Jacob Drain Patiala to be developed with 16 crore

June 6, 2019 - PatialaPolitics

ਗੰਦੇ ਨਾਲਿਆਂ ਦਾ ਰੂਪ ਧਾਰ ਚੁੱਕੀ ਪਟਿਆਲਾ ਦੀ ਜੈਕਬ ਅਤੇ ਈਸਟਰਨ ਡਰੇਨ ਤੋਂ ਪਟਿਆਲਾ ਵਾਸੀਆਂ ਨੂੰ ਛੇਤੀ ਹੀ ਨਿਜਾਤ ਮਿਲਣ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪਰਨੀਤ ਕੌਰ ਦੇ ਯਤਨਾ ਸਦਕਾ ਸ਼ਹਿਰ ਵਾਸੀ ਇਹਨਾਂ ਦੋਵੇਂ ਗੰਦੇ ਨਾਲਿਆਂ ਨੂੰ ਹੁਣ ਇਕ ਸੁੰਦਰ ਸੈਰਗਾਹ ਦੇ ਰੂਪ ਵਜੋਂ ਦੇਖ ਸਕਣਗੇ।
ਪਟਿਆਲਾ ਦੇ ਮੇਅਰ ਸ਼੍ਰੀ ਸੰਜੀਵ ਸ਼ਰਮਾ ਬਿੱਟੂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਅੱਜ ਡਰੇਨਜ ਵਿਭਾਗ ਦੇ ਅਧਿਕਾਰੀਆਂ ਨਾਲ ਜੈਕਬ ਤੇ ਈਸਟਰਨ ਡਰੇਨ ਦਾ ਦੌਰਾ ਕੀਤਾ। ਇਸ ਮੌਕੇ ਮੇਅਰ ਤੇ ਡਿਪਟੀ ਕਮਿਸ਼ਨਰ ਨੇ ਜਿਥੇ ਈਸਟਨ ਡਰੇਨ ਦੇ ਚੱਲ ਰਹੇ ਕੰਮ ਦਾ ਜਾਇਜਾ ਲਿਆ ਉਥੇ ਹੀ 16.19 ਕਰੋੜ ਰੁਪਏ ਦੀ ਲਾਗਤ ਨਾਲ ਢਾਈ ਕਿਲੋਮੀਟਰ ਲੰਮੀ ਜੈਕਬ ਡਰੇਨ ਦੇ ਹੋਣ ਵਾਲੇ ਸੁੰਦਰੀ ਕਰਨ ਪ੍ਰੋਜੈਕਟ ਦੀ ਸਮੀਖਿਆ ਵੀ ਕੀਤੀ।
ਇਸ ਮੌਕੇ ਮੇਅਰ ਸ਼੍ਰੀ ਬਿੱਟੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਪਟਿਆਲਾ ਦੇ ਵਿਧਾਇਕ ਵੀ ਹਨ ਅਤੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਪਰਨੀਤ ਕੌਰ ਦੀ ਇਹ ਦਿਲੀ ਇੱਛਾ ਸੀ ਕਿ ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਨੂੰ ਗ੍ਰਹਿਣ ਲਾਉਂਦੇ ਇਹਨਾਂ ਬਰਸਾਤੀ ਗੰਦੇ ਨਾਲਿਆਂ ਨੂੰ ਚਾਈਨਲਾਈਜ ਕਰਕੇ ਸ਼ਹਿਰ ਵਾਸੀਆਂ ਨੂੰ ਦੋ ਸੁੰਦਰ ਸੈਰਗਾਹਾਂ ਤੋਹਫੇ ਵਜੋਂ ਦਿੱਤੀਆਂ ਜਾਣਗੀਆਂ।
ਮੇਅਰ ਸ਼੍ਰੀ ਬਿੱਟੂ ਤੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਹ ਦੋਵੇਂ ਪ੍ਰੋਜੈਕਟ 23.53 ਕਰੋੜ ਦੀ ਲਾਗਤ ਨਾਲ ਤਿਆਰ ਹੋਣੇ ਹਨ। ਉਹਨਾਂ ਦੱਸਿਆ ਕਿ ਕਾਲੇ ਮੂੰਹ ਵਾਲੀ ਬਗੀਚੀ ਤੋਂ ਲੈ ਕੇ ਗੁਰੂ ਨਾਨਕ ਫਾਉਡੇਸ਼ਨ ਸਕੂਲ ਨੇੜਲੇ ਸੂਲਰ ਬਰਿਜ ਤੱਕ ਢਾਈ ਕਿਲੋਮੀਟਰ ਲੰਮੀ ਜੈਕਬ ਡਰੇਨ ਨੂੰ 16.19 ਕਰੋੜ ਦੀ ਲਾਗਤ ਨਾਲ ਚਾਈਨਲਾਈਜ ਕਰਦੇ ਇਸਨੂੰ ਇੱਕ ਸੁੰਦਰੀ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਤਹਿਤ 52 ਫੁੱਟ ਚੋੜੀ ਇਕ ਡਰੇਨ ਦੇ 19 ਫੁੱਟ ਖੇਤਰ ਵਿੱਚ ਦੋਵੇਂ ਪਾਸੇ ਕੰਕਰੀਟ ਦੀਆਂ 9 ਫੁੱਟ ਉਚੀਆਂ ਦੀਵਾਰਾਂ ਬਣਾ ਕੇ ਇਸਦਾ ਫਰਸ਼ ਪੱਕਾ ਕੀਤਾ ਜਾਵੇਗਾ ਅਤੇ ਡਰੇਨ ਦੇ ਦੋਵੇਂ ਪਾਸੇ ਚੈਨ ਲਿਕਿੰਗ ਵਾਲੀ ਤਾਰ ਲਗਾ ਕੇ ਇਸਨੂੰ ਇੱਕ ਸੁੰਦਰ ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਅਗਲੀਆਂ ਬਰਸਾਤਾਂ ਤੋਂ ਪਹਿਲਾਂ ਜੁਲਾਈ 2020 ਤੱਕ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਕੇ ਸ਼ਹਿਰ ਵਾਸੀਆਂ ਨੂੰ ਇੱਕ ਸੁੰਦਰ ਸੈਰਗਾਹ ਤੋਹਫੇ ਦੇ ਰੂਪ ਵਿੱਚ ਦਿੱਤੀ ਜਾਵੇਗੀ। ਮੇਅਰ ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 743 ਲੱਖ ਦੀ ਲਾਗਤ ਵਾਲੀ 1.9 ਕਿਲੋਮੀਟਰ ਵਾਲੀ ਈਸਟਨ ਡਰੇਨ ਜੋ ਕਿ ਆਤਮਾ ਰਾਮ ਕੁਮਾਰ ਸਭਾ ਸਕੂਲ ਤੋਂ ਮਹਿੰਦਰਾ ਕਾਲਜ ਦੇ ਨੇੜੇ ਕਾਲੇ ਮੂੰਹ ਵਾਲੀ ਬਗੀਚੀ ਤੱਕ ਹੈ ਨੂੰ 6 ਫੁੱਟ ਚੋੜੀ ਪਾਈਪ ਪਾ ਕੇ ਢੱਕਿਆ ਜਾ ਰਿਹਾ ਹੈ। ਜਿਸਦਾ ਤਕਰੀਬਨ ਅੱਧਾ ਕੰਮ ਮੁਕੰਮਲ ਵੀ ਹੋ ਚੁੱਕਾ ਹੈ। ਉਹਨਾਂ ਦੱਸਿਆ ਕਿ ਈਸਟਨ ਡਰੇਨ ਦੇ ਉਪਰ ਵੀ ਇੱਕ ਨਵੀਂ ਸੜਕ ਬਣਾਉਣ ਦੇ ਨਾਲ-ਨਾਲ ਪੈਦਲ ਚੱਲਣ ਵਾਲਿਆ ਲਈ ਇੱਕ ਫੁੱਟ ਪਾਥ ਦੀ ਵੀ ਉਸਾਰੀ ਕੀਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਦੇ ਮਿਆਰ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਸਾਰੇ ਪ੍ਰੋਜੈਕਟਾਂ ਨੂੰ ਨਿਰਧਾਰਿਤ ਸਮਾ ਸੀਮਾ ਵਿੱਚ ਮੁਕੰਮਲ ਕੀਤਾ ਜਾਵੇ। ਉਹਨਾਂ ਦੱਸਿਆ ਕਿ ਇਹਨਾਂ ਦੋਵੇਂ ਪ੍ਰੋਜੈਕਟਾਂ ਦੀ ਮੁੱਖ ਮੰਤਰੀ ਖੁਦ ਨਿਗਰਾਨੀ ਕਰ ਰਹੇ ਹਨ ਅਤੇ ਕੰਮ ਦੇ ਮਿਆਰ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੇਅਰ ਸ਼੍ਰੀ ਸੰਜੀਵ ਬਿੱਟੂ ਤੇ ਡਿਪਟੀ ਕਮਿਸ਼ਨਰ ਦੇ ਇਸ ਦੌਰੇ ਮੌਕੇ ਐਕਸ਼ੀਅਨ ਡਰੇਨਜ਼ ਸ਼੍ਰੀ ਦਵਿੰਦਰ ਸਿੰਘ, ਮਿਉਸਪਲ ਕੌਂਸਲਰ ਸ਼੍ਰੀ ਨਰੇਸ਼ ਦੁੱਗਲ, ਸ਼੍ਰੀ ਰਾਜਿੰਦਰ ਸ਼ਰਮਾ ਤੇ ਹੋਰ ਪਤਵੰਤੇ ਵੀ ਹਾਜਰ ਸਨ।