Monsoon calling: Patiala DC inspects drains

July 11, 2018 - PatialaPolitics

ਆਗਾਮੀ ਬਰਸਾਤੀ ਸੀਜਨ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ‘ਚ ਨਿਕਾਸੀ ਨਾਲਿਆਂ ਆਦਿ ਦੀ ਸਫ਼ਾਈ ਦਾ ਕੰਮ ਜੋਰਾਂ ‘ਤੇ ਚੱਲ ਰਿਹਾ ਹੈ ਤੇ ਇਸ ਕੰਮ ਲਈ ਕਰੀਬ 2 ਕਰੋੜ ਰੁਪਏ ਦੇ ਫੰਡ ਰੱਖੇ ਗਏ ਹਨ। ਸਫ਼ਾਈ ਦੇ ਇਨ੍ਹਾਂ ਕਾਰਜਾਂ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜੈਕਬ ਡਰੇਨ ਅਤੇ ਮਾਡਲ ਟਾਊਨ ਡਰੇਨ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਅਤੇ ਇਸ ਵਿੱਚ ਗੁਣਵੱਤਾ ਦਾ ਖਾਸ ਖਿਆਲ ਰੱਖਦਿਆਂ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਝੰਬੋਵਾਲੀ ਚੋਅ, ਸਮਾਣਾ ਮੰਡੀ ਡਰੇਨ, ਸਰਾਏ ਪੱਤੀ ਡਰੇਨ, ਨਾਭਾ ਡਰੇਨ, ਸਰਹੰਦ ਚੋਅ ਦਾ ਕੰਮ ਮਸ਼ੀਨਾ ਨਾਲ ਕੀਤਾ ਜਾ ਰਿਹਾ ਹੈ। ਜਦੋਂਕਿ ਮਗਨਰੇਗਾ ਸਕੀਮ ਤਹਿਤ ਲੱਗਭਗ 20 ਡਰੇਨਾਂ ਦੀ ਸਫਾਈ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ ਅਤੇ ਜ਼ਿਲ੍ਹੇ ਦਾ ਫਲੱਡ ਕੰਟਰੋਲ ਰੂਮ 24 ਘੰਟੇ ਮੁਸਤੈਦੀ ਨਾਲ ਡਿਊਟੀ ਨਿਭਾ ਰਿਹਾ ਹੈ।
ਜੈਕਬ ਡਰੇਨ ਦਾ ਦੌਰਾ ਕਰਨ ਮੌਕੇ ਸ੍ਰੀ ਕੁਮਾਰ ਅਮਿਤ ਨੇ ਸਫਾਈ ਪ੍ਰਤੀ ਕੀਤੀ ਵਿਉਤਬੰਦੀ ਬਾਰੇ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਮੰਡਲ ਪਟਿਆਲਾ ਸ. ਦਵਿੰਦਰ ਸਿੰਘ ਤੋਂ ਜਾਣਕਾਰੀ ਹਾਸਲ ਕੀਤੀ, ਜਿਸ ‘ਤੇ ਐਕਸੀਐਨ ਨੇ ਦੱਸਿਆ ਕਿ ਲਾਈਨਿੰਗ ਦੀ ਸਫ਼ਾਈ ਮਜਦੂਰਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਡਰੇਨ ਦੇ ਬੈਡ ਦੀ ਸਫ਼ਾਈ ਮਸ਼ੀਨ ਨਾਲ ਕੀਤੀ ਜਾਣੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੈਕਬ ਡਰੇਨ ਦੀ ਸਫ਼ਾਈ ਮਹਿੰਦਰਾ ਕਾਲਜ ਦੇ ਸਾਹਮਣੇ ਕਾਲੇ ਮੂੰਹ ਵਾਲੀ ਬਗੀਚੀ ਤੋਂ ਲੈ ਕੇ ਸੂਲਰ ਬਰਿਜ ਤੱਕ ਲੱਗਭਗ 2.5 ਕਿਲੋਮੀਟਰ ਤੱਕ ਕੀਤੀ ਜਾਣੀ ਤੈਅ ਹੋਈ ਹੈ ਅਤੇ ਇਸ ਕੰਮ ‘ਤੇ ਕੁੱਲ 14 ਲੱਖ ਰੁਪਏ ਲਾਗਤ ਦਾ ਅਨੁਮਾਨ ਮਨਜੂਰ ਕੀਤਾ ਗਿਆ ਹੈ। ਮੌਜੂਦਾ ਸਥਿਤੀ ਮੁਤਾਬਿਕ ਜੈਕਬ ਡਰੇਨ ਦੀ ਸਫਾਈ ਦਾ ਕੰਮ ਐਨ.