Eastern Drain Patiala to be covered soon

February 20, 2019 - PatialaPolitics

ਪਟਿਆਲਾ ਸ਼ਹਿਰ ਦੇ ਅੰਦਰ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਘਰਾਂ ਦੇ ਪਾਣੀ ਦੀ ਨਿਕਾਸੀ ਲਈ ਵਰਤੇ ਜਾਂਦੇ ਈਸਟਰਨ ਡਰੇਨ ਨੂੰ ਕਰੀਬ 8 ਕਰੋੜ ਰੁਪਏ ਦੀ ਲਾਗਤ ਨਾਲ ਢੱਕਣ ਦੇ ਕੰਮ ਦੀ ਸ਼ੁਰੂਆਤ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਰਵਾਈ।
ਇਸ ਮੌਕੇ ਪਟਿਆਲਾ ਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਪਟਿਆਲਾ ਨਾਲ ਰਾਜਸੀ ਵਿਤਕਰਾ ਕੀਤਾ ਗਿਆ ਜਿਸ ਕਾਰਨ ਪਟਿਆਲਾ ਸ਼ਹਿਰ ਦਾ ਵਿਕਾਸ ਰੁਕ ਗਿਆ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਦਿਆ ਹੀ ਪਟਿਆਲਾ ਜ਼ਿਲ੍ਹੇ ਦੇ ਵਿਕਾਸ ਲਈ ਖਜਾਨੇ ਦਾ ਮੂੰਹ ਖੋਲ ਦਿੱਤਾ ਅਤੇ ਪਟਿਆਲਾ ਸ਼ਹਿਰ ਦੀਆਂ ਸੜਕਾਂ ਦਾ ਨਵੀਨੀਕਰਨ, ਐਲ.ਈ.ਡੀ. ਸਟਰੀਟ ਲਾਈਟਾਂ ਤੋਂ ਬਾਅਦ ਹੁਣ ਪਟਿਆਲਵੀਆਂ ਦੀ ਮੰਗ ‘ਤੇ ਈਸਟਰਨ ਡਰੇਨ ਨੂੰ ਢੱਕਣ ਦੇ ਕੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਰੀਬ 8 ਕਰੋੜ ਰੁਪਏ ਦੀ ਲਾਗਤ ਨਾਲ ਢਕੇ ਜਾਣ ਵਾਲੇ ਇਸ ਈਸਟਰਨ ਡਰੇਨ ਨਾਲ ਸ਼ਹਿਰ ਵਾਸੀਆਂ ਨੂੰ ਜਿਥੇ ਗੰਦਗੀ ਤੋਂ ਨਿਜਾਤ ਮਿਲੇਗੀ ਉਥੇ ਹੀ ਇਸ ਉਪਰ ਪਾਰਕ ਦਾ ਨਿਰਮਾਣ ਕਰਕੇ ਇਸ ਨੂੰ ਸੈਰਗਾਹ ਦੇ ਤੌਰ ‘ਤੇ ਵਿਕਸਤ ਕੀਤਾ ਜਾਵੇਗਾ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਇਸ ਡਰੇਨ ਦੇ ਆਲੇ-ਦੁਆਲੇ ਸੰਘਣੀ ਆਬਾਦੀ ਅਤੇ ਦੁਕਾਨਾਂ ਹੋਣ ਕਾਰਨ ਨਾਲ ਲੱਗਦੀਆਂ ਕਲੋਨੀਆਂ ਦੇ ਵਸਨੀਕਾਂ ਨੂੰ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਨਾਲ ਚਿਕਨ-ਗੁਨੀਆ, ਡੇਂਗੂ ਅਤੇ ਮਲੇਰੀਆਂ ਵਰਗੀਆਂ ਬਿਮਾਰੀਆਂ ਦੇ ਨਾਲ-ਨਾਲ ਫੇਫੜਿਆਂ ਦੀਆ ਬਿਮਾਰੀਆਂ ਨਾਲ ਵੀ ਇਲਾਕਾ ਨਿਵਾਸੀ ਪੀੜਤ ਹੋ ਰਹੇ ਹਨ ਜੋ ਹੁਣ ਇਸ ਡਰੇਨ ਨੂੰ ਢੱਕਣ ਤੋਂ ਬਾਅਦ ਨੇੜੇ ਦੇ ਇਲਾਕਿਆਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਡਰੇਨ ਵਿੱਚ ਰੋਜ਼ ਗਾਰਡਨ 4 ਨੰਬਰ ਗਲੀ, ਪੁਰਾਣੀ ਕੋਤਵਾਲੀ, ਬਰਤਨ ਬਾਜ਼ਾਰ, ਸਫਾਬਾਦੀ ਗੇਟ, ਗੁਰਦੇਵ ਇਨਕਲੇਵ, ਸਨੌਰੀ ਅੱਡਾ, ਸੂਈ ਗਰਾਂ ਮੁਹੱਲਾ, ਮਾਈ ਜੀ ਦੀ ਸਰਾਂ ਇਲਾਕਿਆਂ ਦਾ ਪਾਣੀ ਪੈਦਾ ਹੈ ਅਤੇ ਹੁਣ ਪਟਿਆਲਾ ਜਲ ਨਿਕਾਸ ਮੰਡਲ ਵੱਲੋਂ ਪਟਿਆਲਾ ਈਸਟਰਨ ਡਰੇਨ ਨੂੰ ਆਰ.ਸੀ.ਸੀ. ਪਾਈਪਾਂ ਨਾਲ ਢੱਕਣ ਲਈ ਕਰੀਬ 8 ਕਰੋੜ ਰੁਪਏ ਖਰਚੇ ਜਾ ਰਹੇ ਹਨ ਅਤੇ ਡਰੇਨ ਵਾਲੀ ਜਗ੍ਹਾ ਨੂੰ ਢੱਕਣ ਉਪਰੰਤ ਇਸ ਉੱਪਰ ਸੈਰ ਕਰਨ ਲਈ ਸੈਰਗਾਹ ਵਿਕਸਿਤ ਕੀਤੀ ਜਾਵੇਗੀ ਅਤੇ ਇਸ ਕੰਮ ਦੀ ਰਾਸ਼ੀ ਨਗਰ ਨਿਗਮ ਪਟਿਆਲਾ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਦੇ ਤਹਿਤ ਪਹਿਲੀ ਕਿਸ਼ਤ 250 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।
ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ ਨੇ ਕਿਹਾ ਕਿ ਡਰੇਨ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਜਿਥੇ ਬਿਮਾਰੀਆਂ ਨੇ ਨੁਕਸਾਨ ਕੀਤਾ ਉਥੇ ਹੀ ਫਰੀਜ਼ ਅਤੇ ਏ.ਸੀ. ਵਰਗਾ ਸਾਮਾਨ ਵੀ ਇੱਕ ਸਾਲ ਦੇ ਅੰਦਰ ਹੀ ਖਰਾਬ ਹੋਣ ਕਾਰਨ ਕਾਲੋਨੀ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਪਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਨੂੰ ਇੱਕ ਨਮੂਨੇ ਦੇ ਸ਼ਹਿਰ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਡਰੇਨ ਨੂੰ ਢਕਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸ਼ਹਿਰ ਸ੍ਰੀ ਕੇ.ਕੇ. ਮਲਹੋਤਰਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋ ਤੇ ਸ੍ਰੀ ਰਾਜੇਸ਼ ਸ਼ਰਮਾ, ਨਗਰ ਨਿਗਮ ਐਸ.ਸੀ. ਐਮ.ਐਮ ਸਿਆਲ, ਐਸ.ਸੀ. ਡਰੈਨੇਜ਼ ਸ. ਦਵਿੰਦਰ ਸਿੰਘ, ਸ੍ਰੀ ਰਾਜੇਸ਼ ਅਤੇ ਸ੍ਰੀ ਹਰਜੀਤ ਸਿੰਘ ਸ਼ੇਰੂ ਸਮੇਤ ਕੌਸ਼ਲਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।