New orders by Vijay Inder Singla for Punjab schools

August 9, 2021 - PatialaPolitics

ਅਗਸਤ-ਕੋਵਿਡ-19 ਦੀ ਮਹਾਮਾਰੀ ਤੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਚਾਉਣ ਵਾਸਤੇ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸਕੂਲ ਮੁਖੀਆਂ ਨੂੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਸ੍ਰੀ ਸਿੰਗਲਾ ਨੇ ਕਿਹਾ ਕਿ 2 ਅਗਸਤ ਤੋਂ ਸਰਕਾਰੀ, ਮਾਨਤਾ ਪ੍ਰਾਪਤ, ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਸਕੂਲ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਗਏ ਹਨ, ਇਸ ਕਰਕੇ ਕੋਵਿਡ 19 ਦੀ ਸਥਿਤੀ ਨਾਲ ਨਜਿੱਠਣ ਅਤੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ੍ਰੀ ਸਿੰਗਲਾ ਨੇ ਨਵੇਂ ਸਿਰੇ ਤੋਂ ਹਦਾਇਤਾਂ ਜਾਰੀ ਕੀਤੀਆਂ ਹਨ। ਸੀ੍ਰ ਸਿੰਗਲਾ ਨੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਰੋਜ਼ਾਨਾ ਲਗਾਉਣ ਲਈ ਆਖਿਆ ਹੈ ਤਾਂ ਜੋ ਬੋਰਡ ਦੀਆਂ ਦੀਆਂ ਇਨ੍ਹਾਂ ਕਲਾਸਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੁਚੱਜੇ ਢੰਗ ਨਾਲ ਯਕੀਨੀ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਦੀ ਵੱਧ ਗਿਣਤੀ ਅਤੇ ਕਮਰਿਆਂ ਦੀ ਘਾਟ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਖਰੇ ਵੱਖਰੇ ਤੌਰ ’ਤੇ ਬੁਲਾਉਣ ਲਈ ਸਕੂਲ ਮੁਖੀਆਂ ਨੂੰ ਖੁਲ੍ਹ ਦਿੱਤੀ ਹੈ।
ਕੈਬਨਿਟ ਮੰਤਰੀ ਨੇ ਆਪਣੇ ਨਿਰਦੇਸ਼ਾਂ ਵਿੱਚ ਕਿਹਾ ਹੈ ਕਿ ਨਾਨ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਦੇ ਸਬੰਧ ਵਿੱਚ ਕਮਰਿਆਂ ਦੀ ਉਪਲਬਧਤਾ ਦੇ ਅਨੁਸਾਰ ਸਕੂਲ ਮੁਖੀ ਆਪਣੇ ਹਿਸਾਬ ਨਾਲ ਫੈਸਲਾ ਲੈਣਗੇ। ਇਸ ਸਬੰਧ ਵਿੱਚ ਵਿਦਿਆਰਥੀਆਂ ਨੂੰ ਵੱਖਰੇ ਤੌਰ ’ਤੇ ਵੀ ਬੁਲਾਇਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਇੱਕ ਕਮਰੇ ਵਿੱਚ 25 ਤੋਂ 30 ਵਿਦਿਆਰਥੀਆਂ ਨੂੰ ਹੀ ਉੱਚਿਤ ਦੂਰੀ ’ਤੇ ਬਿਠਾਇਆ ਜਾਵੇ ਅਤੇ ਇੱਕ ਬੈਂਚ ’ਤੇ ਕੇਵਲ ਇੱਕ ਵਿਦਿਆਰਥੀ ਹੀ ਬੈਠੇ। ਉਨ੍ਹਾਂ ਨੇ ਕੋਵਿਡ-19 ਦੀਆਂ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਵਿਦਿਆਰਥੀਆਂ ਵਿੱਚ ਆਪਸੀ ਦੂਰੀ ਬਨਾਉਣ ਨੂੰ ਯਕੀਨੀ ਬਨਾਉਣ ਲਈ ਸਵੇਰ ਦੀ ਸਭਾ ਤੋਂ ਵੀ ਛੋਟ ਦੇਣ ਦੇ ਨਿਰਦੇਸ਼ ਦਿੱਤੇ ਹਨ।