Latest condition in Rajindra Hospital Patiala 26 April 2021

April 26, 2021 - PatialaPolitics

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਪਟਿਆਲਾ
ਰਾਜਿੰਦਰਾ ਹਸਪਤਾਲ ‘ਚ ਕੋਵਿਡ ਮਰੀਜਾਂ ਦੀ ਸੰਭਾਲ ਲਈ ਫ਼ੌਜ ਦੇ ਜਵਾਨ ਵੀ ਕਰਨਗੇ ਮਦਦ
-ਫ਼ੌਜੀ ਜਵਾਨਾਂ ਵੱਲੋਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦੀ ਤਰਜ ‘ਤੇ ਮਰੀਜਾਂ ਦੀ ਸੇਵਾ ਸੰਭਾਲ ਦੇ ਜਜ਼ਬੇ ਦਾ ਪ੍ਰਗਟਾਵਾ
-ਰਾਜਿੰਦਰਾ ਹਸਪਤਾਲ ‘ਚ ਹੋਣ ਵਾਲੀਆਂ ਮੌਤਾਂ ਇਕੱਲੇ ਪਟਿਆਲਾ ਜ਼ਿਲ੍ਹੇ ਦੀਆਂ ਨਹੀਂ ਬਲਕਿ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਤੇ ਐਨ.ਸੀ.ਆਰ. ਨਾਲ ਵੀ ਸਬੰਧਤ-ਕੁਮਾਰ ਅਮਿਤ
-ਰਾਜਿੰਦਰਾ ਹਸਪਤਾਲ ‘ਚ ਆਕਸੀਜਨ ਦੀ ਕੋਈ ਕਮੀ ਨਹੀਂ-ਸੁਰਭੀ ਮਲਿਕ
-ਐਲ-3 ਬੈਡਾਂ ਦੀ ਗਿਣਤੀ 120 ਤੋਂ 180 ਕੀਤੀ ਗਈ,
-ਮੌਜੂਦਾ 286 ਮਰੀਜਾਂ ‘ਚੋਂ 140 ਬਹੁਤ ਹੀ ਗੰਭੀਰ ਰੂਪ ‘ਚ ਕੋਵਿਡ ਤੋਂ ਪ੍ਰਭਾਵਤ
ਪਟਿਆਲਾ, 26 ਅਪ੍ਰੈਲ:
ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ‘ਚ ਮਰੀਜਾਂ ਦੀ ਸੰਭਾਲ ਲਈ ਭਾਰਤੀ ਸੈਨਾ ਦੇ 30 ਦੇ ਕਰੀਬ ਜਵਾਨ ਵੀ ਮਦਦ ਕਰਨਗੇ। ਇਨ੍ਹਾਂ ਜਵਾਨਾਂ ਦੇ ਮਰੀਜਾਂ ਦੀ ਸੇਵਾ ਲਈ ਇੱਥੇ ਪੁੱਜਣ ‘ਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਰਾਜਿੰਦਰਾ ਹਸਪਤਾਲ ਦੀ ਕੋਵਿਡ ਵਾਰਡ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ ਨੇ ਇਨ੍ਹਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੀ ਤਰਜ ‘ਤੇ ਹੀ ਕੋਵਿਡ ਵਿਰੁੱਧ ਜੰਗ ਜਿੱਤਣ ‘ਚ ਮਦਦਗਾਰ ਬਣਨ ਲਈ ਧੰਨਵਾਦ ਕੀਤਾ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਮਹਾਂਮਾਰੀ ਦੀ ਲਾਗ ਤੋਂ ਬਚਣ ਲਈ ਟੀਕਾਕਰਨ ਜਰੂਰ ਕਰਵਾਉਂਦਿਆਂ ਜਰੂਰੀ ਇਹਤਿਆਤ ਵੀ ਲਾਜਮੀ ਵਰਤਣ ਅਤੇ ਕੋਈ ਵੀ ਲੱਛਣ ਆਉਣ ‘ਤੇ ਟੈਸਟ ਵੀ ਜਰੂਰ ਕਰਵਾਉਣ। ਉਨ੍ਹਾਂ ਦੱਸਿਆ ਕਿ ਰਾਜਿੰਦਰਾ ਹਸਪਤਾਲ ‘ਚ ਆਉਣ ਵਾਲੇ ਕਿਸੇ ਵੀ ਮਰੀਜ ਨੂੰ ਮਨ੍ਹਾਂ ਨਹੀਂ ਕੀਤਾ ਜਾਂਦਾ ਤੇ ਉਸਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇੱਥੇ ਹੋਣ ਵਾਲੀਆਂ ਮੌਤਾਂ ਇਕੱਲੇ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਦੀਆਂ ਨਹੀਂ ਹੁੰਦੀਆਂ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਆਉਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੇ ਖ਼ਬਰਾਂ ‘ਤੇ ਬਿਨ੍ਹਾਂ ਪੁਸ਼ਟੀ ਕੀਤੇ ਵਿਸ਼ਵਾਸ਼ ਨਾ ਕਰਨ ਲਈ ਵੀ ਅਪੀਲ ਕੀਤੀ।
ਇਸ ਮੌਕੇ ਡਾ. ਵਿਸ਼ਾਲ ਚੋਪੜਾ ਅਤੇ ਡਾ. ਅਮਨਦੀਪ ਸਿੰਘ ਬਖ਼ਸ਼ੀ ਨੇ ਇਨ੍ਹਾਂ ਜਵਾਨਾਂ ਨੂੰ ਪੀ.ਪੀ.ਈ. ਕਿੱਟਾਂ ਪਹਿਨਕੇ ਕੋਵਿਡ ਵਾਰਡ ‘ਚ ਮਰੀਜਾਂ ਦੀ ਸੇਵਾ ਕਰਨ ਲਈ ਜਰੂਰੀ ਨੁਕਤਿਆਂ ਤੋਂ ਜਾਣੂ ਕਰਵਾਇਆ। ਭਾਰਤੀ ਫ਼ੌਜ ਦੇ ਇਨ੍ਹਾਂ ਜਵਾਨਾਂ ਨੇ ਇਕਜੁੱਟਤਾ ਨਾਲ ਜੋਸ਼ ਦਿਖਾਉਂਦਿਆਂ ਮਰੀਜਾਂ ਦੀ ਸੇਵਾ ਸੰਭਾਲ ਅਤੇ ਕੋਵਿਡ ਨਾਲ ਮ੍ਰਿਤਕ ਪ੍ਰਾਣੀਆਂ ਦੀਆਂ ਦੇਹਾਂ ਦੀ ਸੰਭਾਲ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟਾਉਂਦਿਆਂ ਬੁਲੰਦ ਇਰਾਦਿਆਂ ਦਾ ਪ੍ਰਗਟਾਵਾ ਕੀਤਾ।
ਇਸ ਦੌਰਾਨ ਸ੍ਰੀਮਤੀ ਸੁਰਭੀ ਮਲਿਕ ਨੇ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਜਿੱਥੇ ਮਾਹਰ ਡਾਕਟਰਾਂ ਦੀਆਂ ਸੇਵਾਵਾਂ ‘ਚ ਵਾਧਾ ਕੀਤਾ ਗਿਆ ਹੈ, ਉਥੇ ਹੀ ਭਾਵੇਂ ਇੱਥੇ 120 ਵੈਂਟੀਲੇਟਰ ਪਹਿਲਾਂ ਹੀ ਮੌਜੂਦ ਸਨ ਹੁਣ ਇਨ੍ਹਾਂ ਦੀ ਗਿਣਤੀ 180 ਕਰ ਦਿੱਤੀ ਗਈ ਹੈ ਅਤੇ ਆਕਸੀਜਨ ਵਾਲੇ 600 ਬੈਡ ਉਪਲਬਧ ਹਨ ਜਦਕਿ ਇੱਥੇ 286 ਮਰੀਜ ਦਾਖਲ ਹਨ, ਜਿਨ੍ਹਾਂ ‘ਚੋਂ ਇਸ ਵੇਲੇ 140 ਜ਼ਿਆਦਾ ਗੰਭੀਰ ਹਨ।
ਸ੍ਰੀਮਤੀ ਸੁਰਭੀ ਮਲਿਕ ਨੇ ਹੋਰ ਦੱਸਿਆ ਕਿ ਭਾਵੇਂ ਸਾਰੇ ਦੇਸ਼ ‘ਚ ਆਕਸੀਜਨ ਦੀ ਕਮੀ ਹੈ ਪਰੰਤੂ ਇਸ ਹਸਪਤਾਲ ‘ਚ ਜ਼ਿਲ੍ਹਾ ਅਤੇ ਰਾਜ ਕੰਟਰੋਲ ਰੂਮ ਨਾਲ ਲਗਾਤਾਰ ਰਾਬਤਾ ਤੇ ਤਾਲਮੇਲ ਕਰਕੇ ਲੋੜੀਂਦੀ ਆਕਸੀਜਨ ਦੀ ਪੂਰਤੀ ਸਮੇਂ ਸਿਰ ਹੋ ਰਹੀ ਹੈ ਤੇ ਅੱਜ ਤੱਕ ਕੋਈ ਕਿਲਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇੱਥੇ 6 ਟਨ ਦਾ ਆਕਸੀਜਨ ਵੱਡਾ ਸਿਲੰਡਰ, ਆਕਸੀਜਨ ਜਨਰੇਟਰ, ਵਾਧੂ ਆਕਸੀਜਨ ਸਿਲੰਡਰ, ਆਕਸੀਜਨ ਕੰਨਸਟ੍ਰੇਟਰ ਵੀ ਉਪਲਬੱਧ ਹਨ ਅਤੇ ਮਰੀਜਾਂ ਦੀ ਲੋੜ ਮੁਤਾਬਕ ਵਾਧੂ ਆਕਸੀਜਨ ਮੌਜੂਦ ਹੈ।
ਉਨ੍ਹਾਂ ਕਿਹਾ ਕਿ ਇੱਥੇ ਪਿਛਲੇ ਦੋ ਮਹੀਨਿਆਂ ਤੋਂ ਕੋਈ ਵੀ ਅਜਿਹਾ ਮਰੀਜ ਨਹੀਂ ਦਾਖਲ ਹੋਇਆ ਜਿਸਨੇ ਕੋਵਿਡ ਵੈਕਸੀਨ ਦੀਆਂ ਦੋ ਖੁਰਾਕਾਂ ਲਗਵਾ ਲਈਆਂ ਹੋਣ, ਇਸ ਲਈ ਲੋਕਾਂ ਨੂੰ ਅੱਗੇ ਆ ਕੇ ਕੋਵਿਡ ਵੈਕਸੀਨ ਲਗਵਾ ਲੈਣੀ ਚਾਹੀਦੀ ਝਭ
ਸ੍ਰੀਮਤੀ ਮਲਿਕ ਨੇ ਦੱਸਿਆ ਕਿ ਹਸਪਤਾਲ ‘ਚ ਪਟਿਆਲਾ ਜ਼ਿਲ੍ਹੇ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਵੀ ਗੰਭੀਰ ਬਿਮਾਰ ਮਰੀਜ ਇਲਾਜ ਲਈ ਆ ਰਹੇ ਹਨ ਅਤੇ ਇਨ੍ਹਾਂ ‘ਚੋਂ ਬਹੁਤੇ ਮਰੀਜ ਉਹ ਹਨ ਜਿਹੜੇ ਕਿ ਪਹਿਲਾਂ ਹੀ ਬਹੁਤ ਗੰਭੀਰ ਸਥਿਤੀ ‘ਚ ਹੁੰਦੇ ਹਨ, ਜਿਸ ਕਰਕੇ ਮੌਤਾਂ ਦੀ ਗਿਣਤੀ ਵੀ ਉਸੇ ਦਰ ਨਾਲ ਹੈ।
ਉਨ੍ਹਾਂ ਹੋਰ ਦੱਸਿਆ ਕਿ ਰਾਜਿੰਦਰਾ ਹਸਪਤਾਲ ਦੀ ਮੋਰਚਰੀ ‘ਚ ਵੀ ਮ੍ਰਿਤਕ ਦੇਹਾਂ ਰੱਖਣ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਲੋੜੀਂਦਾ ਬੁਨਿਆਦੀ ਢਾਂਚਾ ਮੌਜੂਦ ਹੈ। ਇਸ ਮੌਕੇ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ, ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ ਅਤੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਵੀ ਮੌਜੂਦ ਸਨ।