Developing Patiala:Project worth 3 cr to start soon

August 30, 2020 - PatialaPolitics


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ‘ਤੇ ਜਿੱਤ ਹਾਸਿਲ ਕਰਨ ਲਈ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਨੂੰ ਸਫਲ ਬਨਾਉਣ ਲਈ ਨਗਰ ਨਿਗਮ ਲਗਾਤਾਰ ਵਿਸ਼ੇਸ਼ ਯੋਜਨਾਵਾਂ ‘ਤੇ ਕੰਮ ਕਰ ਰਿਹਾ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ, ਸਥਾਨਕ ਸਰਕਾਰਾਂ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਦੇ ਨਿਰਦੇਸ਼ਾਂ ‘ਤੇ ਕੰਮ ਕਰਦਿਆਂ ਨਗਰ ਨਿਗਮ ਸ਼ਹਿਰ ਦੀਆਂ ਸਾਰੀਆਂ ਖੁੱਲੀਆਂ ਨਾਲੀਆਂ ਨੂੰ ਪਲਾਸਟਿਕ ਦੇ ਪਾਇਪ ਪਾਕੇ ਬੰਦ ਕਰਨ ਦਾ ਕੰਮ ਸ਼ੁਰੂ ਕਰਨ ਜਾ ਰਿਹਾ ਹੈ।
ਸ੍ਰੀ ਬਿੱਟੂ ਨੇ ਕਿਹਾ ਕਿ ਇਸ ਯੋਜਨਾ ‘ਤੇ ਕਰੀਬ ਸਾਢੇ ਤਿੰਨ ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਇਸ ਯੋਜਨਾ ਲਈ ਨਿਗਮ ਨੇ ਜਨਰਲ ਹਾਉਸ ਅਤੇ ਐਫ ਐਂਡ ਸੀਸੀ ਵਿੱਚ ਮੰਜੂਰੀ ਦੇ ਕੇ ਵਰਕ ਆਰਡਰ ਜਾਰੀ ਕਰ ਦਿੱਤਾ ਹੈ।
-ਨਾਲੀਆਂ ਬੰਦ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਹੈ-ਇੰਜੀਨੀਅਰ
ਨਗਰ ਨਿਗਮ ਦੇ ਐਕਸਈਐਨ ਸ਼ਾਮ ਲਾਲ ਗੁਪਤਾ ਦਾ ਕਹਿਣਾ ਹੈ ਕਿ ਇਸ ਸਮੇਂ ਲੋਕਾਂ ਨੇ ਆਪਣੀ ਸਹੂਲਤ ਅਨੁਸਾਰ ਕਬਜ਼ੇ ਕਰਕੇ ਸ਼ਹਿਰ ਦੀਆਂ ਨਾਲੀਆਂ ਨੂੰ ਬੰਦ ਕਰ ਦਿੱਤਾ ਹੈ। ਬਾਜ਼ਾਰਾਂ ਵਿੱਚ ਮੀਂਹ ਦੇ ਦੌਰਾਨ ਪਾਣੀ ਭਰਨ ਦਾ ਮੁੱਖ ਕਾਰਨ ਇਹ ਹੈ ਕਿ ਨਾਲੀਆਂ ਜਿਨ੍ਹਾਂ ਵਿੱਚ ਬਰਸਾਤੀ ਪਾਣੀ ਦੇ ਲਾਂਘੇਦਾ ਪ੍ਰਬੰਧ ਕੀਤਾ ਗਿਆ ਸੀ, ਹੁਣ ਬਰਸਾਤ ਦੌਰਾਨ ਪਾਣੀ ਨਾਲੀਆਂ ਵਿੱਚ ਨਹੀਂ ਜਾਂਦਾ ਅਤੇ ਸੜਕਾਂ ‘ਤੇ ਪਾਣੀ ਇਕਠਾ ਹੋ ਜਾਂਦਾ ਹੈ। ਪਾਣੀ ਕਾਰਣ ਸੜਕਾਂ ਤਹਿ ਸਮੇਂ ਤੋਂ ਪਹਿਲਾਂ ਹੀ ਟੁੱਟ ਜਾਂਦੀਆਂ ਹਨ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਬਜਾਰਾਂ ਵਿੱਚ ਆਪਣੀ ਸਹੂਲਤ ਲਈ ਨਾਲੀਆਂ ਨੂੰ ਕਈ ਜਗਾਵਾਂ ਤੋਂ ਬੰਦ ਕਰ ਦਿੱਤਾ ਹੈ।
