Nabha SBI Bank loot solved,robbers arrested

November 14, 2018 - PatialaPolitics

ਪਟਿਆਲਾ ਪੁਲਿਸ ਨੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਨਾਭਾ ਵਿਖੇ ਦੋ ਲੁਟੇਰਿਆਂ ਵੱਲੋਂ ਅੱਜ ਸਵੇਰੇ ਸਟੇਟ ਬੈਂਕ ਆਫ਼ ਇੰਡੀਆ ਦੇ ਸੁਰੱਖਿਆ ਗਾਰਡ ਨੂੰ ਗੋਲੀ ਮਾਰ ਕੇ 50 ਲੱਖ ਰੁਪਏ ਦੀ ਲੁੱਟ ਦੀ ਕੀਤੀ ਗਈ ਵਾਰਦਾਤ ਨੂੰ ਕੇਵਲ 4 ਘੰਟਿਆਂ ਦੇ ਅੰਦਰ-ਅੰਦਰ ਹੱਲ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਇਸ ਦਾ ਖੁਲਾਸਾ ਪਟਿਆਲਾ ਜੋਨ ਦੇ ਆਈ.ਜੀ. ਸ. ਏ.ਐਸ. ਰਾਏ ਨੇ ਅੱਜ ਦੇਰ ਸ਼ਾਮ ਇੱਥੇ ਪੁਲਿਸ ਲਾਇਨ ਵਿਖੇ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਵੀ ਮੌਜੂਦ ਸਨ ਤੇ ਉਨ੍ਹਾਂ ਦੱਸਿਆ ਕਿ ਡੀ.ਜੀ.ਪੀ. ਵੱਲੋਂ ਪਟਿਆਲਾ ਪੁਲਿਸ ਨੂੰ ਦਿੱਤਾ ਗਿਆ ਇੱਕ ਲੱਖ ਰੁਪਏ ਦਾ ਨਗ਼ਦ ਇਨਾਮ ਮ੍ਰਿਤਕ ਸ੍ਰੀ ਪ੍ਰੇਮ ਚੰਦ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ।

ਆਈ.ਜੀ. ਸ. ਰਾਏ ਨੇ ਦੱਸਿਆ ਕਿ ਪਟਿਆਲਾ ਪੁਲਿਸ ਦੀ ਅਜਿਹੀ ਪ੍ਰਾਪਤੀ ਵਰਗੀ ਹੋਰ ਕੋਈ ਮਿਸਾਲ ਨਹੀਂ ਮਿਲਦੀ ਕਿ ਜਦੋਂ ਬਹੁਤ ਵਧੀਆ ਪੇਸ਼ੇਵਰਾਨਾ ਪਹੁੰਚ ਦਾ ਮੁਜ਼ਾਹਰਾ ਕਰਦਿਆਂ ਐਨੀ ਵੱਡੀ ਡਕੈਤੀ ਨੂੰ ਮਹਿਜ 4 ਘੰਟਿਆਂ ਦੌਰਾਨ ਹੀ ਹੱਲ ਕਰਕੇ ਨਾ ਕੇਵਲ ਲੁੱਟੀ ਸਾਰੀ ਰਕਮ ਹੀ ਬਰਾਮਦ ਕੀਤੀ ਸਗੋਂ ਦੋਸ਼ੀਆਂ ਨੂੰ ਵੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੋਵੇ।
ਸ. ਰਾਏ ਨੇ ਦੱਸਿਆ ਕਿ ਇਹ ਵਾਰਦਾਤ ਨਾਭਾ ਦੀ ਅਨਾਜ ਮੰਡੀ ‘ਚ ਅੱਜ ਉਸ ਸਮੇਂ ਵਾਪਰੀ ਜਦੋਂ ਐਸ.ਬੀ.ਆਈ. ਦਾ ਕਲਰਕ ਸ੍ਰੀ ਅੰਤਰਿਕਸ਼ ਵੈਦ ਤੇ ਸੁਰੱਖਿਆ ਗਾਰਡ ਸ੍ਰੀ ਪ੍ਰੇਮ ਚੰਦ 50 ਲੱਖ ਰੁਪਏ ਦੀ ਨਗ਼ਦੀ ਬੈਂਕ ਦੀ ਪਟਿਆਲਾ ਗੇਟ ਸਥਿਤ ਕਰੰਸੀ ਚੈਸਟ ਬ੍ਰਾਂਚ ਤੋਂ ਇੱਕ ਨਿਜੀ ਕਾਰ ‘ਚ ਲੈਕੇ ਆਪਣੀ ਬ੍ਰਾਂਚ ਆ ਰਹੇ ਸਨ ਤਾਂ ਇਨ੍ਹਾਂ ਦਾ ਪਿੱਛਾ ਕਰਦੇ ਆ ਰਹੇ ਦੋ ਜਣਿਆਂ ਨੇ ਇਨ੍ਹਾਂ ਨੂੰ ਨਗ਼ਦੀ ਵਾਲਾ ਬੈਗ ਉਤਾਰਨ ਸਮੇਂ ਹੀ ਗੋਲੀ ਮਾਰਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਗੋਲੀ ਸੁਰੱਖਿਆ ਗਾਰਡ ਸ੍ਰੀ ਪ੍ਰੇਮ ਚੰਦ ਵਾਸੀ ਰੋਹਟੀ ਦੀ ਛਾਤੀ ‘ਚ ਲੱਗੀ ਤੇ ਉਸਦੀ ਹਸਪਤਾਲ ਜਾ ਕੇ ਜਖ਼ਮਾਂ ਦੀ ਤਾਬ ਨਾ ਸਹਾਰਦਿਆਂ ਮੌਤ ਹੋ ਗਈ, ਜਿਸ ਦਾ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੈ।

ਆਈ.ਜੀ. ਨੇ ਦੱਸਿਆ ਕਿ ਐਸ.ਐਸ.ਪੀ. ਸ. ਸਿੱਧੂ ਅੱਜ ਆਪਣੀ ਪੂਰੀ ਟੀਮ ਸਮੇਤ ਨਾਭਾ ਵਿਖੇ ਹੀ ਸਨ, ਕਿਉਂਕਿ ਪਿਛਲੇ ਦੋ ਮਹੀਨਿਆਂ ਦੌਰਾਨ ਨਾਭਾ ਵਿਖੇ ਹੋਏ 4 ਕਤਲਾਂ ਅਤੇ ਦੋ ਡਕੈਤੀਆਂ ਦੀਆਂ ਵਾਰਦਾਤਾਂ ਨੂੰ ਇਨ੍ਹਾਂ ਵੱਲੋਂ ਤੁਰੰਤ ਹੱਲ ਕਰ ਲਿਆ ਗਿਆ ਸੀ ਤੇ ਇਸੇ ਲਈ ਨਾਭਾ ਦੀਆਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਨਾਭਾ ਪੁਲਿਸ ਤੇ ਸ. ਸਿੱਧੂ ਦਾ ਸਨਮਾਨ ਕੀਤਾ ਜਾਣਾਂ ਸੀ। ਉਨ੍ਹਾਂ ਦੱਸਿਆ ਕਿ ਸ. ਸਿੱਧੂ ਤੁਰੰਤ ਮੌਕੇ ‘ਤੇ ਪੁੱਜੇ ਅਤੇ ਪੇਸ਼ੇਵਰਾਨਾਂ ਪਹੁੰਚ ਅਪਣਾਉਂਦਿਆਂ ਤੁਰੰਤ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਅਤੇ ਸਾਰੇ ਫਰੰਟ ਖੋਲ੍ਹਦਿਆਂ ਇਸ ਆਪਰੇਸ਼ਨ ਦੀ ਖ਼ੁਦ ਅਗਵਾਈ ਕੀਤੀ ਅਤੇ ਮਹਿਜ 4 ਘੰਟਿਆਂ ਦੇ ਅੰਦਰ ਹੀ ਦੋਵੇਂ ਮੁਲਜਮਾਂ ਨੂੰ ਸੰਗਰੂਰ ਤੋਂ ਕਾਬੂ ਕਰ ਲਿਆ।

