Jagdish Kumar Jagga joins Congress in Rajpura

March 5, 2018 - PatialaPolitics

ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰਾਜਪੁਰਾ ਹਲਕੇ ਦੇ ਵਸਨੀਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਨਹਿਰੀ ਪਾਣੀ ‘ਤੇ ਅਧਾਰਤ ਪਿੰਡ ਪੱਬਰਾ ਵਿਖੇ ਲੱਗਣ ਵਾਲੀ 121 ਕਰੋੜ ਰੁਪਏ ਦੀ ਜਲ ਸਪਲਾਈ ਸਕੀਮ ਮਨਜੂਰ ਕੀਤੀ ਹੈ, ਜਿਸ ਨਾਲ 1.65 ਲੱਖ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮਿਲੇਗਾ। ਉਹ ਅੱਜ ਇਥੇ ਰਾਜਪੁਰਾ ਦੇ ਕੌਂਸਲਰ ਅਤੇ ਲੋਕ ਭਲਾਈ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸ੍ਰੀ ਜਗਦੀਸ਼ ਕੁਮਾਰ ਜੱਗਾ ਤੇ ਉਨ੍ਹਾਂ ਦੀ ਕੌਂਸਲਰ ਧਰਮ ਪਤਨੀ ਸ੍ਰੀਮਤੀ ਰੰਜਨਾ ਵਰਮਾ ਦੇ ਵੱਡੀ ਗਿਣਤੀ ਸਾਥੀਆਂ ਸਮੇਤ ਰਾਜਪੁਰਾ ਤੋਂ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਕਾਂਗਰਸ ‘ਚ ਸ਼ਾਮਲ ਹੋਣ ਮੌਕੇ ਕਰਵਾਏ ਇਕ ਵਿਸ਼ਾਲ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਘਨੌਰ ਤੋਂ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਸ੍ਰੀਮਤੀ ਗੁਰਮੀਤ ਕੌਰ ਕੰਬੋਜ, ਜੱਟ ਮਹਾਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸ. ਹਰਪਾਲ ਸਿੰਘ ਅਤੇ ਪੀ.ਪੀ.ਸੀ.ਸੀ ਮੈਂਬਰ ਸ. ਨਿਰਭੈ ਸਿੰਘ ਮਿਲਟੀ ਵੀ ਮੌਜੂਦ ਸਨ।
ਸ੍ਰੀਮਤੀ ਪਰਨੀਤ ਕੌਰ ਨੇ ਸ੍ਰੀ ਜੱਗਾ ਅਤੇ ਸ੍ਰੀਮਤੀ ਰੰਜਨਾ ਸਮੇਤ ਹੋਰਨਾਂ ਦਾ ਕਾਂਗਰਸ ਪਾਰਟੀ ‘ਚ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਪਾਰਟੀ ‘ਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਜਿਹੀ ਰਾਜਨੀਤੀ ਨਹੀਂ ਕਰਦੀ, ਜਿਵੇਂ ਪਿਛਲੇ 10 ਸਾਲਾਂ ‘ਚ ਪੰਜਾਬ ਨੂੰ ਮੰਦਹਾਲੀ ਦੀ ਕਗਾਰ ‘ਤੇ ਪਹੁੰਚਾ ਕੇ ਮੁੜ ਤੋਂ ਝੂਠ ਦੇ ਸਹਾਰੇ ਲੋਕਾਂ ਨੂੰ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਕਰ ਰਹੇ ਹਨ। ਬਲਕਿ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਨਾਉਣ ਦੀਆਂ ਵਿਉਂਤਾਂ ‘ਤੇ ਕੰਮ ਕਰ ਰਹੀ ਹੈ, ਜਿਸ ਲਈ ਲੋਕਾਂ ਨੂੰ ਸਰਕਾਰ ਦਾ ਕੁਝ ਸਮਾਂ ਹੋਰ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਸਰਕਾਰ ਲੋਕਾਂ ਨਾਲ ਕੀਤਾ ਇੱਕ-ਇੱਕ ਵਾਅਦਾ ਪੂਰਾ ਕਰੇਗੀ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਬਲਾਕ ਰਾਜਪੁਰਾ ਤੇ ਘਨੌਰ ਦੇ 80 ਫ਼ੀਸਦੀ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਦੂਸ਼ਿਤ ਹੋਣ ਕਾਰਨ ਪੀਣ ਯੋਗ ਨਾ ਰਹਿਣ ਕਰਕੇ ਸਰਕਾਰ ਨੇ ਫਲੋਰਾਇਡ ਦੀ ਸਮੱਸਿਆ ਨਾਲ ਨਜਿੱਠਣ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਰਾਹੀਂ ਪਿੰਡ ਪੱਬਰਾ ਵਿਖੇ 121 ਕਰੋੜ ਰੁਪਏ ਖਰਚਕੇ ਜਲ ਸਪਲਾਈ ਸਕੀਮ ਸ਼ੁਰੂ ਕੀਤੀ ਜਾਵੇਗੀ ਤੇ ਵਾਟਰ ਟਰੀਟਮੈਂਟ ਪਲਾਂਟ ਲਗਾ ਕੇ 200 ਕਿਲੋਮੀਟਰ ਪਾਇਪਾਂ ਰਾਹੀਂ 112 ਪਿੰਡਾਂ ਦੇ ਲੋਕਾਂ ਨੂੰ ਸਾਫ ਪੀਣ ਵਾਲਾ ਨਹਿਰੀ ਪਾਣੀ ਸਪਲਾਈ ਕੀਤਾ ਜਾਵੇਗਾ। ਇਸ ਪ੍ਰਾਜੈਕਟ ‘ਤੇ ਕੰਮ ਜਲਦ ਸ਼ੁਰੂ ਹੋ ਰਿਹਾ ਹੈ ਤੇ ਅਗਲੇ 2 ਸਾਲਾਂ ‘ਚ ਬਣਕੇ ਤਿਆਰ ਹੋ ਜਾਵੇਗਾ।
ਇਸ ਮੌਕੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਸ੍ਰੀ ਜਗਦੀਸ਼ ਕੁਮਾਰ ਜੱਗਾ ਤੇ ਸ੍ਰੀਮਤੀ ਰੰਜਨਾ ਵਰਮਾ ਦਾ ਸਵਾਗਤ ਕਰਦਿਆਂ ਕਿਹਾ ਕਿ ਹਲਕਾ ਰਾਜਪੁਰਾ ਵਾਸਤੇ ਸ੍ਰੀਮਤੀ ਪਰਨੀਤ ਕੌਰ ਨੇ ਪੰਜਾਬ ਸਰਕਾਰ ਤੋਂ ਫ਼ੰਡਾਂ ਦੀ ਕੋਈ ਨਹੀਂ ਆਉਣ ਦਿੱਤੀ ਜਿਸ ਲਈ ਹਲਕੇ ‘ਚ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਪਈ ਹੈ। ਉਨ੍ਹਾਂ ਨੇ ਦਰਜਨਾਂ ਵਿਕਾਸ ਕਾਰਜਾਂ ਦਾ ਜਿਕਰ ਕਰਦਿਆਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਨੂੰ ਹਲਕਾ ਰਾਜਪੁਰਾ ‘ਚੋਂ ਵਿਧਾਨ ਸਭਾ ਚੋਣਾਂ ਤੋਂ ਵੀ 10 ਹਜ਼ਾਰ ਵੱਧ ਵੋਟਾਂ ਦੀ ਲੀਡ ਮਿਲੇਗੀ। ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਸ੍ਰੀ ਜੱਗਾ ਦੇ ਕਾਂਗਰਸ ਪਾਰਟੀ ‘ਚ ਆਉਣ ਕਰਕੇ ਹਲਕਾ ਰਾਜਪੁਰਾ ਤੇ ਹਲਕਾ ਘਨੌਰ ਦੇ ਨਾਲ-ਨਾਲ ਪੂਰੇ ਜ਼ਿਲ੍ਹੇ ਦੇ ਸਮੁਚੇ ਹਲਕਿਆਂ ‘ਚ ਕਾਂਗਰਸ ਪਾਰਟੀ ਹੋਰ ਵੀ ਮਜਬੂਤ ਹੋਵੇਗੀ।
