Jan Hit Samti gets new Ambulance

March 22, 2018 - PatialaPolitics

ਪਟਿਆਲਾ, 22 ਮਾਰਚ:
ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸ੍ਰੀ ਹਰਿਮੰਦਿਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਸਮੇਤ 5 ਧਾਰਮਿਕ ਅਸਥਾਨਾਂ ਦੀ ਰਸਦ ਤੋਂ ਸੂਬਾਈ ਹਿੱਸੇ ਦੀ ਜੀ.ਐਸ.ਟੀ. ਵਸੂਲੀ ਮੁਆਫ਼ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਵੀ ਆਪਣੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰੀ ਸਰਕਾਰ ਤੋਂ ਅਜਿਹਾ ਫੈਸਲਾ ਕਰਵਾਉਣ ਲਈ ਅੱਗੇ ਆਉਣ।
ਸ੍ਰੀਮਤੀ ਪਰਨੀਤ ਕੌਰ ਸਮਾਜ ਸੇਵੀ ਸ੍ਰੀ ਮਦਨ ਲਾਲ ਸਿੰਗਲਾ ਦੀ ਚੌਥੀ ਬਰਸੀ ਮੌਕੇ ਉਹਨਾਂ ਦੇ ਸਪੁੱਤਰ ਸੁੰਦਰ ਲਾਲ ਸਿੰਗਲਾ ਤੇ ਪਰਿਵਾਰ ਵੱਲੋਂ ਇਥੇ ਦੇਵੀਗੜ੍ਹ ਰੋਡ ‘ਤੇ ਸਥਿਤ ਇਕ ਨਿਜੀ ਪੈਲੇਸ ਵਿੱਚ ਕਰਵਾਈ ਪ੍ਰਾਰਥਨਾ ਸਭਾ ਅਤੇ ਮੈਡੀਕਲ ਕੈਂਪ ‘ਚ ਸ਼ਿਰਕਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਸਿੰਗਲਾ ਪਰਿਵਾਰ ਵੱਲੋਂ ਸਮਾਜ ਸੇਵੀ ਸੰਸਥਾ ਜਨ ਹਿਤ ਸੰਮਤੀ ਨੂੰ ਸੌਂਪੀ ਇੱਕ ਬੁਲੈਰੋ ਐਬੂਲੈਂਸ ਦੀਆਂ ਚਾਬੀਆਂ ਵੀ ਸੌਂਪੀਆਂ।
ਪੰਜਾਬ ਵਿਧਾਨ ਸਭਾ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਜੀ.ਐਸ.ਟੀ. ਬਾਬਤ ਕੀਤੇ ਗਏ ਐਲਾਨ ਦੀ ਸ਼ਲਾਘਾ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਇਸਨੂੰ ਇੱਕ ਇਤਿਹਾਸਕ ਫੈਸਲਾ ਦੱਸਦਿਆਂ ਕੇਂਦਰ ਸਰਕਾਰ ‘ਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਅਜਿਹਾ ਨਹੀਂ ਕਰਵਾ ਸਕਦੇ ਤਾਂ ਆਪਣਾ ਅਸਤੀਫ਼ਾ ਦੇਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਤੀਨਿਧਾਂ ਨੇ ਜੀ.ਐਸ.ਟੀ. ਕੌਂਸਲ ‘ਚ ਲੰਗਰਾਂ ‘ਤੇ ਲੱਗੇ ਜੀ.ਐਸ.ਟੀ. ਦਾ ਕਦੇ ਵਿਰੋਧ ਨਹੀਂ ਕੀਤਾ ਪਰੰਤੂ ਕੈਪਟਨ ਸਰਕਾਰ ਨੇ ਅਜਿਹਾ ਕਰਕੇ ਕੇਂਦਰ ਸਰਕਾਰ ਨੂੰ ਵੀ ਇੱਕ ਰਸਤਾ ਦਿਖਾਇਆ ਹੈ, ਜਿਸ ਲਈ ਕੈਪਟਨ ਅਮਰਿੰਦਰ ਸਿੰਘ ਵਧਾਈ ਦੇ ਪਾਤਰ ਹਨ।
ਪੱਤਰਕਾਰਾਂ ਵੱਲੋਂ ਪਟਿਆਲਾ ਦੇ ਇੱਕ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਕੈਨੇਡਾ ‘ਚ ਹੋਈ ਮੌਤ ਬਾਰੇ ਪੁੱਛੇ ਸਵਾਲ ਦੇ ਜੁਆਬ ‘ਚ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਉਹ ਮ੍ਰਿਤਕ ਨੌਜਵਾਨ ਦੀ ਦੇਹ ਭਾਰਤ ਲਿਆਉਣ ਲਈ ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖਣਗੇ। ਉਂਜ ਉਨ੍ਹਾਂ ਕਿਹਾ ਕਿ ਜਦੋਂ ਉਹ ਕੇਂਦਰੀ ਵਿਦੇਸ਼ ਰਾਜ ਮੰਤਰੀ ਸਨ ਤਾਂ ਉਸ ਸਮੇਂ ਵਿਦੇਸ਼ਾਂ ‘ਚ ਕਿਸੇ ਵੀ ਭਾਰਤੀ ਦੀ ਮੌਤ ਹੋਣ ‘ਤੇ ਕੇਂਦਰ ਸਰਕਾਰ ਪੀੜਤ ਪਰਿਵਾਰ ਦੀ ਮਦਦ ਲਈ ਹਮੇਸ਼ਾ ਅੱਗੇ ਆਉਂਦੀ ਸੀ ਪਰੰਤੂ ਉਹ ਇਸ ਮਾਮਲੇ ‘ਚ ਸੰਭਵ ਸਹਾਇਤਾ ਕਰਨ ਲਈ ਪੰਜਾਬ ਸਰਕਾਰ ਵੀ ਗੱਲਬਾਤ ਕਰਨਗੇ।
ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਪੀ.ਆਰ.ਟੀ.ਸੀ. ਸ਼੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸ਼੍ਰੀ ਸੰਜੀਵ ਕੁਮਾਰ ਬਿੱਟੂ, ਮੁੱਖ ਮੰਤਰੀ ਦੇ ਓ.ਐਸ.ਡੀ ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸ਼੍ਰੀ ਪਵਨ ਗੁਪਤਾ, ਮਹੰਤ ਰਵੀਕਾਂਤ ਚੇਅਰਮੈਨ ਵੈਲਫੇਅਰ ਬੋਰਡ, ਰਵਿੰਦਰ ਸਿੰਗਲਾ, ਉਪ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਸ਼੍ਰੀ ਰਾਜੇਂਦਰ ਕੁਮਾਰ ਸਿੰਗਲਾ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਐਮ.ਸੀ. ਸ਼੍ਰੀ ਅਸ਼ਵਨੀ ਕੁਮਾਰ ਮਿੱਕੀ, ਸ਼੍ਰੀ ਰਾਕੇਸ਼ ਗੁਪਤਾ, ਸ਼੍ਰੀ ਪ੍ਰਵੀਨ ਕੁਮਾਰ ਕੁਮਾਰ ਪ੍ਰਾਪਰਟੀ, ਸ਼੍ਰੀ ਨਰੇਸ਼ ਕੁਮਾਰ, ਸ਼੍ਰੀ ਸੁਰਿੰਦਰ ਪਾਲ ਕਾਂਸਲ, ਸ਼ਕਤੀਧਰ ਗਰਗ, ਅਗਰਵਾਲ ਸਮਾਜ ਸਭਾ ਦੇ ਸ਼੍ਰੀ ਗੱਗੀ, ਜਨ ਹਿਤ ਸੰਮਤੀ ਤੋਂ ਪ੍ਰਧਾਨ ਐਸ.ਕੇ. ਗੌਤਮ, ਸ੍ਰੀ ਬਲਬੀਰ ਸੈਣੀ, ਸ੍ਰੀ ਜਤਵਿੰਦਰ ਸਿੰਘ ਗਰੇਵਾਲ, ਰੁਪਿੰਦਰ ਕੌਰ ਵੀ ਮੌਜੂਦ ਸਨ। ਇਸ ਦੌਰਾਨ ਡਾ. ਰੋਹਿਤ ਅਗਰਵਾਲ, ਡਾ. ਨਿਧੀ ਅਗਰਵਾਲ, ਡਾ. ਕੰਵਰਜੋਤ ਸਿੰਘ ਗਰੋਵਰ ਸਮੇਤ ਹੋਰ ਕਈ ਬਿਮਾਰੀਆਂ ਦੇ ਡਾਕਟਰਾਂ ਨੇ ਆਪਣੀਆਂ ਟੀਮਾਂ ਸਮੇਤ ਮਰੀਜ਼ਾਂ ਦਾ ਸ਼ੂਗਰ, ਅੱਖਾਂ ਅਤੇ ਹੱਡੀਆਂ ਦਾ ਚੈਕਅਪ ਕੀਤਾ ਤੇ ਮਰੀਜਾਂ ਨੂੰ ਦਵਾਈਆਂ ਸਮੇਤ ਅੱਖਾਂ ਦੇ ਚਸ਼ਮੇ ਆਦਿ ਵੀ ਵੰਡੇ ਗਏ।