Development in Patiala in 2020 details

December 30, 2020 - PatialaPolitics

ਕੋਵਿਡ ਨਾਲ ਲੜਦਿਆਂ ਵੀ ਪਟਿਆਲਾ ਵਿਕਾਸ ਦੇ ਕੰਮਾਂ ‘ਚ ਅੱਗੇ ਰਿਹਾ ਇਸ ਸਾਲ
-ਦੋ ਨਵੀਂਆਂ ਯੂਨੀਵਰਸਿਟੀਆਂ ਦਾ ਸਦਰ ਮੁਕਾਮ ਬਣਨ ਤੋਂ ਇਲਾਵਾ ਵਿਰਾਸਤੀ ਦਿੱਖ ਨੂੰ ਸੁਰਜੀਤ ਕਰਨ ਦੇ ਹੈਰੀਟੇਜ ਸਟ੍ਰੀਟ ਪ੍ਰਾਜੈਕਟ ਆਏ ਹੋਂਦ ‘ਚ
-ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਦਾ ਪ੍ਰਾਜੈਕਟ, ਨਵੇਂ ਬਸ ਸਟੈਂਡ ਦੀ ਸ਼ੁਰੂਆਤ ਵੱਲ ਵਧਾਏ ਕਦਮ
-ਰਾਜਿੰਦਰਾ ਝੀਲ ਦੀ ਪੁਨਰ ਸੁਰਜੀਤੀ ਤੇ ਬਾਰਾਂਦਰੀ ਬਾਗ਼ ਦੀ ਸੁੰਦਰਤਾ ਨੂੰ ਵਧਾਉਣ ਦੇ ਪ੍ਰਾਜੈਕਟ ਹੋਏ ਮੁਕੰਮਲ
ਪਟਿਆਲਾ, 30 ਦਸੰਬਰ:
ਕੋਵਿਡ ਨਾਲ ਲੜਦੇ ਹੋਏ ਵੀ ਪਟਿਆਲਾ ਜ਼ਿਲ੍ਹਾ ਵਿਕਾਸ ਦੇ ਕਾਰਜਾਂ ‘ਚ ਇਸ ਸਾਲ ਅੱਗੇ ਵਧਦਾ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੈਂਬਰ ਲੋਕ ਸਭਾ ਸ੍ਰੀਮਤੀ ਪਰਨੀਤ ਕੌਰ ਦੇ ਵਿਸ਼ੇਸ਼ ਯਤਨਾਂ ਸਦਕਾ ਪਟਿਆਲਾ ਜਿੱਥੇ ਇਸ ਸਾਲ ਦੋ ਨਵੀਂਆਂ ਯੂਨੀਵਰਸਿਟੀਆਂ ਦਾ ਸਦਰ ਮੁਕਾਮ ਬਣਿਆ ਉੱਥੇ ਵਿਕਾਸ ਦੇ ਨਾਲ-ਨਾਲ ਸ਼ਹਿਰ ਦੀ ਵਿਰਾਸਤੀ ਦਿੱਖ ਨੂੰ ਸਾਂਭਣ ਦੇ ਪ੍ਰਾਜੈਕਟਾਂ ਨੂੰ ਮੰਜ਼ਿਲ ‘ਤੇ ਪਹੁੰਚਾਉਣ ‘ਚ ਸਫ਼ਲਤਾ ਮਿਲੀ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਨੁਸਾਰ ਮਾਰਚ ਤੋਂ ਸ਼ੁਰੂ ਹੋਈ ਕੋਵਿਡ ਦੀ ਮਾਰ ਨੇ ਭਾਵੇਂ ਵਿਕਾਸ ਕਾਰਜਾਂ ਨੂੰ ਇੱਕ ਵਾਰ ਤਾਂ ਪਟੜੀ ਤੋਂ ਲਾਹ ਦਿੱਤਾ ਸੀ ਪਰੰਤੂ ਪਟਿਆਲਾ ਦੇ ਸਿਹਤ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਆਪਸੀ ਤਾਲਮੇਲ ਨਾਲ ਜਿੱਥੇ ਇਸ ਨੂੰ ਠੱਲ੍ਹ ਪਾਉਣ ‘ਚ ਸਫ਼ਲਤਾ ਹਾਸਲ ਕੀਤੀ ਉੱਥੇ ਨਾਲ ਹੀ ਵਿਕਾਸ ਕਾਰਜਾਂ ਨੂੰ ਵੀ ਮੁੜ ਤੋਂ ਲੀਹੇਂ ਪਾ ਕੇ, ਲੋਕਾਂ ਦੀਆਂ ਸੁੱਖ-ਸੁਵਿਧਾਵਾਂ ਵੱਲ ਵੀ ਪੂਰਾ ਧਿਆਨ ਦੇਣ ਦਾ ਯਤਨ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੱਲੋਂ ਕੋਵਿਡ ਖ਼ਿਲਾਫ਼ ਪਟਿਆਲਾ ‘ਚ ਚਲਾਈ ਜਾ ਰਹੀ ਮੁਹਿੰਮ ‘ਤੇ ਨੇੜਿਉਂ ਨਿਗਰਾਨੀ ਰੱਖਣ ਦੇ ਨਾਲ-ਨਾਲ ਪਟਿਆਲਾ ਦੇ ਵਿਕਾਸ ਕਾਰਜਾਂ ਦਾ ਵੀ ਆਨਲਾਈਨ ਜਾਇਜ਼ਾ ਲੈਂਦੇ ਰਹੇ, ਜਿਸ ਦੇ ਨਤੀਜੇ ਵਜੋਂ ਅਸੀਂ ਬਹੁਤ ਸਾਰੇ ਪ੍ਰਾਜੈਕਟਾਂ ਨੂੰ ਅਮਲੀ ਰੂਪ ਦੇਣ ਅਤੇ ਬਹੁਤ ਸਾਰਿਆਂ ਨੂੰ ਮੰਜ਼ਿਲ ਤੇ ਪਹੁੰਚਾਉਣ ‘ਚ ਕਾਮਯਾਬ ਹੋ ਸਕੇ। ਇਸ ਤੋਂ ਬਿਨ੍ਹਾਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਮੁੱਖ ਮੰਤਰੀ ਦੀ ਤਰਫ਼ੋਂ ਰੱਖਿਆ ਗਿਆ ਜਦਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੀ ਪਟਿਆਲਾ ਵਿਖੇ ਸਥਾਪਤ ਕੀਤੀ ਗਈ।
ਡਿਪਟੀ ਕਮਿਸ਼ਨਰ ਅਨੁਸਾਰ ਪਟਿਆਲਾ ਦੀ ਰਿਆਸਤੀ ਦਿੱਖ ਨੂੰ ਸੰਭਾਲਣ ਲਈ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਰਾਜਿੰਦਰਾ ਝੀਲ ਦੀ ਪੁਨਰ ਸੁਰਜੀਤੀ ਅਤੇ ਇਤਿਹਾਸਕ ਬਾਰਾਂਦਰੀ ਬਾਗ਼ ਦੀ ਸਾਂਭ-ਸੰਭਾਲ ਦੇ ਪ੍ਰਾਜੈਕਟ ਲਗਪਗ ਮੁਕੰਮਲ ਹੋ ਗਏ ਹਨ। ਰਾਜਿੰਦਰਾ ਝੀਲ ‘ਚ ਕਰੀਬ ਡੇਢ ਦਹਾਕੇ ਬਾਅਦ ਰੌਣਕ ਪਰਤੀ ਹੈ ਅਤੇ ਬਾਰਾਂਦਰੀ ਬਾਗ਼ ‘ਚ ਲੋਕਾਂ ਦੇ ਲਈ ਓਪਨ ਜਿੰਮ, ਰੌਸ਼ਨੀ, ਸੈਰ ਪਗਡੰਡੀਆਂ ਅਤੇ ਹੋਰ ਕੰਮ ਕਰਵਾਏ ਗਏ ਹਨ। ਇਨ੍ਹਾਂ ਦੋਵਾਂ ਪ੍ਰਾਜੈਕਟਾਂ ‘ਤੇ ਲਗਪਗ 584 ਲੱਖ ਰੁਪਏ ਦਾ ਖਰਚ ਆਇਆ ਹੈ।
ਇਸੇ ਤਰ੍ਹਾਂ ਸ਼ਹਿਰ ਦਾ ਇੱਕ ਹੋਰ ਅਹਿਮ ਵਿਰਾਸਤੀ ਪ੍ਰਾਜੈਕਟ ਹੈਰੀਟੇਜ ਸਟ੍ਰੀਟ ਵੀ ਇਸੇ ਸਾਲ ਅਕਤੂਬਰ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤਾ ਜਾ ਚੁੱਕਾ ਹੈ। ਕਰੀਬ 43 ਕਰੋੜ ਦੇ ਬਜਟ ਦਾ ਇਹ ਪ੍ਰਾਜੈਕਟ ਕਿਲਾ ਮੁਬਾਰਕ ਤੋਂ ਦੋ ਕਿਲੋਮੀਟਰ ਦੇ ਹਿੱਸੇ ਨੂੰ ਵਿਰਾਸਤੀ ਦਿੱਖ ਦੇਣ ਦਾ ਹੈ, ਜਿਸ ਨਾਲ ਪਟਿਆਲਾ ਦੇ ਇਸ ਮਾਰਗ ਦੀ ਕੌਮਾਂਤਰੀ ਪਛਾਣ ਬਣੇਗੀ।
