Firecrackers: New order by Patiala DC

October 14, 2021 - PatialaPolitics

ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸੰਦੀਪ ਹੰਸ ਨੇ ਵੱਖ-ਵੱਖ ਤਿਉਹਾਰਾਂ ਮੌਕੇ ਲੋਕਾਂ ਵੱਲੋਂ ਪਟਾਕੇ ਚਲਾਏ ਜਾਣ ਦੇ ਮੱਦੇਨਜ਼ਰ ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵੱਲੋਂ ਐਕਸਪਲੋਸਿਵਜ ਰੂਲਜ਼-2008 ਤਹਿਤ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਹਿਤ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਪਟਾਕੇ ਸਟੋਰ ਕਰਨ ਵਾਲੇ ਗੋਦਾਮਾਂ ਦਾ ਨਿਰੀਖਣ ਕੀਤਾ ਜਾਵੇ ਅਤੇ ਕੋਈ ਵੀ ਅਣਅਧਿਕਾਰਤ ਪਟਾਕੇ ਗੋਦਾਮਾਂ ‘ਚ ਸਟੋਰ ਨਾ ਕੀਤੇ ਜਾਣ ਅਤੇ ਅਜਿਹਾ ਕਰਨ ਵਾਲੇ ਵਿਰੁੱਧ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਿਤੀ 13 ਅਕਤੂਬਰ 2017 ਨੂੰ ਸਿਵਲ ਰਿਟ ਪਟੀਸ਼ਨ ਨੰਬਰ 23548 ਤਹਿਤ ਪਾਸ ਕੀਤੇ ਹੁਕਮਾਂ ਤਹਿਤ ਜ਼ਿਲ੍ਹਾ ਪਟਿਆਲਾ ਦੀ ਹਦੂਦ ਅੰਦਰ ਪਟਾਕਿਆਂ ਦੀ ਵਿਕਰੀ ਲਈ ਜ਼ਿਲ੍ਹੇ ਅੰਦਰ ਇੱਕ ਹੀ ਆਰਜ਼ੀ ਲਾਇਸੈਂਸ ਜਾਰੀ ਕੀਤਾ ਜਾਵੇਗਾ। ਡਰਾਅ ਮੁਤਾਬਕ ਅਲਾਟੀ ਵੱਲੋਂ ਪਟਾਕੇ ਕੇਵਲ ਸਵੇਰੇ 10 ਵਜੇ ਤੋਂ ਸ਼ਾਮ 7.30 ਵਜੇ ਤੱਕ ਹੀ ਨਿਰਧਾਰਤ ਕੀਤੀ ਜਗ੍ਹਾ ‘ਤੇ ਵੇਚੇ ਜਾ ਸਕਣਗੇ ਅਤੇ ਇਸ ਦੌਰਾਨ ਨਿਰਧਾਰਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਪਾਬੰਦੀ ਸ਼ੁਦਾ ਪਟਾਕਿਆਂ ਦੀ ਵਿਕਰੀ ਦੀ ਮਨਾਹੀ ਹੈ। ਇਸ ਤੋਂ ਬਿਨ੍ਹਾਂ ਮਾਣਯੋਗ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਤਿਉਹਾਰਾਂ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ਵਾਲੇ ਦਿਨ ਪਟਾਕੇ ਚਲਾਉਣ ਲਈ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 728 ਆਫ਼ 2015 ਵਿੱਚ ਕੀਤੇ ਹੁਕਮਾਂ ਮੁਤਾਬਕ ਦੀਵਾਲੀ, ਗੁਪਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ ਪਟਾਕੇ ਚਲਾਉਣ ਲਈ ਦਿੱਤੀ ਗਈ ਛੋਟ ਤਹਿਤ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਹੀ ਪਟਾਕੇ ਚਲਾਏ ਜਾਣ।
ਉਨ੍ਹਾਂ ਦੱਸਿਆ ਕਿ ਦੁਸ਼ਹਿਰੇ ਮੌਕੇ ਪਟਾਕੇ ਚਲਾਉਣ ਲਈ ਦੁਸ਼ਹਿਰਾ ਕਮੇਟੀ ਲਾਇਸੈਂਸ ਲਵੇਗੀ ਅਤੇ ਪਟਾਕੇ ਕੇਵਲ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਤੱਕ ਚਲਾਏ ਜਾ ਸਕਣਗੇ ਅਤੇ ਪਟਾਕੇ ਚਲਾਉਣ ਦੇ ਸਥਾਨ ਲੋਕਾਂ ਦੇ ਇਕੱਠ ਤੋਂ 30 ਮੀਟਰ ਦੇ ਘੇਰੇ ਦੂਰ ਹੋਣਗੇ। ਜਦੋਂਕਿ ਦੀਵਾਲੀ ਵਾਲੇ ਦਿਨ ਪਟਾਕੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ। ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ ਨੂੰ 9 ਵਜੇ ਤੋਂ 10 ਵਜੇ ਤੱਕ। ਕ੍ਰਿਸਮਿਸ ਦੀ ਪੂਰਵ ਸੰਧਿਆ ‘ਤੇ ਰਾਤ 11.55 ਤੋਂ ਅਗਲੀ ਸਵੇਰ 12.30 ਵਜੇ ਤੱਕ ਅਤੇ ਇਸੇ ਤਰ੍ਹਾਂ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਰਾਤ 11.55 ਤੋਂ ਅਗਲੀ ਸਵੇਰ 12.30 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੇ ਪਟਾਕੇ ਚਲਾਉਣ ‘ਤੇ ਪਾਬੰਦੀ ਹੋਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਹੋਰ ਕਿਹਾ ਕਿ ਵਿਆਹ ਸ਼ਾਦੀਆਂ ਦੇ ਸਮਾਗਮਾਂ ਸਮੇਂ ਪਟਾਕੇ ਆਦਿ ਚਲਾਉਣ ਲਈ ਮੈਰਿਜ ਪੈਲੇਸ ਮਾਲਕ ਵੱਲੋਂ ਇਸ ਸਬੰਧੀਂ ਲਾਇਸੈਂਸ ਲੈਣਾ ਲਾਜਮੀ ਹੋਵੇਗਾ ਤੇ ਸੁਰੱਖਿਆ ਨੇਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਸ ਤੋਂ ਬਿਨ੍ਹਾਂ ਸ਼ੋਭਾ ਯਾਤਰਾ, ਨਗਰ ਕੀਰਤਨ, ਪ੍ਰਭਾਤ ਫੇਰੀ ਅਤੇ ਹੋਰ ਸਮਾਗਮਾਂ ਮੌਕੇ ਪਟਾਕਿਆਂ ਨੂੰ ਚਲਾਉਣ ਲਈ ਵੀ ਲਾਇਸੈਂਸ ਲੈਣਾ ਲਾਜਮੀ ਹੈ। ਇਸ ਦੌਰਾਨ ਸੰਘਣੀ ਵੱਸੋਂ ਵਾਲੇ ਇਲਾਕਿਆਂ ਅਤੇ ਅੱਗ ਲੱਗਣ ਵਾਲੇ ਸੰਭਾਵਤ ਖੇਤਰਾਂ ‘ਚ ਪਟਾਕੇ ਚਲਾਉਣ ਦੀ ਸੰਪੂਰਨ ਮਨਾਹੀ ਹੋਵੇਗੀ। ਉਨ੍ਹਾਂ ਹੋਰ ਕਿਹਾ ਕਿ ਕੋਈ ਵੈਬਸਾਈਟ, ਈ-ਕਾਮਰਸ, ਫਲਿਪਕਾਰਟ, ਐਮਾਜੋਨ ਆਦਿ ਆਨਲਾਈਨ ਸਾਇਟਾਂ ਪਟਾਕੇ ਨਹੀਂ ਵੇਚ ਸਕਣਗੀਆਂ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ, ਐਸ.ਐਸ.ਪੀ., ਸਾਰੇ ਐਸ.ਡੀ.ਐਮਜ, ਸਿਵਲ ਸਰਜਨ, ਕਾਰਜਕਾਰੀ ਇੰਜਨੀਅਰ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਨੂੰ ਹਦਾਇਤਾਂ ਜਾਰੀ ਕਰਦਿਆਂ ਲੋੜੀਂਦੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਇਲਾਕੇ ਵਿੱਚ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ‘ਚ ਪਟਾਕੇ ਚਲਾਏ ਜਾਣ, ਉਸ ਇਲਾਕੇ ਦੇ ਥਾਣਾ ਮੁਖੀ ਦੀ ਜਿੰਮੇਵਾਰੀ ਹੋਵੇਗੀ ਕਿ ਉਹ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਵੇ।
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਣਯੋਗ ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਉਚ ਅਦਾਲਤ ਦੇ ਹੁਕਮਾਂ ਮੁਤਾਬਕ ਹੀ ਆਮ ਲੋਕ ਪਟਾਕੇ ਕੇਵਲ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਹੀ ਚਲਾਉਣ। ਉਨ੍ਹਾਂ ਕਿਹਾ ਕਿ ਪਟਾਕਿਆਂ ਦੇ ਜਿੱਥੇ ਵਾਤਾਵਰਣ ‘ਤੇ ਮਾੜੇ ਪ੍ਰਭਾਵ ਪੈਂਦੇ ਹਨ, ਉਥੇ ਹੀ ਇਨ੍ਹਾਂ ਦੀ ਆਵਾਜ ਤੇ ਪ੍ਰਦੂਸਨ ਦਾ ਮਨੁੱਖਾਂ ਦੇ ਨਾਲ-ਨਾਲ ਪਸ਼ੂ-ਪੰਛੀਆਂ ‘ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਲਈ ਜਿੰਨ੍ਹਾ ਸੰਭਵ ਹੋ ਸਕੇ ਆਮ ਲੋਕ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ।