Paddy lifting in Patiala from 01 April 2018

March 27, 2018 - PatialaPolitics

ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਕਣਕ ਦੀ ਸੰਭਾਲ ਲਈ ਬਾਰਦਾਨੇ, ਢੋਆ-ਢੁਆਈ ਲਈ ਆਵਾਜਾਈ ਦੇ ਸਾਧਨ ਸਮੇਤ ਲੇਬਰ ਅਤੇ ਜ਼ਿਲ੍ਹੇ ਦੀਆਂ ਮੰਡੀਆਂ ‘ਚ ਕੀਤੇ ਜਾਣ ਵਾਲੇ ਹੋਰ ਪ੍ਰਬੰਧਾਂ ਬਾਰੇ ਇੱਕ ਅਹਿਮ ਮੀਟਿੰਗ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਗਈ। ਇਸ ਮੌਕੇ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਮੌਜੂਦਾ ਹਾੜੀ ਦੇ ਸੀਜਨ ਦੌਰਾਨ ਕਣਕ ਦੀ ਖਰੀਦ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੁਚੱਜੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਐਸ.ਐਸ.ਪੀ. ਡਾ. ਐਸ. ਭੂਪਤੀ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 6 ਖਰੀਦ ਏਜੰਸੀਆਂ ਨੂੰ ਜ਼ਿਲ੍ਹੇ ਦੀਆਂ 108 ਮੰਡੀਆਂ ਅਲਾਟ ਕੀਤੀਆਂ ਗਈਆਂ ਹਨ ਅਤੇ ਪਿਛਲੇ ਸੀਜਨ ਦੌਰਾਨ ਇਨ੍ਹਾਂ ਖਰੀਦ ਏਜੰਸੀਆਂ ਵੱਲੋਂ 8.36 ਲੱਖ 587 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਜਦੋਂਕਿ ਇਸ ਵਾਰ 9 ਲੱਖ 20 ਹਜ਼ਾਰ 257 ਮੀਟ੍ਰਿਕ ਟਨ ਕਣਕ ਮੰਡੀਆਂ ‘ਚ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ‘ਚ ਆਪਣੀ ਕਣਕ ਦੀ ਫ਼ਸਲ ਲੈਕੇ ਆਉਣ ਵਾਲੇ ਕਿਸਾਨਾਂ ਨੂੰ ਕੋਈ ਤੰਗੀ ਨਹੀਂ ਆਉਣ ਦਿੱਤੀ ਜਾਵੇਗੀ, ਇਸ ਲਈ ਮੰਡੀਆਂ ‘ਚ ਸਾਫ਼ ਸਫ਼ਾਈ, ਪੀਣ ਵਾਲੇ ਪਾਣੀ, ਪਖਾਨੇ ਤੇ ਪਿਸ਼ਾਬ ਘਰ, ਲਾਇਟਾਂ ਆਦਿ ਦੇ ਸੁਚੱਜੇ ਪ੍ਰਬੰਧ ਹੋਣਗੇ।
ਸ੍ਰੀ ਕੁਮਾਰ ਅਮਿਤ ਨੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਅਧਿਕਾਰੀਆਂ, ਜ਼ਿਲ੍ਹਾ ਮੰਡੀ ਅਫ਼ਸਰ, ਮਾਰਕੀਟ ਕਮੇਟੀਆਂ ਦੇ ਸਕੱਤਰਾਂ, ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੁਖੀਆਂ ਨੂੰ ਹਦਾਇਤ ਕੀਤੀ ਕਿ ਪ੍ਰਬੰਧਾਂ ‘ਚ ਕਿਸੇ ਵੀ ਕਿਸਮ ਦੀ ਕੋਈ ਢਿੱਲ ਮੱਠ ਨਹੀਂ ਹੋਣੀ ਚਾਹੀਦੀ, ਕਿਉਂਕਿ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਣਕ ਦੇ ਖਰੀਦ ਪ੍ਰਬੰਧਾਂ ਦੀ ਸਮੁਚੀ ਦੇਖ-ਰੇਖ ਖ਼ੁਦ ਕਰ ਰਹੇ ਹਨ ਅਤੇ ਕਿਸੇ ਕਿਸਮ ਦੀ ਕੁਤਾਹੀ ਕਰਨ ਵਾਲੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਐਸ.ਡੀ.ਐਮਜ ਨੂੰ ਕਿਹਾ ਕਿ ਉਹ ਮੰਡੀਆਂ ਦੇ ਦੌਰੇ ਖ਼ੁਦ ਕਰਨ।
