Patiala Politics

Patiala News Politics

Heritage Festival Patiala 2019 begins

Click Here for Schedule

ਸ਼ਾਹੀ ਸ਼ਾਨ-ਓ-ਸ਼ੌਕਤ ਨਾਲ ਵਿਰਾਸਤੀ ਅੰਦਾਜ ‘ਚ ਖ਼ੂਬਸੂਰਤ ਰੌਸ਼ਨੀਆਂ ਨਾਲ ਸਜੇ ਅਤੇ ਜਗਮਗਾਏ ਪਟਿਆਲਾ ਦੇ ਵਿਰਾਸਤੀ ਕਿਲ੍ਹਾ ਮੁਬਾਰਕ ਵਿਖੇ ਮਧੁਰ ਸੰਗੀਤ, ਸ਼ਹਿਨਾਈ ਦੀਆਂ ਧੁੰਨਾਂ ਅਤੇ ਬਿਗਲ ਦੀ ਗੂੰਜ ਨਾਲ ‘ਪਟਿਆਲਾ ਵਿਰਾਸਤੀ ਉਤਸਵ’ ਦਾ ਅੱਜ ਸ਼ਾਮ ਇੱਥੇ ਆਗਾਜ਼ ਹੋ ਗਿਆ।

ਇਸ ਉਤਸਵ ਦਾ ਉਦਘਾਟਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਲਾ ਮੁਬਾਰਕ ਅੰਦਰ ਜਗਦੀ ਢਾਈ ਸ਼ਤਾਬਦੀਆਂ ਦੇ ਵਧ ਸਮੇਂ ਤੋਂ ਜਗਦੀ ਆ ਰਹੀ ਜੋਤ ਤੋਂ ਅੱਗੇ ਜਾਗੋ ਅਤੇ ਦੀਪ ਨੂੰ ਜਗਾ ਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਵੀ ਮੌਜੂਦ ਸਨ।
ਇਸ ਮੌਕੇ ਆਪਣੇ ਸੰਬੋਧਨ ‘ਚ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਇਹ ਵਿਰਾਸਤੀ ਉਤਸਵ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੱਤੀ ਅਤੇ ਇਹ ਪਟਿਆਲਾ ਹੈਰੀਟੇਜ ਉਤਸਵ ਪਟਿਆਲਾਵੀਆਂ ਦੇ ਨਾਮ ਕੀਤਾ ਅਤੇ ਸਭ ਨੂੰ ਇੱਥੇ ਆ ਕੇ ਇਸ ਦਾ ਆਨੰਦ ਮਾਣਨ ਦਾ ਖੁੱਲ੍ਹਾ ਸੱਦਾ ਦਿੱਤਾ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਸ ਵਿਰਾਸਤੀ ਉਤਸਵ ਦਾ ਮਕਸਦ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਵੱਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣਾ ਹੈ। ਇਸ ਮੌਕੇ ਉਨ੍ਹਾਂ ਨੇ ਜਿੱਥੇ ਦੇਸ਼ ਦੇ ਸ਼ਹੀਦ ਹੋਏ ਸੀ.ਆਰ.ਪੀ.ਐਫ. ਅਤੇ ਫ਼ੌਜ ਦੇ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਉਥੇ ਹੀ ਸ੍ਰੀ ਗੁਰੂ ਰਵਿਦਾਸ ਦੇ ਜਨਮ ਦਿਵਸ ਦੀ ਵਧਾਈ ਵੀ ਦਿੱਤੀ।
ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਜੰਗਲਾਤ ਮੰਤਰੀ ਸ. ਧਰਮਸੋਤ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਲਈ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਅਮੀਰ ਸੱਭਿਆਚਾਰ ਨੂੰ ਸੰਭਾਲਣ ਲਈ ਸੱਭਿਆਚਾਰਕ ਨੀਤੀ ਬਣਾ ਕੇ ਵੱਡੇ ਕਦਮ ਪੁੱਟੇ ਹਨ।
ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਉਤਸਵ ‘ਪਟਿਆਲਾ ਹੈਰੀਟੇਜ ਉਤਸਵ-2019’ ਜਿਸ ਨੂੰ ਲੈਕੇ ਪਟਿਆਲਵੀਆਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਇਸ ਦੌਰਾਨ ਕਿਲਾ ਮੁਬਾਰਕ ਦੇ ਖੁਲ੍ਹੇ ਵਿਹੜੇ ਵਿੱਚ ਸਜੇ ਪੰਡਾਲ ‘ਚ ਬਨਾਰਸ ਘਰਾਣੇ ਦੇ ਉੱਘੇ ਸ਼ਾਸਤਰੀ ਗਾਇਕ ਪੰਡਿਤ ਰਾਜਨ ਮਿਸ਼ਰਾ ਤੇ ਸਾਜਨ ਮਿਸ਼ਰਾ ਨੇ ਸ਼ਾਸਤਰੀ ਸੰਗੀਤ ਦੀ ਰਾਗਬੱਧ ਗਾਇਕੀ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। ਉਨ੍ਹਾਂ ਨੇ ਆਪਣੀ ਗਾਇਕੀ ਪੁਰੀਆ ਧਨਾਸਰੀ ਤੋਂ ਸ਼ੁਰੂ ਕਰਕੇ ਬਸੰਤ ਬਹਾਰ ਅਤੇ ਅਖੀਰ ‘ਚ ਗੁਰਬਾਣੀ ਦੇ ਸ਼ਬਦ ਗਾਇਨ ਨਾਲ ਸਰੋਤਿਆਂ ਨੂੰ ਕੀਲਿਆ।
ਬਾਅਦ ਵਿੱਚ ਉਡੀਸ਼ਾ ਦੀ ਪ੍ਰਸਿੱਧ ਨਰਤਿਕੀ ਪਾਰਵਤੀ ਦੱਤਾ ਨੇ ਉਡੀਸ਼ਾ ਜੋਸ਼ੀਲੇ ਨਾਚ ‘ਉਤਕਲ ਕਾਂਤੀ’ ਦੀ ਦਿਲਕਸ਼ ਪੇਸ਼ਕਾਰੀ ਕੀਤੀ। ਉਨ੍ਹਾਂ ਨੇ ਪਹਿਲਾਂ ਜਗਨਨਾਥ ਅਸ਼ਟਕਮ ਤੋਂ ਸ਼ੁਰੂਆਤ ਕੀਤੀ ਤੇ ਮਗਰੋਂ ਬਸੰਤ ਰਿਤੂ ਦਾ ਵਰਨਣ ਕਰਦਿਆਂ ਬਸੰਤ ਯੋਧਾ ਪੇਸ਼ ਕੀਤਾ ਅਤੇ ਪਲਵੀ-ਨ੍ਰਿਤ ਦੀ ਤਕਨੀਕ, ਬੰਧਨ ਨ੍ਰਿਤ ਗੋਟੀਪੁਆ ਤੇ ਬੋਧਨਾ ਦੀ ਪੇਸ਼ਕਾਰੀ ਕਰਦਿਆਂ ਭਗਵਾਨ ਬੁੱਧ ਉਪਰ ਨ੍ਰਿਤ ਦੀ ਪੇਸ਼ਕਾਰੀ ਕੀਤੀ। ਇਸ ਵਿਰਾਸਤੀ ਉਤਸਵ ਦੀ ਇਸ ਸ਼ਾਸਤਰੀ ਸੰਗੀਮਈ ਸ਼ਾਮ ਦਾ ਮੰਚ ਸੰਚਾਲਨ ਉੱੰਘੀ ਮੰਚ ਸੰਚਾਲਕ ਸ੍ਰੀਮਤੀ ਸਾਧਨਾ ਸ੍ਰੀਵਾਸਤਾ ਨੇ ਕੀਤਾ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਅਤੇ ਸ. ਸਾਧੂ ਸਿੰਘ ਧਰਮਸੋਤ ਨੇ ਭਾਰਤੀ ਡਾਕ ਵਿਭਾਗ ਵੱਲੋਂ ਪੰਜਾਬ ਦੇ ਪੁਰਾਤਨ ਸੱਭਿਆਚਾਰ ਦੀ ਪ੍ਰਤੀਕ ਫੁੱਲਕਾਰੀ ਅਤੇ ਪਟਿਆਲਾ ਦੀ ਸ਼ਾਨਾਂਮੱਤੀ ਇਮਾਰਤ ਪੁਰਾਣਾ ਮੋਤੀ ਬਾਗ, ਜਿਸ ਨੂੰ ਕਿ ਅੱਜ ਕੱਲ੍ਹ ਐਨ.ਆਈ.ਐਸ. ਵਜੋਂ ਜਾਣਿਆਂ ਜਾਂਦਾ ਹੈ, ਉਪਰ ਭਾਰਤੀ ਡਾਕ ਵਿਭਾਗ ਵੱਲੋਂ ਇੰਡੀਅਨ ਪੋਸਟਲ ਸਰਵਿਸ ਅਧਿਕਾਰੀ ਮੈਡਮ ਆਰਤੀ ਵਰਮਾ ਦੀ ਅਗਵਾਈ ਹੇਠ ਤਿਆਰ ਕੀਤੇ ਗਏ ਦੋ ਵਿਸ਼ੇਸ਼ ਵਿਰਾਸਤੀ ਡਾਕ ਲਿਫ਼ਾਫੇ ਵੀ ਜਾਰੀ ਕੀਤੇ।
ਇਸ ਮੌਕੇ ਲਈ ਵਿਸ਼ੇਸ਼ ਤੌਰ ‘ਤੇ ਸਜਾਏ ਗਏ ਅਤੇ ਕਿਲੇ ਅੰਦਰ ਜਗਦੀ ਕਰੀਬ 256 ਸਾਲ ਤੋਂ ਜਲਦੀ ਆ ਰਹੀ ਜੋਤ ਤੋਂ ਅੱਗੇ ਜਗਾਈ ਗਈ ਮਸ਼ਾਲ ਦੇ ਵਿਰਾਸਤੀ ਮਸ਼ਾਲ ਮਾਰਚ ਨੂੰ ਸ੍ਰੀਮਤੀ ਪਰਨੀਤ ਕੌਰ ਤੇ ਸ. ਸਾਧੂ ਸਿੰਘ ਧਰਮਸੋਤ ਨੇ ਸਾਂਝੇ ਤੌਰ ‘ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਪੁਰਾਤਨ ਵਿਰਸੇ ਤੇ ਅਮੀਰ ਵਿਰਾਸਤ ਦੀ ਝਲਕ ਬਖੇਰਦੇ ਮਾਰਚ ‘ਚ ਸਭ ਤੋਂ ਅੱਗੇ ਪੀ.ਏ.ਪੀ. ਦੇ ਘੋੜ ਸਵਾਰ ਖ਼ੂਬਸੂਰਤ ਵਰਦੀਆਂ ‘ਚ ਸਜੇ ਤੇ ਜਵਾਨਾਂ ਸਮੇਤ ਕੌਮਾਂਤਰੀ ਅਥਲੀਟ ਡੀ.ਐਸ.ਪੀ ਹਰਬੰਤ ਕੌਰ ਤੇ ਡਾ. ਪ੍ਰਭਲੀਨ ਸਿੰਘ ਮਸ਼ਾਲ ਲੈਕੇ ਅੱਗੇ ਚੱਲ ਰਹੇ ਸਨ। ਪਿਛੇ ਟਰਾਲੇ ‘ਚ ਜੰਗੇ-ਏ-ਸਾਰਾਗੜ੍ਹੀ ਨੂੰ ਦਰਸਾਉਣ ਲਈ ਉਸੇ ਪੁਰਾਤਨ ਫ਼ੌਜੀ ਵਰਦੀ ‘ਚ ਸਜੇ ਸਿਪਾਹੀਆਂ ਸਮੇਤ ਪੰਜਾਬ ਦੇ ਪੁਰਾਤਨ ਵਿਰਸੇ ਨੂੰ ਦਰਸਾਉਂਦੀ ਜਾਗੋ ‘ਚ ਲੋਕ ਨਾਚ ਗਿੱਧਾ ਪਾਉਂਦੀਆਂ ਸਰਕਾਰੀ ਗਰਲਜ ਕਾਲਜ ਦੀਆਂ ਵਿਦਿਆਰਥਣਾਂ ਸ਼ਾਮਲ ਹੋਈਆਂ।