ਪਟਿਆਲਾ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਨਹਿਰੀ ਸਪਲਾਈ ਦਾ ਪ੍ਰਾਜੈਕਟ ਜੋ ਕਿ ਲਗਪਗ 500 ਕਰੋੜ ਦਾ ਹੈ, ਵੀ ਇਸ ਸਾਲ ਸ਼ੁਰੂ ਕਰਨ ‘ਚ ਸਫ਼ਲਤਾ ਹਾਸਲ ਹੋਈ ਹੈ। ਸ਼ਹਿਰ ਦੇ ਅਗਲੇ ਤਿੰਨ ਦਹਾਕਿਆਂ ਤੱਕ ਦੀ ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਤਿਆਰ ਕੀਤੇ ਗਏ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਵੱਡਾ ਲਾਭ ਮਿਲੇਗਾ।
ਨਗਰ ਨਿਗਮ ਦੇ ਉਕਤ ਪ੍ਰਾਜੈਕਟ ਤੋਂ ਇਲਾਵਾ ਸ਼ਹਿਰ ਦੇ ਸਨੌਰ ਰੋਡ ‘ਤੇ ਸਥਿਤ ਡੰਪ ਦੇ ਵੱਡੇ ਢੇਰ ਦੀ ਬਣੀ ਸਮੱਸਿਆ ਨੂੰ ਵੀ ਇਸ ਸਾਲ ‘ਚ ਹੱਲ ਕਰਨ ਦੀ ਯੋਜਨਾ ਨੂੰ ਅਮਲੀ ਰੂਪ ਮਿਲਣ ਤੋਂ ਬਾਅਦ 6 ਕਰੋੜ ਦੀ ਲਾਗਤ ਦਾ ਇਹ ਪ੍ਰਾਜੈਕਟ ਵੀ ਚੱਲ ਪਿਆ ਹੈ, ਜਿਸ ਨਾਲ ਕੂੜੇ ਦੇ ਢੇਰ ਦੀ ਸਾਲਾਂ ਤੋਂ ਬਣੀ ਨਿਪਟਾਰੇ ਦੀ ਸਮੱਸਿਆ ਹੱਲ ਹੋਣ ਵੱਲ ਵਧੀ ਹੈ। ਸ਼ਹਿਰ ਦੇ ਭੀੜ-ਭੜੱਕੇ ‘ਚੋਂ ਡੇਅਰੀਆਂ ਨੂੰ ਬਾਹਰ ਲਿਜਾਣ ਅਤੇ ਰਾਘੋ ਮਾਜਰਾ ਦੀ ਰੇਹੜੀ ਮਾਰਕੀਟ ਨੂੰ ਇੱਕ ਥਾਂ ਲਿਜਾਣ ਦੀ ਯੋਜਨਾ ਵੀ ਲਗਪਗ ਮੁਕੰਮਲ ਹੋ ਚੁੱਕੀ ਹੈ। ਇਸਦੇ ਨਾਲ ਹੀ 6.89 ਕਰੋੜ ਰੁਪਏ ਦੀ ਲਾਗਤ ਨਾਲ ਈਸਰਨ ਡਰੇਨ ਅਤੇ 2.50 ਕਰੋੜ ਰੁਪਏ ਦੀ ਲਾਗਤ ਨਾਲ ਜੈਕਬ ਡਰੇਨ ਦੇ ਸੁੰਦਰੀਕਰਨ ਤੇ ਇਸ ਨੂੰ ਨਵਿਆਉਣ ਦਾ ਕੰਮ ਵੀ ਵੱਡੇ ਪੱਧਰ ‘ਤੇ ਕਰਵਾਇਆ ਗਿਆ ਹੈ ਜੋ ਕਿ ਮੁਕੰਮਲ ਹੋਣ ਦੇ ਬਿਲਕੁਲ ਕਰੀਬ ਹੈ।
ਸ਼ਹਿਰ ਦੇ ਬੱਸ ਸਟੈਂਡ ਨੂੰ ਭੀੜ-ਭੜੱਕੇ ਤੋਂ ਕੱਢ ਕੇ ਬਾਹਰ ਲਿਜਾਣ ਦੀ ਯੋਜਨਾ ਨੂੰ ਵੀ ਇਸੇ ਸਾਲ ਅਮਲੀ ਰੂਪ ਮਿਲਿਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜਪੁਰਾ ਬਾਈਪਾਸ ‘ਤੇ ਇਸ ਦਾ ਨੀਂਹ ਪੱਥਰ ਰੱਖਣ ਨਾਲ ਇਸ ਦੀ ਜਲਦ ਉਸਾਰੀ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਛੋਟੀ ਅਤੇ ਵੱਡੀ ਨਦੀ ਦੇ ਸੁੰਦਰੀਕਰਨ ਦੇ ਪ੍ਰਾਜੈਕਟ ‘ਤੇ 208 ਕਰੋੜ ਰੁਪਏ ਖ਼ਰਚ ਕਰਨ ਦਾ ਐਲਾਨ ਦੇ ਮੱਦੇਨਜ਼ਰ ਇਸ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਇਸ ਤਹਿਤ ਘਲੋੜੀ ਗੇਟ ਵਿਖੇ 26 ਐਮ.