ਆਈ.ਐਸ. ਚੌਂਕ ਤੋਂ ਅਰੰਭਿਆ ਗਿਆ ਹੈ ਅਤੇ ਨਗਰ ਨਿਗਮ ਦਫ਼ਤਰ ਦੇ ਪਿਛਲੇ ਪਾਸੇ ਵਾਲੀ ਰੀਚ ‘ਚ ਕੀਤਾ ਜਾ ਰਿਹਾ ਹੈ।
ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਮਾਡਲ ਟਾਊਨ ਡਰੇਨ ਦੀ ਚਲ ਰਹੀ ਸਫ਼ਾਈ ਦਾ ਨਿਰੀਖਣ ਕੀਤਾ। 24 ਨੰਬਰ ਫਾਟਕ ਨੇੜੇ ਰੇਲਵੇ ਲਾਇਨ ਦੇ ਉਪਰਲੇ ਪਾਸੇ ਮਸ਼ੀਨ ਨਾਲ ਸਫਾਈ ਕੀਤੀ ਜਾ ਰਹੀ ਹੈ। ਮਾਡਲ ਟਾਊਨ ਡਰੇਨ ਦੀ ਸਫਾਈ ਦੇ ਕੰਮ ਲਈ 42 ਲੱਖ ਦਾ ਅਨੁਮਾਨ ਮੰਜੂਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਲ 14.50 ਕਿਲੋਮੀਟਰ ਦੀ ਲੰਬਾਈ ਵਿੱਚ ਇਹ ਕੀਤੀ ਜਾਣ ਵਾਲੀ ਸਫ਼ਾਈ ਦਾ ਕੰਮ ਮੌਜੂਦਾ ਸਥਿਤੀ ਮੁਤਾਬਿਕ ਤਿੰਨ ਮਸ਼ੀਨਾ ਨਾਲ ਕੀਤਾ ਜਾ ਰਿਹਾ ਹੈ ਅਤੇ ਹਰ ਤਰ੍ਹਾਂ ਦੀ ਅੜਚਨ ਨੂੰ ਹਟਾਇਆ ਜਾ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਾਰਜਕਾਰੀ ਇੰਜੀਨੀਅਰ ਨੂੰ ਹਦਾਇਤ ਕੀਤੀ ਕਿ ਉਹ ਇਸ ਇਲਾਕੇ ਦੇ ਨਿਵਾਸੀਆਂ ਨੂੰ ਡਰੇਨਾਂ ‘ਚ ਗੋਹਾ, ਕੂੜਾ-ਕਰਕਟ ਨਾ ਸੁੱਟਣ ਲਈ ਪ੍ਰੇਰਤ ਕਰਨ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਲੋਕ ਡਰੇਨ ‘ਚ ਕੱਚੀਆਂ ਪੁੱਲੀਆਂ ਬਣਾਉਣ ਦੀ ਕੋਸ਼ਿਸ਼ ਨਾ ਕਰਨ ਕਿਉਕਿ ਇਸ ਨਾਲ ਪਾਣੀ ਦੇ ਵਹਾਅ ਵਿੱਚ ਰੁਕਾਵਟ ਆਉਦੀਂ ਹੈ ਜਿਸ ਨਾਲ ਜਾਨੀ ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਬਣ ਜਾਂਦਾ ਹੈ। ਕਾਰਜਕਾਰੀ ਇੰਜੀਨੀਅਰ ਸ. ਦਵਿੰਦਰ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਡਰੇਨੇਜ਼ ਵਿਭਾਗ ਕਿਸੇ ਕਿਸਮ ਦੀ ਨਾਜੁਕ ਸਥਿਤੀ ਨਾਲ ਨਜਿਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮੌਕੇ ਐਸ.ਡੀ.ਓ. ਨਿਰਮਲ ਸਿੰਘ ਤੇ ਹੋਰ ਮੌਜੂਦ ਸਨ।
ਨੰ: ਲਸਪ (ਪ੍ਰੈ.ਰੀ.)-2018/640