Illegal liquor recovered from sheller in Samana

May 19, 2019 - PatialaPolitics


ਲੋਕ ਸਭਾ ਚੋਣਾ ਦੇ ਮੱਦੇਨਜ਼ਰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਆਦਰਸ਼ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਗਠਿਤ ਉਡਣ ਦਸਤੇ ਨੇ ਪਟਿਆਲਾ ਰੋਡ ਸਮਾਣਾ ਵਿਖੇ ਸਥਿਤ ਮਹਾਦੇਵ ਰਾਇਸ ਮਿਲ ਵਿੱਚੋਂ ਨਜ਼ਾਇਜ਼ ਸ਼ਰਾਬ ਦੀਆਂ 2756 ਬੋਤਲਾਂ ਬਰਾਮਦ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਸ਼ੈਲਰ ਦੇ ਮਾਲਕ ਗੁੱਲੂ ਬਾਂਸਲ ਵਾਸੀ ਸਮਾਣਾ ਵਿਰੁੱਧ ਆਬਕਾਰੀ ਐਕਟ ਦੀਆਂ ਧਾਰਾਵਾਂ 61, 1 ਤੇ 14 ਅਧੀਨ ਥਾਣਾ ਸਿਟੀ ਸਮਾਣਾ ਵਿਖੇ ਐਫ.ਆਈ.ਆਰ. ਨੰਬਰ 82 ਮਿਤੀ 18 ਮਈ 2019 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਡਣ ਦਸਤੇ ਦੇ ਇੰਚਾਰਜ ਤੇ ਕਾਰਜਕਾਰੀ ਮੈਜਿਸਟ੍ਰੇਟ ਸ੍ਰੀ ਗੁਰਜੀਤ ਸਿੰਘ ਅਤੇ ਐਸ.ਐਚ.ਓ. ਥਾਣਾ ਸਿਟੀ ਸਮਾਣਾ ਇੰਸਪੈਕਟਰ ਪਰਮਜੀਤ ਕੁਮਾਰ ਨੂੰ ਇਸ ਸ਼ੈਲਰ ਵਿੱਚ ਨਜ਼ਾਇਜ਼ ਸ਼ਰਾਬ ਪਈ ਹੋਣ ਦੀ ਸੂਚਨਾ ਮਿਲੀ ਤਾਂ ਸਾਂਝੀ ਟੀਮ ਵੱਲੋਂ ਸਰਕਲ ਸਮਾਣਾ ਦੇ ਆਬਕਾਰੀ ਇੰਸਪੈਕਟਰ ਜਸਵਿੰਦਰ ਸਿੰਘ ਨੂੰ ਨਾਲ ਲੈਕੇ ਇਸ ਸ਼ੈਲਰ ਦੀ ਤਲਾਸ਼ੀ ਲਈ ਗਈ ਤਾਂ ਇਥੋਂ ਇਨ੍ਹਾਂ ਵਿੱਚ ਮੈਕਡਾਵਲ ਸ਼ਰਾਬ (ਪੰਜਾਬ ‘ਚ ਵਿਕਰੀ ਲਈ) ਦੀਆਂ 52 ਪੇਟੀਆਂ ਅਤੇ ਸ਼ਰਾਬ ਕਲੱਬ ਮਾਲਟਾ (ਹਰਿਆਣਾ ਵਿੱਚ ਵਿਕਰੀ ਲਈ) 135 ਪੇਟੀਆਂ ਬਰਾਮਦ ਹੋਈਆਂ। ਜਦੋਂਕਿ ਸ਼ੈਲਰ ਅੰਦਰ ਤੂੜੀ ਵਾਲੇ ਸ਼ੈਡ ਨਾਲ ਕੰਧ ਦੇ ਨਜ਼ਦੀਕ ਝਾੜੀਆਂ ਵਿੱਚੋਂ 512 ਬੋਤਲਾਂ ਵੱਖਰੇ ਤੌਰ ‘ਤੇ ਬਰਾਮਦ ਹੋਈਆਂ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤਰ੍ਹਾਂ 2756 ਬੋਤਲਾਂ ਨਜ਼ਾਇਜ਼ ਸ਼ਰਾਬ ਦੀਆਂ ਆਪਣੇ ਸ਼ੈਲਰ ਵਿੱਚ ਰੱਖਣ ਕਰਕੇ ਇਸਦੇ ਮਾਲਕ ਗੁੱਲੂ ਬਾਂਸਲ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਚੋਣ ਜਾਬਤੇ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਨੂੰ ਗ਼ੈਰਕਾਨੂੰਨੀ ਕਾਰਵਾਈ ਕਰਨ ਦਿੱਤੀ ਜਾਵੇਗੀ।