Patiala Politics

Patiala News Politics

FIR registered for hurting religious sentiment

ਪਟਿਆਲਾ ਪੁਲਿਸ ਨੇ ਕਿਸੇ ਅਨਜਾਣ ਵਿਅਕਤੀ ਵੱਲੋਂ ਕਿਸੇ ਹੋਰ ਵਿਅਕਤੀ ਦੀ ਫੇਸਬੁਕ ਪ੍ਰੋਫਾਇਲ ਤੋਂ ਫੋਟੋਆਂ ਚੋਰੀ ਕਰਕੇ ਗੁਰੂ ਸਾਹਿਬਾਨਾਂ ਵਿਰੁੱਧ ਘਟੀਆ ਸ਼ਬਦਾਵਲੀ ਵਰਤਣ ਅਤੇ ਗੁਰੂ ਸਾਹਿਬਾਨਾਂ ਦੀਆਂ ਇਤਰਾਜਯੋਗ ਫੋਟੋਆਂ ਅਪਲੋਡ ਕਰਨ ਸਮੇਤ ਫੇਸਬੁਕ ਪ੍ਰੋਫਾਇਲ ਵਾਲੇ ਵਿਅਕਤੀ ਨੂੰ ਧਮਕੀਆਂ ਦੇਣ ਸਬੰਧੀਂ ਥਾਣਾ ਸਦਰ ਨਾਭਾ ਵਿਖੇ ਮਾਮਲਾ ਦਰਜ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਨਾਭਾ ਸ੍ਰੀ ਦੇਵਿੰਦਰ ਅੱਤਰੀ ਨੇ ਦੱਸਿਆ ਕਿ ਪਿੰਡ ਦੁਲੱਦੀ ਨਾਭਾ ਦੇ ਵਸਨੀਕ ਮਨਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਐਫ.ਆਈ.ਆਰ ਨੰਬਰ 142 ਮਿਤੀ 11 ਸਤੰਬਰ 2018, ਆਈ.ਪੀ.ਸੀ ਦੀ ਧਾਰਾ 295-ਏ, 419, 120-ਬੀ ਅਤੇ ਆਈ.ਟੀ. ਐਕਟ 2000 ਦੀ ਧਾਰਾ 66 ਤੇ 66 ਸੀ ਤਹਿਤ ਥਾਣਾ ਸਦਰ ਨਾਭਾ ਵਿਖੇ ਦਰਜ ਇਸ ਮਾਮਲੇ ‘ਚ ਅਣਪਛਾਤੇ ਵਿਅਕੀਆਂ ਨੂੰ ਨਾਮਜਦ ਕੀਤਾ ਗਿਆ ਹੈ। ਸ੍ਰੀ ਅੱਤਰੀ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਪੜਤਾਲ ਲਈ ਥਾਣਾ ਸਦਰ ਨਾਭਾ ਦੇ ਐਸ.ਐਚ.ਓ. ਜੈਇੰਦਰ ਸਿੰਘ ਰੰਧਾਵਾ ਨੂੰ ਜਾਂਚ ਅਧਿਕਾਰੀ ਲਾਇਆ ਗਿਆ ਹੈ।
ਡੀ.ਐਸ.ਪੀ. ਸ੍ਰੀ ਅੱਤਰੀ ਨੇ ਹੋਰ ਦੱਸਿਆ ਕਿ ਸ਼ਿਕਾਇਤ ਕਰਤਾ ਮੁਤਾਬਕ ਜਦੋਂ ਉਹ ਬੀਤੇ ਦਿਨ ਆਪਣੀ ਫੇਸਬੁਕ ਆਈ.ਡੀ. ਤੋਂ ਕਿਸੇ ਹਰਜਿੰਦਰ ਸਿੰਘ ਨਾ ਦੇ ਵਿਅਕਤੀ ਦੀ ਆਈ.ਡੀ. ‘ਤੇ ਗਿਆ ਤਾਂ ਉਥੇ ਕਿਸੇ ਹੋਰ ਪੋਸਟ ‘ਚ ‘ਕੱਬਾ ਚਮਾਰ’ ਨਾਂ ਦੀ ਆਈ.ਡੀ. ਤੋਂ ਗੁਰ ਸਾਹਿਬਾਨਾਂ ਪ੍ਰਤੀ ਘਟੀਆ ਸ਼ਬਦਾਵਲੀ ਵਰਤੀ ਹੋਈ ਸੀ, ਜਿਸ ‘ਤੇ ਉਸਨੇ ਇਸ ਆਈ.ਡੀ. ਵਾਲੇ ਸ਼ਖ਼ਸ ਨੂੰ ਵਰਜਿਆ ਕਿ ਅਜਿਹਾ ਨਾ ਕੀਤਾ ਜਾਵੇ।

ਸ੍ਰੀ ਅੱਤਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਇਸ ‘ਕੱਬਾ ਚਮਾਰ’ ਵਾਲੀ ਆਈ.ਡੀ. ਵਾਲੇ ਵਿਅਕਤੀ ਨੇ ਮਨਜੀਤ ਸਿੰਘ ਦੀ ਪ੍ਰੋਫਾਇਲ ਵਿਚੋਂ ਫੋਟੋਆਂ ਕੱਢ ਕੇ ਮਿਤੀ 9 ਸਤੰਬਰ ਨੂੰ ਆਪਣੀ ਆਈ.ਡੀ. ‘ਤੇ ਲਗਾ ਕੇ ਗੁਰੂ ਸਾਹਿਬਾਨਾਂ ਦੀਆਂ ਹੋਰ ਗ਼ਲਤ ਫੋਟੋਆਂ ਪਾ ਦਿੱਤੀਆਂ ਅਤੇ ਉਸਨੂੰ ਬਦਨਾਮ ਕਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤਰ੍ਹਾਂ ਇਸ ‘ਕੱਬਾ ਚਮਾਰ’ ਫੇਸਬੁਕ ਆਈ.ਡੀ. ਵਾਲੇ ਵਿਅਕਤੀ ਨੇ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਆਪਸੀ ਭਾਈਚਾਰੇ ‘ਚ ਲੜਾਈ ਅਤੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ।
ਡੀ.ਐਸ.ਪੀ. ਸ੍ਰੀ ਅੱਤਰੀ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਮੁਤਾਬਕ ਇਹ ਆਈ.ਡੀ. ‘ਤੇ ਉਸ ਦੀ ਫੋਟੋ ਲੱਗੀ ਹੋਈ ਹੈ ਪ੍ਰੰਤੂ ਇਹ ਉਸਦੀ ਆਈ.ਡੀ. ਨਹੀਂ ਹੈ, ਜਿਸ ਲਈ ਪਟਿਆਲਾ ਪੁਲਿਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਆਈ.ਟੀ. ਐਕਟ ਤਹਿਤ ਇਹ ਮਾਮਲਾ ਦਰਜ ਕਰ ਲਿਆ ਹੈ ਅਤੇ ਛੇਤੀ ਹੀ ਦੋਸ਼ੀ ਨੂੰ ਕਾਬੂ ਕਰਕੇ ਕਾਨੂੰਨ ਮੁਤਾਬਕ ਬਣਦੀ ਸਜਾ ਦਿਵਾਈ ਜਾਵੇਗੀ। ਸ੍ਰੀ ਅੱਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਤਾਂ ਜੋ ਆਪਸੀ ਭਾਈਚਾਰਾ ਤੇ ਫਿਰਕੂ ਇਕਸੁਰਤਾ ਕਾਇਮ ਰੱਖੀ ਜਾ ਸਕੇ।
Facebook Comments