ਸ. ਰਾਏ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੀ ਪਛਾਣ ਜਗਦੇਵ ਸਿੰਘ ਤਾਰੀ ਪੁੱਤਰ ਕਰਨੈਲ ਸਿੰਘ ਉਮਰ 35 ਸਾਲ ਤੇ ਅਮਨਜੀਤ ਸਿੰਘ ਗੁਰੀ ਪੁੱਤਰ ਗੁਰਜੰਟ ਸਿੰਘ ਉਮਰ 37 ਸਾਲ ਵਾਸੀਅਨ ਸੰਗਰੂਰ ਵਜੋਂ ਹੋਈ। ਇਨ੍ਹਾਂ ਨੇ ਸੰਗਰੂਰ ਸਥਿਤ ਇੰਡੀਅਨ ਆਇਲ ਦੇ ਤੇਲ ਡਿਪੂ ‘ਤੇ ਤੇਲ ਵਾਲਾ ਟੈਂਕ ਪਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਲੁੱਟੀ ਗਈ ਰਕਮ 50 ਲੱਖ ਰੁਪਏ, ਇੱਕ 32 ਬੋਰ ਦਾ ਨਜ਼ਾਇਜ ਰਿਵਾਲਵਰ, ਸੁਰੱਖਿਆ ਗਾਰਡ ਤੋਂ ਖੋਹੀ 12 ਬੋਰ ਦੀ ਬੰਦੂਕ, ਵਾਰਦਾਤ ‘ਚ ਵਰਤਿਆ ਬੁਲਿਟ ਮੋਟਰਸਾਇਕਲ, ਕੱਪੜੇ ਆਦਿ ਬਰਾਮਦ ਕਰ ਲਏ ਗਏ। ਸ. ਰਾਏ ਨੇ ਦੱਸਿਆ ਕਿ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਨੇ ਪਟਿਆਲਾ ਪੁਲਿਸ ਦੀ ਇਸ ਕਾਮਯਾਬੀ ਲਈ ਪ੍ਰਸੰਸ਼ਾ ਕਰਦਿਆਂ ਟੀਮ ਲਈ 1 ਲੱਖ ਰੁਪਏ ਦਾ ਨਗ਼ਦ ਇਨਾਮ ਤੇ ਸਾਰੀ ਟੀਮ ਨੂੰ ਤਰੱਕੀਆਂ ਦੇਣ ਦਾ ਐਲਾਨ ਕੀਤਾ ਹੈ। ਜਦੋਂਕਿ ਇਸ ਤੋਂ ਪਹਿਲਾਂ ਵੀ 50 ਹਜ਼ਾਰ ਰੁਪਏ ਦਾ ਇਨਾਮ ਇਸ ਟੀਮ ਨੂੰ ਮਿਲ ਚੁੱਕਾ ਹੈ।

ਇਸ ਮੌਕੇ ਮੌਜੂਦ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵਾਰਦਾਤ ਦੇ ਤੁਰੰਤ ਮਗਰੋਂ ਪਟਿਆਲਾ ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਅਤੇ ਆਈ.ਜੀ. ਸ. ਰਾਏ ਦੀ ਨਿਗਰਾਨੀ ਹੇਠ ਜਿੰਨੀ ਛੇਤੀ ਕਾਬੂ ਕੀਤਾ ਹੈ, ਉਹ ਉਨ੍ਹਾਂ ਦੀ ਖ਼ੁਦ ਦੀ 33 ਸਾਲ ਦੀ ਸੇਵਾ ‘ਚ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਅਤੇ ਇਨ੍ਹਾਂ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡੀ.ਜੀ.ਪੀ. ਵੱਲੋਂ ਪਟਿਆਲਾ ਪੁਲਿਸ ਨੂੰ ਦਿੱਤਾ ਗਿਆ ਇੱਕ ਲੱਖ ਰੁਪਏ ਦਾ ਨਗ਼ਦ ਇਨਾਮ ਮ੍ਰਿਤਕ ਸ੍ਰੀ ਪ੍ਰੇਮ ਚੰਦ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ।