ਐਲ.ਡੀ. ਦਾ ਐਸ.ਟੀ.ਪੀ. ਲੱਗੇਗਾ ਤੇ ਦੋਹਾਂ ਨਦੀਆਂ ਦਰਮਿਆਨ ਇੱਕ ਚੈਕ ਡੈਮ ਬਣੇਗਾ ਅਤੇ ਨਾਲ ਹੀ 3.45 ਕਿਲੋਮੀਟਰ ਦਾ ਸਾਇਕਲਿੰਗ ਟ੍ਰੈਕ ਵੀ ਬਣਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਤਾਵਰਣ ਦੀ ਸੰਭਾਲ ਤੇ ਸ਼ਹਿਰਾਂ ਦੀ ਸਾਫ਼-ਸਫ਼ਾਈ ‘ਤੇ ਜ਼ੋਰ ਦਿੰਦਿਆਂ ਅਰੰਭ ਕੀਤੇ ਗਏ ਵਿਸ਼ੇਸ਼ ਪ੍ਰੋਗਰਾਮ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ (ਯੂ.ਈ.ਆਈ.ਪੀ) ਦੇ ਦੂਜੇ ਪੜਾਅ ਤਹਿਤ 79 ਕਰੋੜ ਰੁਪਏ ਦੇ ਕੰਮ ਜ਼ਿਲ੍ਹੇ ਦੇ ਸ਼ਹਿਰਾਂ ਤੇ ਕਸਬਿਆਂ ‘ਚ ਕੀਤੇ ਜਾਣ ਦੀ ਸ਼ੁਰੂਆਤ ਹੋ ਗਈ ਹੈ ਜਦੋਂਕਿ ਇਸਦੇ ਪਹਿਲੇ ਪੜਾਅ ਤਹਿਤ 30 ਕਰੋੜ ਰੁਪਏ ਦੇ ਕੰਮ ਇਸ ਸਾਲ ਤੱਕ ਕਰਵਾਏ ਜਾ ਚੁੱਕੇ ਸਨ। ਇਸ ਸਕੀਮ ‘ਚ ਸੀਵਰੇਜ, ਕੂੜੇ ਦਾ ਨਿਪਟਾਰਾ, ਜਲ-ਸਪਲਾਈ, ਮੀਂਹ ਵਾਲੇ ਪਾਣੀ ਦੀ ਸੰਭਾਲ, ਗਲੀਆਂ ਨਾਲੀਆਂ, ਸੜਕਾਂ ਆਦਿ ਦੇ ਕੰਮ ਸ਼ਾਮਲ ਹਨ।
ਉਨ੍ਹਾਂ ਹੋਰ ਦੱਸਿਆ ਕਿ ਇਸੇ ਤਰ੍ਹਾਂ ਹੀ ਸਮਾਰਟ ਵਿਲੇਜ ਸਕੀਮ ਤਹਿਤ ਜ਼ਿਲ੍ਹੇ ਦੇ ਸਾਰੇ ਪਿੰਡਾਂ ‘ਚ ਪਹਿਲੇ ਪੜਾਅ ਤਹਿਤ 43.51 ਕਰੋੜ ਰੁਪਏ ਖ਼ਰਚਕੇ ਵਿਕਾਸ ਕੰਮ ਕਰਵਾਏ ਗਏ ਹਨ ਜਦੋਂਕਿ ਦੂਜੇ ਪੜਾਅ ਤਹਿਤ 121 ਕਰੋੜ ਰੁਪਏ ਦੇ ਵਿਕਾਸ ਕੰਮ ਅਰੰਭ ਕੀਤੇ ਗਏ ਹਨ। ਇਸ ਤੋਂ ਬਿਨ੍ਹਾਂ ਪਿੰਡਾਂ ‘ਚ ਸਵੱਛ ਭਾਰਤ ਮਿਸ਼ਨ, ਜਲ ਸਪਲਾਈ, ਸਕੂਲਾਂ, ਪਾਰਕਾਂ, ਗਲੀਆਂ ਨਾਲੀਆਂ, ਛੱਪੜਾਂ ਅਤੇ ਹੋਰ ਵਿਕਾਸ ਕੰਮ ਲਈ 15ਵੇਂ ਵਿੱਤ ਕਮਿਸ਼ਨ ਦੇ ਵੀ ਕਰੀਬ 45.26 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
*