Patiala Politics

Patiala News Politics

Patiala DC visits new bus stand site


ਇੱਥੇ ਰਾਜਪੁਰਾ ਬਾਈਪਾਸ ਨੇੜੇ ਲੋਕ ਨਿਰਮਾਣ ਵਿਭਾਗ ਵੱਲੋਂ 60.97 ਕਰੋੜ ਰੁਪਏ ਦੀ ਲਾਗਤ ਉਸਾਰੇ ਜਾ ਰਹੇ ਅਤਿ-ਆਧੁਨਿਕ ਨਵੇਂ ਬੱਸ ਅੱਡੇ ਦੀ ਉਸਾਰੀ ਦਾ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਉਸਾਰੀ ਕਾਰਜ ਦਾ ਜਾਇਜ਼ਾ ਲੈਂਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕੰਮ ਦੀ ਪ੍ਰਗਤੀ ‘ਤੇ ਤਸੱਲੀ ਦਾ ਇਜ਼ਹਾਰ ਕੀਤਾ। ਇਸ ਮੌਕੇ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੱਸ ਅੱਡੇ ਦੀ ਉਸਾਰੀ ਦਾ ਕਾਰਜ ਮਿਥੇ ਸਮੇਂ ਦੇ ਅੰਦਰ-ਅੰਦਰ ਪੂਰਾ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਦਾ ਇਹ ਨਵਾਂ ਬੱਸ ਅੱਡਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਮਈ ਪ੍ਰਾਜੈਕਟ ਹੈ, ਜਿਸ ਦੀ ਉਸਾਰੀ ਲਈ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵਿਸ਼ੇਸ਼ ਰੁਚੀ ਪ੍ਰਗਟਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਸ ਨਮੂਨੇ ਦੇ ਬੱਸ ਅੱਡੇ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਤਾਂ ਕਿ ਪਟਿਆਲਾ ਸ਼ਹਿਰ ਵਾਸੀਆਂ ਅਤੇ ਹੋਰ ਸਵਾਰੀਆਂ ਨੂੰ ਨਵੇਂ ਬੱਸ ਅੱਡੇ ਵਿਖੇ ਅਤਿ ਆਧੁਨਿਕ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 8.51 ਏਕੜ ਰਕਬੇ ‘ਚ ਬਣਨ ਵਾਲੇ ਇਸ ਨਵੇਂ ਬੱਸ ਅੱਡੇ ‘ਚ ਟਰਾਂਸਪੋਰਟ ਅਮਲੇ, ਸਵਾਰੀਆਂ ਦੇ ਦੋ-ਚਾਰ ਪਹੀਆ ਵਾਹਨਾਂ ਆਦਿ ਦੀ ਬੇਸਮੈਂਟ ਪਾਰਕਿੰਗ, ਲਿਫ਼ਟਾਂ, ਜਮੀਨੀ ਮੰਜਲ ‘ਤੇ ਬੱਸ ਰੈਂਪ, ਬੱਸਾਂ ਖੜ੍ਹਨ ਲਈ ਬੇਅ, ਦੁਕਾਨਾਂ, ਇਲੈਕਟ੍ਰਿਕ ਪੈਨਲ ਰੂਮ, ਪੌੜੀਆਂ, ਸਵਾਰੀਆਂ ਦੇ ਬੱਸਾਂ ‘ਚੋਂ ਉਤਰਨ ਲਈ ਜਗ੍ਹਾ, ਵਰਕਸ਼ਾਪ, ਤੇਲ ਪੰਪ, ਬੱਸਾਂ ਧੋਹਣ ਦਾ ਡੱਗ, ਪਹਿਲੀ ਮੰਜ਼ਿਲ ‘ਤੇ ਸ਼ੋਅ ਰੂਮਜ, ਉਡੀਕ ਹਾਲ, ਫੂਡ ਕੋਰਟਸ, ਦੂਜੀ ਮੰਜ਼ਿਲ ‘ਤੇ ਪ੍ਰਬੰਧਕੀ ਬਲਾਕ, ਕੈਸ਼ ਤੇ ਬਿਲ ਬਰਾਂਚ, ਰਿਕਾਰਡ ਰੂਮ ਆਦਿ ਬਣਾਏ ਜਾਣਗੇ ਅਤੇ ਛੱਤ ‘ਤੇ ਸੋਲਰ ਪੈਨਲ ਲੱਗਣਗੇ।
ਇਸ ਮੌਕੇ ਲੋਕ ਨਿਰਮਾਣ ਵਿਭਾਗ (ਪ੍ਰੋਵਿੰਸੀਅਲ ਡਿਵੀਜਨ ਨੰਬਰ-1) ਦੇ ਕਾਰਜਕਾਰੀ ਇੰਜੀਨੀਅਰ ਇੰਜ. ਐਸ.ਐਲ. ਗਰਗ ਨੇ ਡਿਪਟੀ ਕਮਿਸ਼ਨਰ ਨੂੰ ਜਨਵਰੀ ਮਹੀਨੇ ਸ਼ੁਰੂ ਹੋਏ ਉਸਾਰੀ ਕਾਰਜ ਦੀ ਪ੍ਰਗਤੀ ਤੋਂ ਜਾਣੂ ਕਰਵਾਇਆ ਅਤੇ ਭਰੋਸਾ ਦਿੱਤਾ ਕਿ ਬੱਸ ਅੱਡੇ ਦੇ ਉਸਾਰੀ ਕਾਰਜ ‘ਚ ਗੁਣਵੱਤਾ ਨੂੰ ਯਕੀਨੀ ਬਣਾਉਂਦੇ ਹੋਏ ਕਾਰਜ ਸਮੇਂ ਸਿਰ ਮੁਕੰਮਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੱਸ ਅੱਡੇ ਦੀ ਉਸਾਰੀ ਲਈ ਭੁਚਾਲ ਆਦਿ ਤੋਂ ਬਚਣ ਲਈ ਡਿਜਾਇਨ ਤਿਆਰ ਕਰਕੇ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਬਾਰੀਕੀ ਨਾਲ ਚੈਕ ਕਰਵਾਇਆ ਗਿਆ ਹੈ।
ਸ੍ਰੀ ਗਰਗ ਨੇ ਦੱਸਿਆ ਕਿ ਇਸ ਸਮੇਂ ਬਾਹਰੀ ਚਾਰਦਿਵਾਰੀ ਅਤੇ ਬੇਸਮੈਂਟ ਦੀ ਨੀਂਹ ਦਾ ਕੰਮ ਪ੍ਰਗਤੀ ਅਧੀਨ ਹੈ ਅਤੇ ਵਿਭਾਗ ਨੇ ਇਸ ਕੰਮ ਦੀ ਨਿਗਰਾਨੀ ਲਈ ਕੁਆਲਿਟੀ ਕੰਟਰੋਲ ਸਲਾਹਕਾਰ ਤਾਇਨਾਤ ਕਰ ਦਿਤਾ ਹੈ ਜਦਕਿ ਕੰਮ ਕਰ ਰਹੀ ਏਜੰਸੀ ਨੇ ਸਾਈਟ ‘ਤੇ ਆਰ.ਸੀ.ਸੀ. ਤਿਆਰ ਲਈ ਕੰਕਰੀਟ ਆਟੋਮੈਟਿਕ ਪਲਾਂਟ ਲਗਾ ਦਿੱਤਾ ਹੈ ਤਾਂ ਜੋ ਕੰਮ ‘ਚ ਹੋਰ ਤੇਜੀ ਲਿਆਂਦੀ ਜਾ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਈ. ਇੰਜ. ਐਮ.ਕੇ. ਗਰਗ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Facebook Comments