Patiala Politics

Patiala News Politics

DGP Punjab Suresh Arora in Patiala


ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

ਪੁਲਿਸ ‘ਚ ਮਹਿਲਾਵਾਂ ਦੀ ਨਫ਼ਰੀ 7.5 ਫ਼ੀਸਦੀ ਤੋਂ ਵਧਾਉਣ ਲਈ ਪੜਾਅਵਾਰ ਭਰਤੀ ਕੀਤੀ ਜਾਵੇਗੀ-ਡੀ.ਜੀ.ਪੀ. ਅਰੋੜਾ

-ਪੁਲਿਸ ਪ੍ਰਤੀ ਲੋਕਾਂ ਦੇ ਵਿਸ਼ਵਾਸ਼ ਨੂੰ ਬਰਕਰਾਰ ਰੱਖਣ ‘ਤੇ ਜ਼ੋਰ ਦਿੱਤਾ

-ਪਹਿਲੀ ਜ਼ੋਨਲ ਮਹਿਲਾ ਪੁਲਿਸ ਕਾਨਫਰੰਸ ਪਟਿਆਲਾ ‘ਚ ਹੋਈ

ਪਟਿਆਲਾ, 4 ਜਨਵਰੀ : 

 ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਸ੍ਰੀ ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਵਿੱਚ ਔਰਤਾਂ ਦੀ ਨਫ਼ਰੀ 7.5 ਫ਼ੀਸਦੀ ਹੈ ਅਤੇ ਇਸ ਨੂੰ ਕੇਂਦਰੀ ਮਹਿਲਾ ਕਮਿਸ਼ਨ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਸਿਫ਼ਾਰਸ਼ਾਂ ਮੁਤਾਬਕ ਘੱਟੋ-ਘੱਟ 33 ਫ਼ੀਸਦੀ ਕਰਨ ਲਈ ਮਹਿਲਾ ਕਰਮੀਆਂ ਦੀ ਪੜਾਅਵਾਰ ਭਰਤੀ ਕੀਤੀ ਜਾਵੇਗੀ। ਸ੍ਰੀ ਅਰੋੜਾ, ਪੰਜਾਬ ਪੁਲਿਸ ਵਲੋਂ ਇਥੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ‘ਪੁਲਿਸ ‘ਚ ਮਹਿਲਾਵਾਂ ਦੀ ਭੂਮਿਕਾ ਅਤੇ ਵਿਵਹਾਰਕ ਤਬਦੀਲੀ’ ਵਿਸ਼ੇ ਉਪਰ ਕਰਵਾਈ ਗਈ ਪਹਿਲੀ ਜ਼ੋਨਲ ਮਹਿਲਾ ਪੁਲਿਸ ਕਾਨਫਰੰਸ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ‘ਚ ਮਹਿਲਾ ਸਿਪਾਹੀਆਂ ਨੂੰ ਅੱਗੇ ਵਧਣ ਦੇ ਵਧੇਰੇ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ ਹੋਰ ਵੱਡੀ ਗਿਣਤੀ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਥਾਣਾ ਮੁਖੀ, ਮਹਿਲਾ ਮੁਨਸ਼ੀ ਅਤੇ ਜਾਂਚ ਅਧਿਕਾਰੀ ਲਾਇਆ ਜਾਵੇਗਾ। 

 ਡੀ.ਜੀ.ਪੀ. ਸ੍ਰੀ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਸਭ ਤੋਂ ਅਹਿਮ ਗੱਲ ਹੈ ਕਿ ਆਮ ਲੋਕਾਂ ਅਤੇ ਖਾਸ ਕਰਕੇ ਔਰਤਾਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ਼ ਬਰਕਰਾਰ ਰਹੇ ਅਤੇ ਮਹਿਲਾ ਪੁਲਿਸ ਕਰਮੀਆਂ ਦਾ ਆਤਮ ਵਿਸ਼ਵਾਸ਼ ਹੋਰ ਮਜਬੂਤ ਹੋਵੇ ਜਿਸ ਕਰਕੇ ਉਹ ਪੀੜਤਾਂ ਨੂੰ ਇਨਸਾਫ਼ ਦੇਣ ਲਈ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਮਹਿਲਾ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੁਪਰੀਮ ਕੋਰਟ ਦੀ ‘ਵਿਸਾਖਾ ਜੱਜਮੈਂਟ’ ਸਮੇਤ ਹੋਰ ਅਹਿਮ ਕੇਸਾਂ ਦੇ ਫੈਸਲਿਆਂ ਬਾਬਤ ਜਾਣੂ ਕਰਵਾਉਣ ਲਈ ਪੁਲਿਸ ਸਿਖਲਾਈ ਦਾ ਹਿੱਸਾ ਬਣਾਇਆ ਜਾਵੇਗਾ ਤੇ ਜਬਰ ਜਨਾਹ ਆਦਿ ਦੇ ਮਾਮਲਿਆਂ ਦੀ ਜਾਂਚ ਦਾ ਕੰਮ ਮਹਿਲਾ ਪੁਲਿਸ ਅਧਿਕਾਰੀਆਂ ਤੋਂ ਕਰਵਾਇਆ ਜਾਵੇਗਾ। 