ਇਸ ਮਸ਼ਾਲ ਮਾਰਚ ਨੂੰ ਪੂਰੀਆਂ ਪੁਰਾਤਨ ਤੇ ਸ਼ਾਹੀ ਰਵਾਇਤਾਂ ਨਾਲ ਡਿਊੜੀ ਵਿਖੇ ਬਾਬਾ ਆਲਾ ਸਿੰਘ ਦੀ ਜੋਤ ਕੋਲ ਅਰਦਾਸ ਤੇ ਪੂਜਾ ਕਰਕੇ ਰਵਾਨਾ ਕੀਤਾ ਗਿਆ, ਜੋ ਕਿ ਕਿਲਾ ਮੁਬਾਰਕ, ਅਦਾਲਤ ਬਾਜ਼ਾਰ, ਅਨਾਰਦਾਣਾ ਚੌਂਕ, ਤਵੱਕਲੀ ਮੋੜ, ਸ਼ੇਰਾਂ ਵਾਲਾ ਗੇਟ, ਫੁਆਰਾ ਚੌਂਕ, ਸੇਵਾ ਸਿੰਘ ਠੀਕਰੀਵਾਲ ਚੌਂਕ, ਵਾਈ.ਪੀ.ਐਸ. ਚੌਂਕ, ਗੁਰਦੁਆਰਾ ਮੋਤੀ ਬਾਗ ਚੌਂਕ, ਨਗਰ ਨਿਗਮ, ਮਹਿੰਦਰਾ ਕਾਲਜ ਚੌਂਕ ਤੋਂ ਹੁੰਦੀ ਹੋਈ ਐਨ.ਆਈ.ਐਸ. ਵਿਖੇ ਸਮਾਪਤ ਹੋਇਆ।
ਇਸ ਸਮਾਰੋਹ ਦੌਰਾਨ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਵੀ ਇਸ ਸੰਗੀਤਮਈ ਸ਼ਾਮ ਦਾ ਆਨੰਦ ਮਾਨਣ ਪੁੱਜੇ ਜਿਨ੍ਹਾਂ ਵਿੱਚ ਸ. ਗੁਰਪਾਲ ਸਿੰਘ, ਸ੍ਰੀਮਤੀ ਗੀਤਿੰਦਰ ਕੌਰ, ਸ੍ਰੀਮਤੀ ਈਸੀ ਕੌਰ, ਜੈ ਸ਼ੇਰਗਿੱਲ, ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਸ੍ਰੀ ਮਦਨ ਲਾਲ ਜਲਾਲਪੁਰ, ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਤੋਂ ਸ੍ਰੀਮਤੀ ਅਨੀਤਾ ਸਿੰਘ, ਪੰਜਾਬੀ ਯੂਨਵਰਸਿਟੀ ਦੇ ਵੀ.ਸੀ. ਡਾ. ਬੀ.ਐਸ. ਘੁੰਮਣ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਸੱਭਿਆਚਾਰ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਸਿੰਘ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਦਿਹਾਤੀ ਕਾਂਗਰਸ ਪ੍ਰਧਾਨ ਸ. ਗੁਰਦੀਪ ਸਿੰਘ ਊਂਟਸਰ, ਸ. ਗਗਨਦੀਪ ਸਿੰਘ ਜੌਲੀ ਜਲਾਲਪੁਰ, ਡਾ. ਦਰਸ਼ਨ ਸਿੰਘ ਘੁੰਮਣ, ਅਨਿਲ ਮਹਿਤਾ, ਕੇ.