵੱਡੀ ਸਮੱਸਿਆ ਸੀ। ਵਿਰਾਸਤੀ ਸ਼ਹਿਰ ਦੇ ਇਨ੍ਹਾਂ ਦੋਵਾਂ ਜਲ ਸਰੋਤਾਂ ਨੂੰ ਸੁੰਦਰ ਸਥਾਨਾਂ ਵਜੋਂ ਵਿਕਸਤ ਕਰਨ ਲਈ, ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਦੇ ਇਸ ਸੁਪਨਮਈ ਪ੍ਰਾਜੈਕਟ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਵੱਲੋਂ ਪੁਰਜੋਰ ਯਤਨ ਕੀਤੇ ਜਾ ਰਹੇ ਹਨ। ਇਸ ਪ੍ਰਾਜੈਕਟ ਨੂੰ ਸਮੇਂ ਸਿਰ ਪੂਰਾ ਕਰਨ ਲਈ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਖ਼ੁਦ ਨਿਗਰਾਨੀ ਕਰ ਰਹੇ ਹਨ।
ਪਿਛਲੇ ਸਾਲ ਅਕਤੂਬਰ ਦੇ ਆਖਰੀ ਹਫ਼ਤੇ ਅਰੰਭ ਕੀਤੇ ਗਏ ਇਸ ਪ੍ਰੋਜੈਕਟ ਦੇ ਵੇਰਵਿਆਂ ਅਨੁਸਾਰ, ਇਨ੍ਹਾਂ ਦੋਵਾਂ ਨਦੀਆਂ ਵਿੱਚ ਵਗ ਰਹੇ ਘਰੇਲੂ ਅਤੇ ਸਨਅਤਾਂ ਦੇ ਗੰਦੇ ਪਾਣੀ ਨੂੰ ਰੋਕ ਕੇ, ਦੋਵਾਂ ਨਦੀਆਂ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ। ਡਰੇਨੇਜ ਵਿਭਾਗ ਦੇ ਮੁੱਖ ਇੰਜੀਨੀਅਰ ਦਵਿੰਦਰ ਸਿੰਘ ਨੇ ਦੱਸਿਆ ਕਿ ਘਰਾਂ ਦੇ ਗੰਦੇ ਪਾਣੀ ਨੂੰ ਸੋਧਣ ਲਈ 26 ਅਤੇ 15 ਐਮ.ਐਲ.ਡੀ. ਦੇ ਦੋ ਐਸ.ਟੀ.ਪੀ. ਅਤੇ ਸਨਅਤੀ ਗੰਦੇ ਪਾਣੀ ਨੂੰ ਸੋਧਣ ਲਈ 2.5 ਐਮ.ਐਲ.ਡੀ. ਦਾ ਇਕ ਈ.ਟੀ.ਪੀ., ਦਸੰਬਰ 2022 ਤੱਕ ਲੱਗ ਜਾਣਗੇ, ਜਦਕਿ ਇਨ੍ਹਾਂ ਦਾ ਅੱਧਾ ਕੰਮ ਅਗਲੇ ਸਾਲ ਮਾਰਚ ‘ਚ ਮੁਕੰਮਲ ਹੋ ਜਾਵੇਗਾ।
ਵੱਡੀ ਨਦੀ ਵਿਚ ਸਾਫ ਪਾਣੀ ਨੂੰ ਭੰਡਾਰਨ ਲਈ ਚੈਕ ਡੈਮ, ਆਟੋਮੈਟਿਕ ਟਿਲਟਿੰਗ ਗੇਟ / ਫਲੈਪ ਗੇਟ ਬਣਾਏ ਜਾਣਗੇ। ਛੋਟੀ ਨਦੀ ਨੂੰ ਲੋਕਾਂ ਲਈ ਸੈਰਗਾਹ ਤੇ ਮਨੋਰੰਜਕ ਸਥਾਨ ਵਜੋਂ ਵਿਕਸਤ ਕਰਨ ਲਈ ਗ੍ਰੀਨ ਪਾਰਕ,  ਪੈਦਲ ਸੈਰ ਰਸਤਾ, ਸਾਈਕਲ ਟਰੈਕ, ਲੈਂਡ ਸਕੈਪਿੰਗ ਨਾਲ ਇਸਦਾ ਸੁੰਦਰੀਕਰਨ ਕੀਤਾ ਜਾਵੇਗਾ। ਜਦਕਿ ਇਨ੍ਹਾਂ ਨਦੀਆਂ ‘ਚ ਹੜ੍ਹਾਂ ਦੇ ਪਾਣੀ ਦੀ ਵਹਿਣ ਸਮਰੱਥਾ ਨੂੰ ਵਧਾਉਣਾ ਵੀ ਇਸ ਪ੍ਰਾਜੈਕਟ ਦਾ ਹਿੱਸਾ ਹੈ।