 ਸ੍ਰੀ ਅਰੋੜਾ ਨੇ ਕਿਹਾ ਕਿ ਸਮਾਜ ‘ਚ ਅਤੇ ਖਾਸ ਕਰਕੇ ਮਹਿਲਾਵਾਂ ਦੀ ਚੁੱਪ ਰਹਿਣ ਤੇ ‘ਚਲਦਾ ਹੈ’ ਦੇ ਰਵੱਈਏ ‘ਚ ਵਿਵਹਾਰਕ ਤਬਦੀਲੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ‘ਚ ਔਰਤਾ ਖ਼ਿਲਾਫ਼ ਜੁਰਮਾਂ ਦੇ ਕੇਸਾਂ ‘ਚ ਵਾਧਾ ਹੋਇਆ ਹੈ, ਇਸਦਾ ਕਾਰਨ ਇਹ ਨਹੀਂ ਕਿ ਔਰਤਾਂ ਜੁਰਮ ਵਧਿਆ ਹੈ ਜਦੋਂ ਕਿ ਹੁਣ ਔਰਤਾਂ ਰਿਪੋਰਟ ਕਰਨ ਥਾਣਿਆਂ ਤੱਕ ਪਹੁੰਚ ਰਹੀਆਂ ਹਨ ਤੇ ਇਸ ਵਿੱਚ ਵੱਡਾ ਯੋਗਦਾਨ ਮਹਿਲਾ ਪੁਲਿਸ ਥਾਣਿਆਂ ਅਤੇ ਮਹਿਲਾ ਕਰਮੀਆਂ ਦਾ ਹੈ।

 ਸ੍ਰੀ ਅਰੋੜਾ ਨੇ ਦੱਸਿਆ ਕਿ ਇਸ ਕਾਨਫ਼ਰੰਸ ਜਰੀਏ ਪੰਜਾਬ ਦੀਆਂ 5 ਪੁਲਿਸ ਰੇਂਜਾਂ ਵਿੱਚੋਂ 2 ਰੇਂਜਾਂ ਦੀਆਂ ਮਹਿਲਾ ਪੁਲਿਸ ਅਧਿਕਾਰੀਆ ਅਤੇ ਕਰਮਚਾਰੀਆਂ ਨੂੰ ਸ਼ਾਮਲ ਕਰ ਲਿਆ ਹੈ ਅਤੇ ਦੋ ਹੋਰ ਕਾਨਫਰੰਸਾਂ ਕਰਨ ਮਗਰੋਂ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਪੁਲਿਸ ਅਕਾਦਮੀ ਫ਼ਿਲੌਰ ਵਿਖੇ ਵੱਡੀ ਕਾਨਫਰੰਸ ਕਰਵਾਕੇ ਪੁਲਿਸ ‘ਚ ਮਹਿਲਾਵਾਂ ਦੇ ਕੰਮ ਦੇ ਹਾਲਾਤ, ਤਰੱਕੀਆਂ, ਘਰ ਦੇ ਨੇੜੇ ਤਾਇਨਾਤੀ, ਇਨ੍ਹਾਂ ਦੇ ਹੱਕਾਂ ਅਤੇ ਲੋੜਾਂ ਆਦਿ ਬਾਬਤ ਨੀਤੀਆਂ ਬਣਾ ਕੇ ਲਾਗੂ ਕਰਨ ਵੱਲ ਵੱਡਾ ਕਦਮ ਪੁੱਟਿਆ ਜਾਵੇਗਾ ਤਾਂ ਕਿ ਉਹ ਆਪਣੀ ਡਿਊਟੀ ਅਤੇ ਪਰਿਵਾਰਕ ਜਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾ ਸਕਣ। 

