No Gifts Please only need your blessings: Patiala Divisional Commissioner

November 13, 2020 - PatialaPolitics


ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਦੀਵਾਲੀ ਦੇ ਤਿਉਹਾਰ ਮੌਕੇ ਸ਼ੁੱਭ ਇਛਾਵਾਂ ਦਿੰਦਿਆਂ ਨਿਵੇਕਲੀ ਪਹਿਲਕਦਮੀ ਕਰਦਿਆਂ ਆਪਣੀ ਰਿਹਾਇਸ਼ ਦੇ ਗੇਟ ‘ਤੇ ਕੋਈ ਤੋਹਫ਼ਾ ਨਾ ਲੈਕੇ ਆਉਣ ਦਾ ਨੋਟਿਸ ਲਗਾਇਆ ਹੈ। ਸ੍ਰੀ ਚੰਦਰ ਗੈਂਦ ਨੇ ਕਿਹਾ ਕਿ ਨੂੰ ਆਪਣੇ ਸ਼ੁੱਭ ਚਿੰਤਕਾਂ ਦੀਆਂ ਸ਼ੁੱਭ ਇਛਾਵਾਂ ਅਤੇ ਅਸ਼ੀਰਵਾਦ ਦੀ ਲੋੜ ਹੈ ਅਤੇ ਉਨ੍ਹਾਂ ਦੀਆਂ ਦਿਲੋਂ ਦਿੱਤੀਆਂ ਮੁਬਾਰਕਾਂ ਅਤੇ ਸ਼ੁੱਭ ਇਛਾਵਾਂ ਉਨ੍ਹਾਂ ਲਈ ਵੱਡੇ ਤੋਂ ਵੱਡੇ ਤੋਹਫ਼ਿਆਂ ਤੋਂ ਵੀ ਵਧੇਰੇ ਕੀਮਤ ਰੱਖਦੀਆਂ ਹਨ।
ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਲੋਕਾਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਹ ਪਵਿੱਤਰ ਤਿਉਹਾਰ ਸਾਡੇ ਜੀਵਨ, ਸਾਡੇ ਅਮੀਰ ਵਿਰਸੇ ਅਤੇ ਸਾਡੇ ਸੱਭਿਆਚਾਰ ਦਾ ਅਟੁੱਟ ਹਿੱਸਾ ਹਨ, ਜਿਸ ਲਈ ਇਨ੍ਹਾਂ ਤਿਉਹਾਰਾਂ ਨੂੰ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਮਨਾਉਣਾ ਚਾਹੀਦਾ ਹੈ।
ਸ੍ਰੀ ਗੈਂਦ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਤੋਹਫ਼ਿਆਂ ਦੀ ਪੈ ਗਈ ਰਵਾਇਤ ਇਨ੍ਹਾਂ ਤਿਉਹਾਰਾਂ ਦੀ ਪਵਿੱਤਰਤਾ ਅਤੇ ਮੂਲ ਭਾਵਨਾਂ ਨੂੰ ਭੰਗ ਕਰਦੀ ਹੈ, ਜਿਸ ਲਈ ਸਾਨੂੰ ਸਭ ਨੂੰ ਤੋਹਫ਼ੇ ਦੇਣ ਜਾਂ ਲੈਣ ਤੋਂ ਗੁਰੇਜ਼ ਕਰਦਿਆਂ ਸ਼ੁੱਭ ਇਛਾਵਾਂ ਦੇ ਕੇ ਇਨ੍ਹਾਂ ਤਿਉਹਾਰਾਂ ਨੂੰ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨਾਲ ਮਨਾਉਣਾ ਚਾਹੀਦਾ ਹੈ।