Guidelines to open Patiala restaurant hotels marriage palace

June 23, 2020 - PatialaPolitics


ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਹੋਟਲ, ਰੈਸਟੋਰੈਂਟਸ, ਹੋਰ ਪ੍ਰਾਹੁਣਚਾਰੀ ਸੇਵਾਵਾਂ ਸਮੇਤ ਵਿਆਹਾਂ ਅਤੇ ਸਮਾਜਿਕ ਸਮਾਗਮਾਂ ਬਾਰੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਪੰਜਾਬ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਵੱਲੋਂ ਅੱਜ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਇਨ੍ਹਾਂ ਥਾਵਾਂ ਦੇ ਪ੍ਰਬੰਧਕਾਂ ਨੂੰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਨ੍ਹਾਂ ਥਾਵਾਂ ਵਾਸਤੇ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ) ਦੀ ਪਾਲਣਾਂ ਯਕੀਨੀ ਬਣਾਉਣ ਲਈ ਕਿਹਾ ਹੈ। ਇਨ੍ਹਾਂ ਥਾਵਾਂ ‘ਤੇ ਹੱਥਾਂ ਦੀ ਸਫ਼ਾਈ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣੇ ਲਾਜਮੀ ਹੋਣ ਸਮੇਤ ਕੋਵਿਡ-19 ਦੇ ਬਾਕੀ ਇਹਤਿਆਤਨ ਪ੍ਰੋਟੋਕਾਲਜ ਦੀ ਪਾਲਣਾਂ ਵੀ ਲਾਜਮੀ ਹੋਵੇਗੀ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਰੈਸਟੋਰੈਂਟਸ ਵਿਖੇ ਆਮ ਲੋਕਾਂ ਵੱਲੋਂ ਰਾਤ 8 ਵਜੇ ਤੱਕ 50 ਫੀਸਦੀ ਸਮਰੱਥਾ ਮੁਤਾਬਕ (ਡਾਇਨ-ਇਨ) ਬੈਠ ਕੇ ਖਾਣਾ ਖਾਇਆ ਜਾ ਸਕੇਗਾ ਪਰੰਤੂ ਰੈਸਟੋਰੈਂਟ ਪ੍ਰਬੰਧਕ ਕੋਵਿਡ-19 ਦੇ ਮੱਦੇਨਜ਼ਰ ਨਿਰਧਾਰਤ ਸੰਚਾਲਣ ਵਿਧੀ ਦਾ ਪਾਲਣ ਕਰਨਾ ਯਕੀਨੀ ਬਣਾਉਣਗੇ।
ਇਸੇ ਤਰ੍ਹਾਂ ਹੋਟਲ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਦੇਣ ਵਾਲੇ ਹੋਟਲਾਂ ‘ਚ ਰੈਸਟੋਰੈਂਟ ਵਿਖੇ ਬੂਫ਼ੇ ‘ਤੇ ਮਹਿਮਾਨਾਂ ਦੀ 50 ਫ਼ੀਸਦੀ ਬੈਠਣ ਦੀ ਸਮਰੱਥਾ ਦੇ ਚਲਦਿਆਂ ਖਾਣਾ ਖੁਆਉਣ ਦੀ ਆਗਿਆ ਹੋਵੇਗੀ। ਰੈਸਟੋਰੈਂਟਸ ਤੇ ਹੋਟਲ, ਕਮਰਿਆਂ ‘ਚ ਠਹਿਰੇ ਮਹਿਮਾਨਾਂ ਲਈ ਭੋਜਨ ਦੇਣ ਸਮੇਤ ਹੋਰ ਮਹਿਮਾਨਾਂ ਲਈ ਵੀ ਖੁੱਲ੍ਹੇ ਰਹਿਣਗੇ ਪਰੰਤੂ ਇਨ੍ਹਾਂ ਲਈ ਨਿਰਧਾਰਤ ਸਮਾਂ ਸੀਮਾਂ ਰਾਤ 8 ਵਜੇ ਤੱਕ ਦਾ ਪਾਲਣ ਕਰਨਾ ਲਾਜਮੀ ਹੋਵੇਗਾ। ਪ੍ਰੰਤੂ ਬਾਰ ਬੰਦ ਰਹੇਗੀ ਭਾਵੇ ਕਿ ਲਿਕੁਅਰ ਹੋਟਲ ਤੇ ਰੈਸਟੋਰੈਂਟ ਦੇ ਕਮਰਿਆਂ ਵਿਖੇ ਰਾਜ ਦੀ ਆਬਕਾਰੀ ਨੀਤੀ ਮੁਤਾਬਕ ਵਰਤਾਈ ਜਾ ਸਕਦੀ ਹੈ। ਇਥੇ ਵੀ ਨਿਰਧਾਰਤ ਸੰਚਾਲਣ ਵਿਧੀ ਦਾ ਪਾਲਣ ਕਰਨਾ ਪਵੇਗਾ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਬੈਂਕੁਇਟ ਹਾਲਜ, ਮੈਰਿਜ ਪੈਲੇਸ ਆਦਿ ਵਿਖੇ ਖੁੱਲ੍ਹੇ ਵਿੱਚ ਕੀਤੇ ਜਾਣ ਵਾਲੇ ਵਿਆਹਾਂ ਅਤੇ ਹੋਰ ਸਮਾਜਿਕ ਸਮਾਗਮਾਂ ਤੇ ਪਾਰਟੀਆਂ ਬਾਰੇ ਕਿਹਾ ਗਿਆ ਹੈ ਕਿ ਹੋਟਲਾਂ ਵਿਖੇ 50 ਵਿਅਕਤੀਆਂ ਦੀ ਨਿਰਧਾਰਤ ਗਿਦਤੀ ਤਹਿਤ ਸਮਾਗਮ ਕੀਤਾ ਜਾ ਸਕੇਗਾ। ਕੇਟਰਿੰਗ ਸਟਾਫ਼ ਤੋਂ ਬਿਨ੍ਹਾਂ ਮਹਿਮਾਨਾਂ ਦੀ ਗਿਣਤੀ 50 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਅਤੇ 50 ਵਿਅਕਤੀਆਂ ਲਈ ਬੈਂਕੁਇਟ ਹਾਲ ਦਾ ਸਾਇਜ ਘੱਟੋ-ਘੱਟ 5000 ਵਰਗ ਫੁੱਟ ਹੋਣਾ ਚਾਹੀਦਾ ਹੈ ਤਾਂ ਕਿ ਇੱਕ ਵਿਅਕਤੀ ਲਈ 10 ਗੁਣਾ 10 ਫੁੱਟ ਦੀ ਥਾਂ ਉਪਲਬਧ ਹੋਵੇ ਅਤੇ ਆਪਸੀ ਵਿੱਥ ਦੇ ਨਿਯਮ ਦੀ ਪਾਲਣਾ ਹੋ ਸਕੇ।
ਇਸ ਦੌਰਾਨ ਬਾਰ ਬੰਦ ਰਹਿਣਗੀਆਂ ਭਾਵੇਂ ਕਿ ਅਜਿਹੇ ਸਮਾਗਮਾਂ ਵਿੱਚ ਰਾਜ ਦੀ ਆਬਕਾਰੀ ਨੀਤੀ ਮੁਤਾਬਕ ਲਿਕੁਅਰ ਪਰੋਸੀ ਜਾ ਸਕੇਗੀ। ਇਥੇ ਵੀ ਨਿਰਧਾਰਤ ਸੰਚਾਲਣ ਵਿਧੀ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਹੋਟਲਾਂ ਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਦੇ ਪ੍ਰਬੰਧਕ ਕੋਵਿਡ-19 ਸਬੰਧੀਂ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਦਿੱਤੇ ਦਿਸ਼ਾ ਨਿਰਦੇਸ਼ਾਂ ਅਤੇ ਮਿਤੀ 4 ਜੂਨ 2020 ਨੂੰ ਜਾਰੀ ਨਿਰਧਾਰਤ ਸੰਚਾਲਣ ਵਿਧੀ ਸਮੇਤ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਕਰਨਾ ਯਕੀਨੀ ਬਣਾਉਣਗੇ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਵਿਰੁੱਧ ਜੰਗ ਨੂੰ ਜਿੱਤਣ ਲਈ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ) ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਯਕੀਨੀ ਬਣਾਈ ਜਾਵੇ।