ਡਿਪਟੀ ਕਮਿਸ਼ਨਰ ਨੇ ਹੋਰ ਕਿਹਾ ਕਿ ਇਸ ਤੋਂ ਬਿਨ੍ਹਾਂ ਤੋਲ ਤੋਲਾਈ ਲਈ ਕੰਡੇ ਤੇ ਨਮੀ ਜਾਂਚਣ ਵਾਲੇ ਮੀਟਰ ਵੀ ਠੀਕ ਹਾਲਤ ‘ਚ ਹੋਣੇ ਚਾਹੀਦੇ ਹਨ ਅਤੇ ਤਰਪਾਲਾਂ ਤੇ ਕਰੇਟਾਂ ਦਾ ਵੀ ਪ੍ਰਬੰਧ ਸਹੀ ਹੋਵੇ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਦੇ ਸਟਾਫ਼ ਅਤੇ ਹੋਰ ਸਬੰਧਤ ਅਧਿਕਾਰੀਆਂ ਵੱਲੋਂ ਖਰੀਦ ਸੀਜ਼ਨ ਦੌਰਾਨ ਆਪਣੇ ਸਟੇਸ਼ਨ ‘ਤੇ ਹਾਜ਼ਰ ਰਹਿਣਾ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਫਸਲ ਦਾ ਉਚਿਤ ਮੁੱਲ ਲੈਣ ਲਈ ਫ਼ਸਲ ਸੁਕਾ ਕੇ ਅਤੇ ਸਾਫ਼ ਸੁਥਰੀ ਹੀ ਮੰਡੀਆਂ ਵਿਖੇ ਲੈਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਦਿਕਤ ਨਾ ਆਵੇ।
ਇਸ ਮੌਕੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀ ਨਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਸਾਰੀਆਂ ਮੰਡੀਆਂ ਵਿਖੇ ਲੇਬਰ, ਕਾਰਟੇਜ, ਢੋਆ ਢੁਆਈ ਦੇ ਕੀਤੇ ਜਾ ਰਹੇ ਪ੍ਰਬੰਧ ਮੁਕੰਮਲ ਅੰਤਮ ਪੜਾਅ ‘ਚ ਹਨ ਅਤੇ ਖਰੀਦ ਏਜੰਸੀਆਂ ਵੱਲੋਂ ਲੋੜੀਂਦੇ ਬਾਰਦਾਨੇ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ ਜਿਸ ਲਈ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕੰਮ ਸੁਚਾਰੂ ਰੂਪ ਨਾਲ ਚਲਾਇਆ ਜਾਵੇਗਾ।
ਇਸ ਮੌਕੇ ਐਸ.ਐਸ.ਪੀ. ਡਾ. ਐਸ. ਭੂਪਤੀ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਪੂਨਮਦੀਪ ਕੌਰ, ਆਰ.ਟੀ.ਏ. ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ. ਪਟਿਆਲਾ ਸ. ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਸਮਾਣਾ ਅਰਵਿੰਦ ਕੁਮਾਰ, ਐਸ.ਡੀ.ਐਮ. ਪਾਤੜਾਂ ਸ੍ਰੀ ਕਾਲਾ ਰਾਮ ਕਾਂਸਲ ਤੇ ਐਸ.ਡੀ.ਐਮ. ਨਾਭਾ ਜਸ਼ਨਪ੍ਰੀਤ ਗਿੱਲ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀ ਨਰਿੰਦਰ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਜਸਵਿੰਦਰ ਸਿੰਘ ਧਾਲੀਵਾਲ, ਖਰੀਦ ਏਜੰਸੀਆਂ ਪੰਜਾਬ ਐਗਰੋ ਦੇ ਡੀ.ਐਮ. ਲਖਵਿੰਦਰ ਸਿੰਘ, ਪਨਸਪ ਦੇ ਡੀ.ਐਮ. ਪ੍ਰਵੀਨ ਜੈਨ ਤੇ ਵੇਅਰਹਾਊਸ ਦੇ ਡੀ.ਐਮ. ਸ੍ਰੀ ਪ੍ਰਵੀਨ ਬਾਂਸਲ, ਲੇਖਾ ਅਫ਼ਸਰ ਰਕੇਸ਼ ਸ਼ਰਮਾ ਆਦਿ ਮੌਜੂਦ ਸਨ।