ਕੁਝ ਇਲਾਕਿਆਂ ਵਿੱਚ ਨਾਲੀਆਂ ਰੈਂਪਾਂ ਦੇ ਹੇਠਾਂ ਆ ਗਈਆਂ ਹਨ। ਬਹੁਤ ਸਾਰੇ ਇਲਾਕਿਆਂ ਵਿੱਚ ਖੁੱਲੀਆਂ ਨਾਲੀਆਂ ਕਾਰਨ ਲੋਕਾਂ ਨੂੰ ਬਦਬੂ ਅਤੇ ਡਰੇਨੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਨਾਲੀਆਂ ਵਿੱਚ ਪਾਈਪਾਂ ਪਾਉਣ ਦਾ ਕੰਮ ਪੂਰਾ ਕੀਤਾ ਜਾਣਾ ਹੈ। ਇਸ ਸਮੇਂ ਸ਼ਹਿਰ ਵਿਚ ਖੁੱਲੀਆਂ ਨਾਲੀਆਂ ਦੀ ਕੁੱਲ ਲੰਬਾਈ ਲਗਭਗ30ਕਿਲੋਮੀਟਰ ਹੈ।ਚਾਰ ਤੋਂ ਅੱਠ ਇੰਚ ਪਲਾਸਟਿਕ ਪਾਈਪਾਂ ਪਾਉਣ ਦਾ ਕੰਮ ਨਾਲੀਆਂ ਵਿੱਚ ਹੋਣਾ ਹੈ,ਜਿਸ’ਤੇ ਲਗਭਗ ਸਾਢੇ ਤਿੰਨ ਕਰੋੜ ਰੁਪਏ ਖਰਚ ਆਣ ਦਾ ਅਨੁਮਾਨ ਹੈ।
ਅਗਲੇ ਦਿਨਾਂ ਵਿੱਚ ਇਸ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।ਇਸ ਪ੍ਰਾਜੈਕਟ ਦੀ ਸਫਲਤਾ ਨੂੰ ਵੇਖਣ ਲਈ,ਨਗਰ ਨਿਗਮ ਨੇ ਕੁਝ ਖੇਤਰਾਂ ‘ਚ ਖੁੱਲੀਆਂ ਨਾਲੀਆਂ ਨੂੰ ਬੰਦ ਕਰਕੇ ਅਤੇ ਉਨ੍ਹਾਂ ਵਿੱਚ ਪਾਈਪਾਂ ਪਾ ਕੇ ਸੜਕਾਂ ਦੀ ਚੌੜਾਈ ਵਧਾ ਦਿੱਤੀ ਸੀ। ਇਸਦੀ ਸਫਲਤਾ ਦੇ ਮੱਦੇਨਜ਼ਰ,ਸ਼ਹਿਰ ਦੀਆਂ ਹੋਰ ਖੁੱਲ੍ਹੀਆਂ ਨਾਲੀਆਂ ਬੰਦ ਕਰਨ ਦਾ ਕੰਮ ਹੁਣ ਪੂਰਾ ਹੋਣ ਵਾਲਾ ਹੈ। ਇਸ ਯੋਜਨਾ ਨੂੰ ਅਗਲੇ ਸਾਲ ਮਾਰਚ ਮਹੀਨੇ ਤੱਕ ਪੂਰਾ ਕਰਨ ਦਾ ਟੀਚਾ ਹੈ।
-ਖੁੱਲੀਆਂ ਨਾਲੀਆਂ ਬਣਦੀਆਂ ਹਨ ਬਿਮਾਰੀਆਂ ਦਾ ਕਾਰਨ: ਮੇਅਰ
ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਕਹਿਣਾ ਹੈ ਕਿ ਖੁੱਲ੍ਹੀਆਂ ਨਾਲੀਆਂ ਅਕਸਰ ਕਿਸੇ ਗੰਭੀਰ ਬਿਮਾਰੀ ਦਾ ਕਾਰਨ ਬਣਦੀਆਂ ਹਨ। ਇਨ੍ਹਾਂ ਵਿਚ ਰਹਿੰਦ-ਖੂੰਹਦ ਰਹਿਣ ਕਾਰਨ ਅਕਸਰ ਇਹ ਨਾਲੀਆਂ ਬੰਦ ਰਹਿੰਦੀਆਂ ਹਨ। ਬਰਸਾਤੀ ਦਿਨਾਂ ਦੌਰਾਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਨਾਲੀਆਂ ਵਿੱਚ ਪਾਣੀ ਦਾ ਵਹਾਅ ਰੁੱਕ ਜਾਂਦਾ ਹੈ।
ਸ੍ਰੀ ਬਿੱਟੂ ਨੇ ਕਿਹਾ ਕਿ ਲੋਕਾਂ ਨੇ ਜਾਂ ਤਾਂ ਨਾਲੀਆਂ ਦੇ ਉੱਪਰ ਰੈਂਪ ਬਣਾਏ ਹੋਏ ਹਨ ਜਾਂ ਨਾਲੀਆਂ ਦੁਕਾਨਦਾਰਾਂ ਨੇ ਆਪਣੀ ਸਹੂਲਤ ਲਈ ਬੰਦ ਕੀਤਾ ਹੋਇਆ ਹੈੇ। ਇਸ ਸਮੇਂ ਸ਼ਹਿਰ ਦੇ ਕਿਸੇ ਵੀ ਬਾਜ਼ਾਰ ਵਿੱਚ ਨਾਲੀਆਂ ਨਹੀਂ ਦਿਸਦੀਆਂ। ਜਦੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਨਾਲੀਆਂ ਲੱਭਕੇ ਉਨ੍ਹਾਂ ਵਿੱਚ ਪਾਇਪ ਪਾਉਣ ਦਾ ਕੰਮ ਮੁਕਮਲ ਕੀਤਾ ਜਾਵੇਗਾ। ਨਾਲ ਹੀ ਸੜਕਾਂ ਦੀ ਚੌੜਾਈ ਨੂੰ ਵਧਾਉਣਾ ਆਸਾਨ ਹੋ ਸਕੇਗਾ। ਮੇਅਰ ਨੇ ਦਾਵਾ ਕੀਤਾ ਕਿ ਇਸ ਯੋਜਨਾ ਦੇ ਪੂਰਾ ਹੋਣ ਮਗਰੋਂ ਮੀਂਹ ਦਾ ਪਾਣੀ ਸ਼ਹਿਰ ਦੇ ਕਿਸੇ ਵੀ ਖੇਤਰ ਨੂੰ ਪ੍ਰਭਾਵਤ ਨਹੀਂ ਕਰੇਗਾ