Patiala boy Amrit Paul passes away in Canada

March 31, 2018 - PatialaPolitics

ਬੀਤੇ ਦਿਨੀਂ ਪਟਿਆਲਾ ਵਾਸੀ ਨੌਜਵਾਨ ਅੰਮ੍ਰਿਤ ਪੌਲ ਪੁੱਤਰ ਸ਼੍ਰੀ ਦੀਦਾਰ ਸਿੰਘ ਜਿਸ ਦਾ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ ਦੀ ਮਿਰਤਕ ਦੇਹ ਅੱਜ ਪਟਿਆਲਾ ਅਮਨ ਨਗਰ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਬੜੇ ਹੀ ਗ਼ਮਗੀਨ ਮਾਹੌਲ ਵਿੱਚ ਪੁੱਜੀ ਅਤੇ ਰਾਜਪੁਰਾ ਰੋਡ ਤੇ ਸਥਿਤ ਵੀਰ ਜੀ ਸ਼ਮਸ਼ਾਨ ਵਿਖੇ ਮ੍ਰਿਤਕ ਦੇਹ ਦਾ ਪੂਰੀਆਂ ਧਾਰਮਿਕ ਰਹੂੰ ਰੀਤਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। 25 ਵਰ੍ਹਿਆਂ ਦਾ ਅੰਮ੍ਰਿਤ ਪੌਲ ਜੋ ਕੈਨੇਡਾ ਪੜ੍ਹਨ ਲਈ ਗਿਆ ਸੀ ਆਪਣੇ ਪਿਤਾ, ਮਾਤਾ, ਭੈਣ, ਰਿਸ਼ਤੇਦਾਰਾਂ ਤੇ ਮਿੱਤਰਾਂ ਨੂੰ ਸਦਾ ਲਈ ਵਿਛੋੜਾ ਦੇ ਗਿਆ।
ਜ਼ਿਕਰਯੋਗ ਹੈ ਕਿ 17 ਮਾਰਚ ਨੂੰ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਪਟਿਆਲਾ ਦੇ ਨੌਜਵਾਨ ਅੰਮ੍ਰਿਤ ਪੌਲ (25 ਸਾਲ) ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਅੰਮ੍ਰਿਤ ਪੌਲ ਦੀ ਮਿਰਤਕ ਦੇਹ ਕੈਨੇਡਾ ਤੋਂ ਦਿੱਲੀ 30 ਮਾਰਚ ਰਾਤ ਨੂੰ ਅੰਤਰ ਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ ਅਤੇ ਅੱਜ ਸਵੇਰੇ ਪਟਿਆਲਾ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੀ। ਅਮਨ ਨਗਰ ਸਥਿਤ ਗ੍ਰਹਿ ਤੋਂ ਇੱਕ ਵੱਡੇ ਕਾਫ਼ਲੇ ਦੇ ਰੂਪ ‘ਚ ਮ੍ਰਿਤਕ ਦੇਹ ਨੂੰ ਵੀਰ ਜੀ ਸ਼ਮਸ਼ਾਨਘਾਟ ਵਿਖੇ ਲਿਆਂਦਾ ਗਿਆ ਜਿਥੇ ਪੂਰੀਆਂ ਧਾਰਮਿਕ ਰਹੂੰ ਰੀਤਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਚਿਖਾ ਨੂੰ ਅਗਨੀ ਮਿਰਤਕ ਅੰਮ੍ਰਿਤ ਪੌਲ ਦੇ ਪਿਤਾ ਸ. ਦੀਦਾਰ ਸਿੰਘ ਨੇ ਦਿਖਾਈ।
ਅੰਤਿਮ ਸੰਸਕਾਰ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਉਨ੍ਹਾਂ ਦੇ ਓ.ਐਸ.ਡੀ. ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਦੀ ਤਰਫ਼ੋਂ ਮੇਅਰ ਪਟਿਆਲਾ ਸ਼੍ਰੀ ਸੰਜੀਵ ਕੁਮਾਰ ਬਿੱਟੂ ਨੇ ਮਿਰਤਕ ਦੇਹ ਉਪਰ ਦੁਸ਼ਾਲਾ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਮੈਂਬਰ ਪਾਰਲੀਮੈਂਟ ਧਰਮਵੀਰਾਂ ਗਾਧੀ ਨੇ ਮਿਰਤਕ ਦੇਹ ‘ਤੇ ਫੁੱਲ ਚੜ੍ਹਾਕੇ ਸ਼ਰਧਾਂਜਲੀ ਭੇਟ ਕੀਤੀ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਦੀ ਤਰਫ਼ੋਂ ਤਹਿਸੀਲਦਾਰ ਸ਼੍ਰੀ ਸੁਭਾਸ਼ ਭਾਰਦਵਾਜ, ਸੀਨੀਅਰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਤਰਫ਼ੋਂ ਉਨ੍ਹਾਂ ਦੇ ਓ.ਐਸ.ਡੀ. ਸ. ਜੋਗਿੰਦਰ ਸਿੰਘ ਕਾਕੜਾ, ਵਾਰਡ ਨੰਬਰ 17 ਦੇ ਕੌਂਸਲਰ ਸ਼੍ਰੀਮਤੀ ਪਰੋਮਿਲਾ ਮਹਿਤਾ, ਅਮਨ ਨਗਰ ਤੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼੍ਰੀ ਤਰਸੇਮ ਬੁੱਟਰ, ਸ਼੍ਰੀ ਸਤਪਾਲ ਮਹਿਤਾ ਸਮੇਤ ਵੱਡੀ ਗਿਣਤੀ ਧਾਰਮਿਕ, ਰਾਜਨੀਤਿਕ, ਸਮਾਜਿਕ ਸ਼ਖਸੀਅਤਾਂ ਤੇ ਪੀੜਤ ਪਰਿਵਾਰ ਦੇ ਰਿਸ਼ਤੇਦਾਰ, ਮਿੱਤਰਾ, ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਅਤੇ ਡੀ.ਐਮ.ਡਬਲਿਊ. ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀਆਂ ਸਮੇਤ ਸ਼ਹਿਰ ਵਾਸੀ ਅੰਮ੍ਰਿਤ ਪੌਲ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦੇਣ ਪਹੁੰਚੇ ਹੋਏ ਸਨ।
ਇਸ ਮੌਕੇ ਪਰਿਵਾਰ ਦੇ ਨਜ਼ਦੀਕੀ ਮੈਂਬਰਾਂ ਨੇ ਦੱਸਿਆਂ ਅੰਗੀਠਾ ਸੰਭਾਲਣ ਦੀ ਰਸਮ 1 ਅਪ੍ਰੈਲ ਨੂੰ ਸਵੇਰੇ 8 ਵਜੇ ਬੀਰ ਜੀ ਦੇ ਸ਼ਮਸ਼ਾਨ ਘਾਟ ਵਿਖੇ ਨਿਭਾਈ ਜਾਵੇਗੀ ਅਤੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 3 ਅਪ੍ਰੈਲ ਦਿਨ ਮੰਗਲਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਅਮਨ ਨਗਰ ਨਜ਼ਦੀਕ ਡੀ.ਐਮ.ਡਬਲਿਊ ਫਲਾਈਓਵਰ ਵਿਖੇ ਹੋਵੇਗਾ।