Elections 2019:68% voting in Patiala

May 19, 2019 - PatialaPolitics


ਲੋਕ ਸਭਾ ਹਲਕਾ ਪਟਿਆਲਾ-13 ਲਈ ਅੱਜ ਪਈਆਂ ਵੋਟਾਂ ਦੌਰਾਨ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਰਾਤੀ 10 ਵਜੇ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ 68 ਫ਼ੀਸਦੀ ਦੇ ਕਰੀਬ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਮਤਦਾਨ ਕੀਤਾ। ਸਵੇਰੇ 7 ਵਜੇ ਸ਼ੁਰੂ ਹੋਇਆ ਚੋਣ ਅਮਲ ਦੇਰ ਸ਼ਾਮ ਸਫ਼ਲਤਾ ਪੂਰਵਕ ਅਮਨ-ਸ਼ਾਂਤੀ ਨਾਲ ਸੰਪੰਨ ਹੋਇਆ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਲੋਕ ਸਭਾ ਹਲਕੇ ਦੇ 9 ਹਲਕਿਆਂ ‘ਚ 17 ਲੱਖ 34 ਹਜ਼ਾਰ 245 ਵੋਟਰਾਂ ਵਿੱਚੋਂ ਕਰੀਬ 68 ਫੀਸਦੀ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਵੋਟਾਂ ਪਾਈਆਂ ਹਨ।
ਸ੍ਰੀ ਕੁਮਾਰ ਅਮਿਤ ਨੇ ਹਲਕਾਵਾਰ ਪਈਆਂ ਵੋਟਾਂ ਦੀ ਸੂਚਨਾ ਦਿੰਦਿਆਂ ਦੱਸਿਆ ਕਿ ਰਾਤ 10 ਵਜੇ ਤੱਕ ਪੋਲਿੰਗ ਪਾਰਟੀਆਂ ਤੋਂ ਹਾਸਲ ਹੋਏ ਅੰਕੜਿਆਂ ਮੁਤਾਬਕ 109-ਨਾਭਾ ਹਲਕੇ, ਜਿਥੇ ਕੁਲ 1 ਲੱਖ 81 ਹਜ਼ਾਰ 340 ਵੋਟਰ ਹਨ, ਵਿਖੇ 69 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ। ਇਸੇ ਤਰ੍ਹਾਂ 110-ਪਟਿਆਲਾ ਦਿਹਾਤੀ ਵਿੱਚ ਕੁਲ 2 ਲੱਖ 17 ਹਜ਼ਾਰ 841 ਵੋਟਰ ਵਿਚੋਂ 60.20 ਫ਼ੀਸਦੀ ਵੋਟਰਾਂ ਨੇ ਮਤਦਾਨ ਕੀਤਾ। 111-ਰਾਜਪੁਰਾ ਹਲਕੇ ਵਿੱਚ ਕੁਲ 1 ਲੱਖ 73 ਹਜ਼ਾਰ 947 ਵੋਟਰਾਂ ‘ਚੋਂ 70.20 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਇਸੇ ਤਰ੍ਹਾਂ 112-ਡੇਰਾਬਸੀ ਹਲਕੇ ਵਿੱਚ ਕੁਲ 2 ਲੱਖ 58 ਹਜ਼ਾਰ 622 ਵੋਟਰ ਹਨ ਅਤੇ ਇਥੇ 69.02 ਫ਼ੀਸਦੀ ਮਤਦਾਨ ਹੋਇਆ। 113-ਘਨੌਰ ਹਲਕਾ ਵਿੱਚ ਕੁਲ 1 ਲੱਖ 63 ਹਜ਼ਾਰ 173 ਵੋਟਰ ਹਨ, ਜਿਨ੍ਹਾਂ ਵਿੱਚੋਂ 72 ਫ਼ੀਸਦੀ ਵੋਟਰਾਂ ਨੇ ਵੋਟਾਂ ਪਾਈਆਂ। ਹਲਕਾ 114-ਸਨੌਰ ਵਿਖੇ ਕੁਲ 2 ਲੱਖ 15 ਹਜ਼ਾਰ 131 ਵੋਟਰ ਹਨ, ਜ਼ਿਨ੍ਹਾਂ ਵਿੱਚੋਂ 68.50 ਫ਼ੀਸਦੀ ਵੋਟਾਂ ਪਈਆਂ। ਜਦੋਂਕਿ ਹਲਕਾ 115-ਪਟਿਆਲਾ ਸ਼ਹਿਰੀ ਵਿਖੇ ਕੁਲ 1 ਲੱਖ 61 ਹਜ਼ਾਰ 178 ਵੋਟਰ ਹਨ ਤੇ ਇਥੇ 61.09 ਫ਼ੀਸਦੀ ਮਤਦਾਨ ਹੋਇਆ। 116-ਸਮਾਣਾ ਹਲਕੇ ਵਿਖੇ ਕੁਲ 1 ਲੱਖ 87 ਹਜ਼ਾਰ 658 ਵੋਟਰ ਹਨ, ਜਿਨ੍ਹਾਂ ਵਿੱਚੋਂ 71.44 ਫ਼ੀਸਦੀ ਵੋਟਾਂ ਅਤੇ 117-ਸ਼ੁਤਰਾਣਾ ਹਲਕੇ ਵਿਖੇ ਕੁਲ 1 ਲੱਖ 75 ਹਜ਼ਾਰ 355 ਵੋਟਰ ਹਨ ਜਿਨ੍ਹਾਂ ਵਿੱਚੋਂ 67.50 ਫ਼ੀਸਦੀ ਮਤਦਾਨ ਹੋਇਆ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਦੇਰ ਰਾਤ ਤੱਕ ਈ.ਵੀ.ਐਮਜ ਨੂੰ ਪੋਲਿੰਗ ਪਾਰਟੀਆਂ ਵੱਲੋਂ ਵੱਖ-ਵੱਖ ਸਟਰਾਂਗ ਰੂਮਾਂ ਵਿਖੇ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਜਿਥੇ ਸਖ਼ਤ ਸੁਰੱਖਿਆ ਪ੍ਰਬੰਧ ਦੇ ਇੰਤਜਾਮ ਕਰਦਿਆਂ ਸੀ.ਸੀ.ਟੀ.ਵੀ. ਕੈਮਰੇ ਅਤੇ ਪੁਲਿਸ ਤੇ ਅਰਧ ਸੁਰੱਖਿਆ ਬਲਾਂ ਦੀ 24 ਘੰਟੇ ਨਿਗਰਾਨੀ ਯਕੀਨੀ ਬਣਾਈ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਵੱਲੋਂ ਅਮਨ-ਅਮਾਨ ਤੇ ਸ਼ਾਂਤੀਪੂਰਵਕ ਚੋਣ ਪ੍ਰਕ੍ਰਿਆ ਮੁਕੰਮਲ ਕਰਨ ਲਈ ਪਾਏ ਗਏ ਯੋਗਦਾਨ ਲਈ ਸਮੂਹ ਵੋਟਰਾਂ ਅਤੇ ਚੋਣ ਅਮਲੇ ਦਾ ਧੰਨਵਾਦ ਕੀਤਾ ਹੈ।