ਛੋਟੀ ਨਦੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਕਿਉਂਕਿ ਛੋਟੀ ਨਦੀ ਦੇ ਨਾਲ-ਨਾਲ ਸੀਵਰੇਜ ਲਾਈਨਾਂ ਵਿਛਾਉਣ ਦਾ ਕੰਮ 60 ਪ੍ਰਤੀਸ਼ਤ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਪੈਦਲ ਰਸਤਾ ਅਤੇ ਸਾਈਕਲ ਟਰੈਕ ਦੇ ਵੱਡੇ ਹਿੱਸੇ ਦੀ ਉਸਾਰੀ ਕੀਤੀ ਜਾ ਚੁੱਕੀ ਹੈ। ਸੀਵਰੇਜ ਪਾਉਣ ਦਾ ਰਹਿੰਦਾ ਕੰਮ ਦਸੰਬਰ 2021 ਦੇ ਅੰਤ ਤਕ ਪੂਰਾ ਹੋਣ ਦੀ ਸੰਭਾਵਨਾ ਹੈ।
ਇੰਜ. ਦਵਿੰਦਰ ਸਿੰਘ ਨੇ ਦੱਸਿਆ ਕਿ ਪੈਦਲ ਤੁਰਨ ਦੇ ਰਸਤੇ ਤੋਂ ਇਲਾਵਾ, ਬਾਹਰੀ ਚਾਰਦੀਵਾਰੀ ਤੇ ਕੰਡਿਆਲੀ ਤਾਰ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਛੋਟੀ ਨਦੀ ਵਿਚ ਬੁਰਜੀ (ਆਰ ਡੀ) ਨੰਬਰ 4650-850 ਮੀਟਰ ਤੱਕ ਬਰਸਾਤੀ ਪਾਣੀ ਖਿਚਣ ਲਈ ਪਾਈਪ ਪਾਉਣ ਦਾ ਕੰਮ 60 ਪ੍ਰਤੀਸ਼ਤ ਮੁਕੰਮਲ ਹੋ ਚੁੱਕਾ ਹੈ। ਇਸੇ ਤਰ੍ਹਾਂ ਤਫੱਜ਼ਲਪੁਰਾ ਡਰੇਨ ਵਿਖੇ ਪਾਈਪ ਪਾਉਣ ਦਾ ਕੰਮ ਪੂਰਾ ਹੋ ਗਿਆ ਹੈ। ਜਦਕਿ ਵੱਡੀ ਨਦੀ ਵਿਚ ਵੀ ਧਰਾਤਲ ਪੱਧਰ ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ।
ਇਨ੍ਹਾਂ ਸਾਰੇ ਪ੍ਰਾਜੈਕਟਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਲਈ ਨਿਯਮਤ ਤੌਰ ‘ਤੇ ਨਿਗਰਾਨੀ ਕਰ ਰਹੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਦੋਵਾਂ ਨਦੀਆਂ ਦੀ ਪੁਨਰ ਸੁਰਜੀਤੀ ਅਤੇ ਸੁੰਦਰੀਕਰਨ ਦਾ ਕੰਮ ਵਿਰਾਸਤੀ ਸ਼ਹਿਰ ਪਟਿਆਲਾ ਦੀ ਅਮੀਰ ਵਿਰਾਸਤ ਨੂੰ ਹੋਰ ਅਮੀਰ ਕਰਨ ‘ਚ ਅਹਿਮ ਭੂਮਿਕਾ ਅਦਾ ਕਰੇਗਾ। ਸ੍ਰੀ ਕੁਮਾਰ ਅਮਿਤ ਨੇ ਉਮੀਦ ਜਤਾਈ ਕਿ ਸ਼ਹਿਰ ਵਿੱਚ ਹੜ੍ਹਾਂ ਦਾ ਕਾਰਨ ਬਣਦੀਆਂ ਦੋਵੇਂ ਨਦੀਆਂ, ਜਲਦੀ ਹੀ ਇੱਕ ਸੁੰਦਰ ਸੈਰ ਸਪਾਟਾ ਤੇ ਮਨੋਰੰਜਨ ਸਥਾਨ ਦੇ ਕੇਂਦਰ ਬਿੰਦੂ ਵਜੋਂ ਉਭਰਨਗੀਆਂ।

Facebook Comments