ਕੇ. ਸਹਿਗਲ, ਸ੍ਰੀ ਪੀ.ਕੇ. ਪੁਰੀ, ਕੈਪਟਨ ਅਮਰਜੀਤ ਸਿੰਘ ਜੇਜੀ, ਵੱਡੀ ਗਿਣਤੀ ਕੌਂਸਲਰ, ਚੇਅਰਮੈਨ ਐਂਟੀ ਨਾਰਕੋਟਿਸ ਰਣਜੀਤ ਸਿੰਘ ਨਿਕੜਾ, ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸ. ਮਾਲਵਿੰਦਰ ਸਿੰਘ ਜੱਗੀ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਇੰਪਰੂਵਮੈਂਟ ਟਰੱਸਟ ਦੀ ਚੇਅਰਪਰਸਨ ਸ੍ਰੀਮਤੀ ਸੁਰਭੀ ਮਲਿਕ, ਪਟਿਆਲਾ ਡਾਕ ਘਰ ਦੇ ਸੀਨੀਅਰ ਸੁਪਰਡੈਂਟ ਆਫ਼ ਪੋਸਟ ਆਰਤੀ ਵਰਮਾ, ਪਟਿਆਲਾ ਵਿਰਾਸਤੀ ਉਤਸਵ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਅਨਮੋਲ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ‘ਚ ਪਟਿਆਲਾ ਵਾਸੀ ਤੇ ਹੋਰ ਪਤਵੰਤੇ ਮੌਜੂਦ ਸਨ।
20 ਫਰਵਰੀ ਸਵੇਰੇ ਏਅਰੋ ਮਾਡਲਿੰਗ ਤੇ ਸਟੰਟ ਬਾਇਕਿੰਗ, ਸ਼ਾਮ ਨੂੰ ਸ਼ਾਸ਼ਤਰੀ ਸੰਗੀਤ ਦੀ ਹੋਵੇਗੀ ਪੇਸ਼ਕਾਰੀ-ਪੂਨਮਦੀਪ ਕੌਰ
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 20 ਫਰਵਰੀ ਨੂੰ ਸਵੇਰੇ 11 ਵਜੇ ਏਵੀਏਸ਼ਨ ਕਲੱਬ ਸੰਗਰੂਰ ਰੋਡ ਵਿਖੇ ਏਅਰੋ ਮਾਡਲਿੰਗ ਅਤੇ ਸਟੰਟ ਬਾਇਕਿੰਗ ਦੇ ਕਰਤੱਬ ਹੋਣਗੇ। ਸ਼ਾਮ ਨੂੰ 6.30 ਵਜੇ ਕਿਲਾ ਮੁਬਾਰਕ ਵਿਖੇ ਪਦਮ ਸ੍ਰੀ ਉਸਤਾਦ ਵਾਸਿਫ਼ਦੀਨ ਡਾਗਰ, ਉਸਤਾਦ ਨਿਸ਼ਾਤ ਖ਼ਾਨ, ਉਸਤਾਦ ਇਰਸ਼ਾਦ ਖ਼ਾਨ ਤੇ ਉਸਤਾਦ ਵਜਾਹਤ ਖ਼ਾਨ, ਸਿਤਾਰ, ਸੁਰਬਹਾਰ ਤੇ ਸਰੋਦ ‘ਤੇ ਇਟਾਵਾ ਘਰਾਣਾ ਦੀ ਤਰਿਗਲ ਬੰਦੀ ਦੀ ਸ਼ਾਨਦਾਰ ਪੇਸ਼ਕਾਰੀ ਦੇਣਗੇ।
Facebook Comments