Patiala DC took stock of oxygen status 4 May

May 4, 2021 - PatialaPolitics

”ਪਟਿਆਲਾ ਜ਼ਿਲ੍ਹੇ ‘ਚ ਕਿਸੇ ਵੀ ਹੰਗਾਮੀ ਸਥਿਤੀ ਮੌਕੇ ਕੋਵਿਡ ਮਰੀਜਾਂ ਨੂੰ ਲੋੜੀਂਦੀ ਆਕਸੀਜਨ ਸਪਲਾਈ ਕਰਨ ਦੇ ਪ੍ਰਬੰਧ ਹਰ ਪੱਖੋਂ ਮੁਕੰਮਲ ਹਨ।” ਇਹ ਪ੍ਰਗਟਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕੀਤਾ। ਉਹ ਅੱਜ ਪਟਿਆਲਾ ਜ਼ਿਲ੍ਹੇ ‘ਚ ਆਕਸੀਜਨ ਸਪਲਾਈ ਅਤੇ ਸਟਾਕ ਦਾ ਜਾਇਜ਼ਾ ਲੈ ਰਹੇ ਸਨ।
ਇਸ ਤੋਂ ਪਹਿਲਾਂ ਸ੍ਰੀ ਕੁਮਾਰ ਅਮਿਤ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤੇ ਆਕਸੀਜਨ ਸਪਲਾਈ ਲਈ ਨੋਡਲ ਅਫ਼ਸਰ ਡਾ. ਪ੍ਰੀਤੀ ਯਾਦਵ, ਪੀ.ਆਰ.ਟੀ.ਸੀ. ਏ.ਐਮ.ਡੀ. ਨਿਤੇਸ਼ ਸਿੰਗਲਾ, ਜੋਨਲ ਡਰੱਗ ਲਾਇਸੈਂਸਿੰਗ ਅਥਾਰਟੀ ਨਵਜੋਤ ਕੌਰ, ਜ਼ਿਲ੍ਹਾ ਉਦਯੋਗ ਕੇਂਦਰ ਦੇ ਮੈਨੇਜਰ ਅੰਗਦ ਸਿੰਘ ਸੋਹੀ ਨਾਲ ਆਕਸੀਜਨ ਸਪਲਾਈ ਦਾ ਮੁਆਇਨਾ ਕਰਨ ਲਈ ਰਾਜਪੁਰਾ ਸਥਿਤ ਜੱਲਨ ਗੈਸ ਕੰਪਨੀ ਦੇ ਆਕਸੀਜਨ ਪਲਾਂਟ ਦਾ ਦੌਰਾ ਕੀਤਾ। ਉਨ੍ਹਾਂ ਨੇ ਕੰਪਨੀ ਦੇ ਐਮ.ਡੀ. ਐਸ.ਕੇ. ਜੱਲਨ ਤੇ ਰਾਜੀਵ ਜੱਲਨ ਨਾਲ ਮੀਟਿੰਗ ਕਰਕੇ ਤਰਲ ਮੈਡੀਕਲ ਆਕਸੀਜਨ ਦੇ ਸਟਾਕ ਤੇ ਉਤਪਾਦਨ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਕਸੀਜਨ ਸਬੰਧੀ ਕਿਸੇ ਵੀ ਅਫ਼ਵਾਹਾਂ ਨਾ ਫੈਲਾਉਣ ਅਤੇ ਨਾ ਹੀ ਆਕਸੀਜਨ ਸਬੰਧੀਂ ਅਜਿਹੀ ਕਿਸੇ ਗ਼ਲਤ ਜਾਣਕਾਰੀ ‘ਤੇ ਯਕੀਨ ਨਾ ਕਰਨ, ਕਿਉਂਕਿ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਸਮੇਤ ਬਾਕੀ ਸਰਕਾਰੀ ਤੇ ਨਿਜੀ ਹਸਪਤਾਲਾਂ ਦੇ ਕੋਵਿਡ ਵਾਰਡਾਂ ‘ਚ ਮਰੀਜਾਂ ਲਈ ਲੋੜੀਂਦੀ ਆਕਸੀਜਨ ਦੀ ਸਪਲਾਈ ਲਈ ਉਤਪਾਦਨ ਤੇ ਲੋੜੀਂਦੀ ਤਰਲ ਮੈਡੀਕਲ ਆਕਸੀਜਨ ਦਾ ਸਟਾਕ ਮੌਜੂਦ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ‘ਚ ਗੰਭੀਰ ਕੋਵਿਡ ਮਰੀਜਾਂ ਦੇ ਇਲਾਜ ਲਈ ਲੋੜੀਂਦੀ ਆਕਸੀਜਨ ਸਪਲਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਆਦੇਸ਼ਾਂ ਮੁਤਾਬਕ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ‘ਚ ਆਕਸੀਜਨ ਦੀ ਸਪਲਾਈ ‘ਤੇ ਨਿਗਰਾਨੀ ਲਈ ਜ਼ਿਲ੍ਹਾ ਕੰਟਰੋਲ ਰੂਮ ਸਥਾਪਤ ਕਰਨ ਦੇ ਨਾਲ-ਨਾਲ ਸਪਲਾਈ ਨਿਯੰਤਰਨ ਕਰਨ ਤੇ ਇਸਦਾ ਮੁਆਇਨਾ ਕਰਨ ਲਈ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੰਗਾਮੀ ਹਾਲਤ ‘ਚ ਮਰੀਜਾਂ ਨੂੰ ਕਿਸੇ ਵੀ ਸਰਕਾਰੀ ਜਾਂ ਨਿਜੀ ਹਸਪਤਾਲਾਂ ‘ਚ ਲੋੜੀਂਦੀ ਆਕਸੀਜਨ ਪੁੱਜਦੀ ਕਰਨ ਲਈ 24 ਘੰਟੇ ਆਕਸੀਜਨ ਬੈਂਕ ਸੇਵਾ ‘ਆਕਸੀਜਨ ਆਨ ਵੀਲ’ ਸ਼ੁਰੂ ਕੀਤੀ ਗਈ ਹੈ। ਜਦਕਿ ਕੋਵਿਡ ਸਬੰਧੀ ਪੁੱਛ ਗਿੱਛ ਲਈ ਹੈਲਪ ਲਾਈਨ ਨੰਬਰ 0175-2350550 ਅਤੇ ਆਕਸੀਜਨ ਲਈ ਹੈਲਪ ਲਾਈਨ ਨੰਬਰ 62843-57500 ਸਥਾਪਤ ਵੀ ਕੀਤਾ ਗਿਆ ਹੈ।