ਸ. ਸਿੱਧੂ ਨੇ ਹੋਰ ਕਿਹਾ ਕਿ ਪਟਿਆਲਾ ਪੁਲਿਸ ਨੇ ਜ਼ਿਲ੍ਹੇ ਅੰਦਰ ਸਾਰੀਆਂ ਬੈਂਕਾਂ ਦੀਆਂ ਬ੍ਰਾਂਚਾਂ ਦੇ ਮੈਨੇਜਰਾਂ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਜਦੋਂ ਖੁਲ੍ਹੇ ਰੂਪ ‘ਚ ਨਗ਼ਦੀ ਕਿਸੇ ਇੱਕ ਬੈਂਕ ਤੋਂ ਦੂਜੀ ਬੈਂਕ ‘ਚ ਲਿਜਾਣੀ ਹੋਵੇ ਤਾਂ ਸਬੰਧਤ ਥਾਂਣੇ ਨੂੰ ਜਰੂਰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਇਸ ਬੈਂਕ ਵੱਲੋਂ ਅਣਗਹਿਲੀ ਵਰਤੀ ਗਈ ਹੈ ਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਅਜਿਹਾ ਕਰਕੇ ਆਮ ਲੋਕਾਂ ਦੀ ਜਾਨ ਨੂੰ ਖ਼ਤਰਾ ਪੈਦਾ ਕੀਤਾ ਜਾਂਦਾ ਹੈ ਤੇ ਬਹੁਤ ਗੰਭੀਰ ਮਾਮਲਾ ਹੈ।
ਸ. ਸਿੱਧੂ ਨੇ ਇਹ ਵੀ ਕਿਹਾ ਕਿ ਦਾਣਾ ਮੰਡੀ ‘ਚ ਲੋਕਾਂ ਦੇ ਭਾਰੀ ਭੀੜ ‘ਚ ਅਜਿਹੀ ਵਾਰਦਾਤ ਹੋਈ ਪਰ ਕੋਈ ਵਿਅਕਤੀ ਇਸ ਨੂੰ ਰੋਕਣ ਦੀ ਹਿੰਮਤ ਨਹੀਂ ਵਿਖਾ ਸਕਿਆ। ਉਨ੍ਹਾਂ ਲੋਕਾਂ ਨੂੰ ਸੁਚੇਤ ਤੇ ਚੌਕਸ ਰਹਿਣ ਅਪੀਲ ਕਰਦਿਆਂ ਕਿਹਾ ਕਿ ਬੇਸ਼ਕ ਪੁਲਿਸ 24 ਘੰਟੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਵਚਨਬੱਧ ਹੈ ਪਰ ਲੋਕਾਂ ਨੂੰ ਵੀ ਆਪਣੀ ਜਿੰਮੇਵਾਰੀ ਸਮਝਣੀ ਪਵੇਗੀ। ਇਸ ਮੌਕੇ ਐਸ.ਪੀ. ਜਾਂਚ ਮਨਜੀਤ ਸਿੰਘ ਬਰਾੜ, ਡੀ.ਐਸ.ਪੀ. ਸੁਖਮਿੰਦਰ ਸਿੰਘ ਚੌਹਾਨ, ਡੀ.ਐਸ.ਪੀ. ਦਵਿੰਦਰ ਅੱਤਰੀ, ਇੰਸਪੈਕਟਰ ਸ਼ਮਿੰਦਰ ਸਿੰਘ, ਇੰਸਪੈਕਟਰ ਗੁਰਮੀਤ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।