 ਇਸ ਤੋਂ ਪਹਿਲਾਂ ਆਈ.ਜੀ. ਪ੍ਰੋਵੀਜਨਿੰਗ ਸ੍ਰੀਮਤੀ ਗੁਰਪ੍ਰੀਤ ਕੌਰ ਦਿਉ ਨੇ ਦੱਸਿਆ ਕਿ ਇਸ ਕਾਨਫਰੰਸ ਦਾ ਮੰਤਵ ਹੈ  ਕਿ ਮਹਿਲਾ ਪੁਲਿਸ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਅਤੇ ਲੋੜਾਂ ਦਾ ਹੱਲ ਹੋ ਸਕੇ ਅਤੇ ਠੋਸ ਨਤੀਜੇ ‘ਤੇ ਪੁੱਜਿਆ ਜਾ ਸਕੇ। ਇਸ ਤੋਂ ਬਿਨ੍ਹਾਂ ਪੁਲਿਸ ਨੂੰ ਆਮ ਲੋਕਾਂ ਦੇ ਸਰੋਕਾਰਾਂ ਅਤੇ ਮਹਿਲਾਵਾਂ ਵਿਰੁਧ ਵੱਧ ਰਹੇ ਜੁਰਮਾਂ ਬਾਬਤ ਹੋਰ ਸੰਵੇਦਨਸ਼ੀਲ ਬਣਾਇਆ ਜਾਣਾ ਵੀ ਇਸ ਦਾ ਟੀਚਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਕਾਨਫਰੰਸ ਮਹਿਲਾਵਾਂ ਨੂੰ ਪੁਲਿਸ ਬਲ ਦਾ ਇਕ ਮਹੱਤਵਪੂਰਨ ਅੰਗ ਬਣਾਉਣ ‘ਚ ਆਪਣਾ ਅਹਿਮ ਯੋਗਦਾਨ ਪਾਵੇਗੀ।

 ਇਸ ਮੌਕੇ ਇੰਸਟੀਚਿਊਟ ਆਫ਼ ਕੁਰੈਕਸ਼ਨਲ ਐਡਮਨਿਸਟ੍ਰੇਸ਼ਨ, ਚੰਡੀਗੜ੍ਹ ਦੀ ਡਿਪਟੀ ਡਾਇਰੈਕਟਰ ਡਾ. ਉਪਨੀਤ ਲਾਲੀ ਨੇ ਕੂੰਜੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਥਾਣੇ ਸਮਾਜਿਕ ਸਿਹਤ ਬਾਬਤ ਜਾਣਕਾਰੀ ਦਿੰਦੇ ਹਨ, ਇਸ ਲਈ ਮੌਜੂਦਾ ਸਮਾਜਿਕ ਲੋੜਾਂ ਪ੍ਰਤੀ ਪੁਲਿਸ ਨੂੰ ਹੋਰ ਸੰਵੇਦਨਸ਼ੀਲ ਹੋਣਾ ਪਵੇਗਾ, ਜਿਸ ਲਈ ਮਹਿਲਾ ਪੁਲਿਸ ਬਲ ਨੂੰ ਹੋਰ ਵਧੇਰੇ ਮਜਬੂਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਹੁਣ ਔਰਤਾਂ ਪ੍ਰਤੀ ਜੁਰਮਾਂ ਦੇ ਕਾਨੂੰਨਾਂ ਦੀ ਪ੍ਰੀਭਾਸ਼ਾ ‘ਚ ਤਬਦੀਲੀ  ਆ ਰਹੀ ਹੈ, ਉਸ ਲਈ ਹਰ ਰੋਜ਼ ਸਿੱਖਣਾਂ ਅਤੇ ਆਪਣੇ ਵਿੱਚ ਸਕਾਰਮਕ ਤਬਦੀਲੀ ਲਿਆਉਣਾ ਪੁਲਿਸ ਫੋਰਸ ਦੀ ਵੱਡੀ ਲੋੜ ਬਣ ਗਈ ਹੈ।

 ਕਾਨਫਰੰਸ ਦੌਰਾਨ ਡੀ.ਜੀ.ਪੀ. ਸ੍ਰੀ ਅਰੋੜਾ ਨੇ ਮਹਿਲਾ ਪੁਲਿਸ ਕਰਮੀਆਂ ਦੇ ਸਵਾਲਾਂ ਦੇ ਜੁਆਬ ਦਿੱਤੇ ਅਤੇ ਉਠਾਏ ਗਏ ਨੁਕਤਿਆਂ ਬਾਬਤ ਲੋੜੀਂਦੇ ਹੁਕਮ ਤੁਰੰਤ ਜਾਰੀ ਕੀਤੇ। ਉਨ੍ਹਾਂ ਨੇ ਮਹਿਲਾ ਪੁਲਿਸ ਕਰਮੀਆਂ ਬਾਬਤ ਇਕ ਕਮੇਟੀ ਬਣਾ ਕੇ ਏ.ਆਈ.ਜੀ. ਵੈਲਫੇਅਰ ਐਂਡ ਲਿਟੀਗੇਸ਼ਨ ਸ੍ਰੀਮਤੀ ਹਰਪ੍ਰੀਤ ਕੌਰ ਨੂੰ ਲਾਉਣ ਦਾ ਐਲਾਨ ਕੀਤਾ। ਇਸ ਮੌਕੇ 2015 ਬੈਚ ਦੇ ਮਹਿਲਾ ਸਬ ਇੰਸਪੈਕਟਰਾਂ ਵਲੋਂ ਖੁਸ਼ਪ੍ਰੀਤ ਕੌਰ ਨੇ ਡੀ.ਜੀ.ਪੀ. ਦਾ ਖਾਸ ਧੰਨਵਾਦ ਕੀਤਾ। ਕਾਨਫਰੰਸ ‘ਚ ਡੀ.ਜੀ.ਪੀ. ਐਚ.ਆਰ.ਡੀ ਸ੍ਰੀ ਸਿਧਾਰਥ ਚਟੋਪਾਧਿਆ, ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਸ੍ਰੀ ਪ੍ਰਬੋਧ ਕੁਮਾਰ, ਡਾਇਰੈਕਟਰ ਪੁਲਿਸ ਸਿਖਲਾਈ ਕੇਂਦਰ ਫ਼ਿਲੌਰ ਅਨੀਤਾ ਪੁੰਜ, ਆਈ.ਜੀ. ਹੈਡਕੁਆਰਟਰ ਜਤਿੰਦਰ ਸਿੰਘ ਔਲਖ, ਆਈ.ਜੀ. ਜ਼ੋਨਲ-1 ਪਟਿਆਲਾ, ਸ੍ਰੀ ਏ.ਐਸ. ਰਾਏ, ਆਈ.ਜੀ. ਕ੍ਰਾਇਮ ਸ਼ਸੀ ਪ੍ਰਭਾ ਦਿਵੇਦੀ, ਆਈ.ਜੀ. ਸਾਇਬਰ ਕ੍ਰਾਇਮ ਸ੍ਰੀ ਨੌਨਿਹਾਲ ਸਿੰਘ, ਆਈ.ਜੀ. ਸ੍ਰੀ ਅਮਰ ਸਿੰਘ ਚਾਹਲ, ਡੀ.ਆਈ.ਜੀ. ਡਾ. ਸੁਖਚੈਨ ਸਿੰਘ ਗਿੱਲ ਸਮੇਤ ਹੋਰ ਉਚ ਪੁਲਿਸ ਅਧਿਕਾਰੀ ਸ਼ਾਮਲ ਹੋਏ।

 ਕਾਨਫਰੰਸ ਦੇ ਅਗਲੇ ਸ਼ੈਸ਼ਨਾਂ ‘ਚ ਔਰਤਾਂ ਦੀ ਪੁਲਿਸ ‘ਚ ਭੂਮਿਕਾ ਅਤੇ ਪੁਲਿਸ ਦੇ ਵਿਵਹਾਰ ਵਿੱਚ ਤਬਦੀਲੀਆਂ ਬਾਬਤ ਵਿਸਥਾਰ ‘ਚ ਹੋਈ ਚਰਚਾ ਮੌਕੇ ਡੀ.ਆਈ.ਜੀ. ਵੀ.ਕੇ. ਮੀਨਾ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ੍ਰੀਮਤੀ ਅਲਕਾ ਮੀਨਾ, ਸਮਾਜਿਕ ਸੁਰੱਖਿਆ ਤੇ ਔਰਤਾਂ ਤੇ ਬੱਚਿਆਂ ਦੇ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ, ਏ.ਡੀ.ਸੀ.ਪੀ.-2 ਜਲੰਧਰ ਡਾ. ਸੁਧਾਰਵਿਜੀ, ਐਡਵੋਕੇਟ ਨਿਖਿਲ ਸਰਫ਼, ਏ.ਆਈ.ਜੀ. ਸਨਮੀਤ ਕੌਰ, ਐਸ.ਪੀ. ਸਥਾਨਕ ਪਟਿਆਲਾ ਕੰਵਰਦੀਪ ਕੌਰ ਨੇ ਹਿੱਸਾ ਲਿਆ। ਪਟਿਆਲਾ ਦੇ ਐਸ.ਐਸ.ਪੀ. ਡਾ. ਐਸ. ਭੂਪਥੀ ਨੇ ਧੰਨਵਾਦ ਕੀਤਾ ਅਤੇ ਮੰਚ ਸੰਚਾਲਣ ਏ.ਸੀ.ਪੀ. ਕ੍ਰਾਇਮ ਅਗੇਂਸਟ ਵੂਮੈਨ ਜਲੰਧਰ ਦੀਪਿਕਾ ਸਿੰਘ ਨੇ ਕੀਤਾ।

ਨੰ: ਲਸਪ (ਪ੍ਰੈ.ਰੀ.)-2018/9 (ਹ)

Facebook Comments