ਸ੍ਰੀ ਜਗਦੀਸ਼ ਕੁਮਾਰ ਜੱਗਾ ਨੇ ਸ੍ਰੀਮਤੀ ਪਰਨੀਤ ਕੌਰ, ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਤੇ ਸ੍ਰੀ ਜਲਾਲਪੁਰ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦੁਆਇਆ ਕਿ ਉਹ ਪਾਰਟੀ ਵੱਲੋਂ ਦਿੱਤੇ ਹਰ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਨਗੇ ਅਤੇ ਰਾਜਪੁਰਾ ਹਲਕੇ ਦੇ ਵਿਕਾਸ ਲਈ ਆਪਣਾ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਉਨ੍ਹਾਂ 1947 ਦੀ ਵੰਡ ਨੂੰ ਯਾਦ ਕਰਦਿਆਂ ਦੱਸਿਆ ਕਿ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਤੇ ਰਾਜਮਾਤਾ ਮਹਿੰਦਰ ਕੌਰ ਨੇ ਰਾਜਪੁਰਾ ਵਸਾਉਣ ਤੇ ਪੈਪਸੂ ਬੋਰਡ ਬਣਾਕੇ ਇਸ ਦੇ ਵਿਕਾਸ ‘ਚ ਅਹਿਮ ਯੋਗਦਾਨ ਪਾਇਆ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਸ੍ਰੀ ਕੰਬੋਜ ਨੂੰ ਵਿਕਾਸ ਪੁਰਸ਼ ਦਾ ਖਿਤਾਬ ਦਿੰਦਿਆਂ ਕਿਹਾ ਕਿ ਇਨ੍ਹਾਂ ਦੀ ਅਗਵਾਈ ‘ਚ ਸ਼ਹਿਰ ਦੇ ਵਿਕਾਸ ਲਈ ਕਰੀਬ 100 ਕਰੋੜ ਰੁਪਏ ਦੇ ਕਾਰਜ ਚੱਲ ਰਹੇ ਹਨ।
ਇਸ ਮੌਕੇ ਸ੍ਰੀਮਤੀ ਗੁਰਮੀਤ ਕੌਰ ਕੰਬੋਜ, ਸ੍ਰੀਮਤੀ ਰੰਜਨਾ ਵਰਮਾ, ਸ. ਹਰਪਾਲ ਸਿੰਘ, ਨਿਰਭੈ ਸਿੰਘ ਮਿਲਟੀ, ਨਰਿੰਦਰ ਸ਼ਾਸ਼ਤਰੀ, ਬਰਜਿੰਦਰ ਗੁਪਤਾ, ਜਗਦੀਸ਼ ਬੁਧੀਰਾਜਾ, ਡਾ. ਸਰਬਜੀਤ ਚਮਾਰੂ, ਕਾਰਜਕਾਰੀ ਅਮਨਦੀਪ ਨਾਗੀ, ਗੁਰਿੰਦਰ ਸਿੰਘ ਦੂਆ, ਬਲਜਿੰਦਰ ਗੁਪਤਾ, ਮਹਿੰਦਰ ਸਹਿਗਲ, ਰਾਮ ਸ਼ਰਨ, ਪਵਨ ਕੁਮਾਰ ਪਿੰਕਾ, ਅਨਿਲ ਟੰਨੀ, ਗੁਰਪ੍ਰੀਤ ਸਿੰਘ ਸੰਧੂ, ਪ੍ਰੇਮ ਸਿੰਘ ਭਟੇਜਾ, ਯੋਗੇਸ਼ ਗੋਲਡੀ, ਓਮ ਪ੍ਰਕਾਸ਼ ਭਟੇਜਾ, ਹਰਮੇਲ ਸਿੰਘ ਗੱਦੋਮਾਜਰਾ, ਮਨੋਹਰ ਲਾਲ, ਮਿਸਰਨ ਨਨਹੇੜਾ, ਪਰਮਜੀਤ ਸਿੰਘ, ਬਲਦੇਵ ਸਿੰਘ ਨਾਗੀ, ਸ਼ਾਮ ਲਾਲ, ਗੁਰਦੀਪ ਧਮੌਲੀ, ਐਸ.ਡੀ.ਐਮ ਸੰਜੀਵ ਕੁਮਾਰ ਤੇ ਡੀ.ਐਸ.ਪੀ. ਕ੍ਰਿਸ਼ਨ ਕੁਮਾਰ ਪਾਂਥੇ ਸਮੇਤ ਸਥਾਨਕ ਵਾਸੀ ਵੱਡੀ ਗਿਣਤੀ ‘ਚ ਮੌਜੂਦ ਸਨ।