Patiala gets new animal birth control center

January 25, 2019 - PatialaPolitics

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਅਤਿ ਆਧੁਨਿਕ ਅਤੇ ਬਿਹਤਰ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਿਟੀ (ਪੀ.ਡੀ.ਏ) ਵੱਲੋਂ ਪਟਿਆਲਾ ਦੇ ਪਿੰਡ ਫਲੌਲੀ ਵਿਖੇ ਵਿਕਸਤ ਕੀਤੇ ਜਾ ਰਹੇ ਅਰਬਨ ਅਸਟੇਟ ਦੇ ਚੌਥੇ ਫ਼ੇਜ਼ ‘ਚ 29.03 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ।

ਪੰਜਾਬੀ ਯੂਨੀਵਰਸਿਟੀ ਦੇ ਪਿਛਲੇ ਪਾਸੇ ਸਾਧੂਬੇਲਾ ਰੋਡ ਤੋਂ 60 ਫੁੱਟ ਚੌੜੀ ਸੜਕ ਨਾਲ ਜੁੜਨ ਵਾਲੇ ਅਤੇ 76 ਏਕੜ ਜਮੀਨ ਵਿੱਚ ਜਮੀਨ ਮਾਲਕਾਂ ਦੇ ਸਹਿਯੋਗ ਨਾਲ ਲੈਂਡ ਪੂਲਿੰਗ ਸਕੀਮ ਤਹਿਤ ਵਿਕਸਤ ਹੋਣ ਵਾਲੇ ਇਸ ਨਵੇਂ ਅਰਬਨ ਅਸਟੇਟ ਫ਼ੇਜ਼ 4 ‘ਚ 445 ਰਿਹਾਇਸ਼ੀ ਤੇ ਵਪਾਰਕ ਪਲਾਟ ਕੱਟੇ ਗਏ ਹਨ, ਜਿਨ੍ਹਾਂ ‘ਚ 348 ਰਿਹਾਇਸ਼ੀ ਅਤੇ 97 ਵਪਾਰਕ ਪਲਾਟ ਸ਼ਾਮਲ ਹਨ।
ਰੇਰਾ ਐਕਟ ਤਹਿਤ ਹਰ ਤਰ੍ਹਾਂ ਦੀਆਂ ਪ੍ਰਵਾਨਗੀਆਂ ਮਗਰੋਂ ਕੱਟੀ ਜਾ ਰਹੀ ਇਸ ਕਲੋਨੀ ਵਿਖੇ ਪਲਾਟ ਲੈਣ ਵਾਲਿਆਂ ਨੂੰ ਅਤਿਆਧੁਨਿਕ ਸਹੂਲਤਾਂ ਮਿਲਣਗੀਆਂ। ਪੀ.ਡੀ.ਏ. ਵੱਲੋਂ ਇਸ ਨੂੰ ਵਿਕਸਿਤ ਕਰਨ ਲਈ 23.34 ਕਰੋੜ ਰੁਪਏ ਦੇ ਪ੍ਰਾਜੈਕਟ ਅਰੰਭੇ ਗਏ ਹਨ ਅਤੇ ਇਹ ਕਲੋਨੀ 30 ਅਪ੍ਰੈਲ 2020 ਦੇ ਅਪ੍ਰੈਲ ਤੱਕ ਮੁਕੰਮਲ ਹੋ ਜਾਵੇਗੀ।
ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਥੇ ਪਾਸੀ ਰੋਡ ‘ਤੇ ਸਥਿਤ ਪਟਿਆਲਾ ਦੇ ਪੁਰਾਣੇ ਸਰਕਾਰੀ ਕੋ-ਐੱਡ ਮਲਟੀਪਰਪਜ਼ ਸੈਕੰਡਰੀ ਸਕੂਲ ਵਿਖੇ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ‘ਅਟਲ ਟਿੰਕਰਿੰਗ ਲੈਬਾਰਟਰੀ’ ਵੀ ਵਿਦਿਆਰਥੀਆਂ ਦੇ ਸਪੁਰਦ ਕੀਤੀ। ਇਸ ਰਾਸ਼ੀ ‘ਚ 12 ਲੱਖ ਰੁਪਏ ਨੀਤੀ ਆਯੋਗ ਵੱਲੋਂ ਮੁਹੱਈਆ ਕਰਵਾਏ ਜਾਣੇ ਹਨ ਜਦੋਂਕਿ ਬਾਕੀ ਰਾਸ਼ੀ ਸਥਾਨਕ ਪੱਧਰ ‘ਤੇ ਉਪਲਬਧ ਕਰਵਾਈ ਜਾਵੇਗੀ।
ਏ.ਟੀ.ਐਲ. ਲੈਬ ਦਾ ਉਦੇਸ਼ ਸਰਕਾਰੀ ਸਕੂਲ ਦੇ ਵਿਦਿਆਰਥੀ ਨਿਜੀ ਸਕੂਲਾਂ ਦੇ ਵਿਦਿਆਰਥੀਆਂ ਦਾ ਮੁਕਾਬਲਾ ਕਰ ਸਕਣ ਅਤੇ ਉਨ੍ਹਾਂ ਦੇ ਅੰਦਰ ਛੁਪੀ ਕਲਾਤਮਿਕਤਾ ਨੂੰ ਉਜ਼ਾਗਰ ਕਰਦਿਆਂ ਉਨ੍ਹਾਂ ਨੂੰ ਹੁਨਰਮੰਦ ਬਣਾਉਣਾ ਰੱਖਿਆ ਗਿਆ ਹੈ। ਅਟਲ ਇਨੋਵੇਸ਼ਨ ਮਿਸ਼ਨ ਤਹਿਤ ਸਥਾਪਤ ਕੀਤੀ ਗਈ ਇਸ ਲੈਬ ਜਰੀਏ ਵਿਦਿਆਰਥੀਆਂ ‘ਚ ਹੋਰ ਜਾਨਣ ਦੀ ਜਗਿਆਸਾ ਜਗਾਉਣ ਦੇ ਨਾਲ-ਨਾਲ ਕੁਝ ਨਵਾਂ ਕਰਨ ਸਮੇਤ ਨੌਜਵਾਨ ਮਨਾਂ ‘ਚ ਨਵੀਆਂ ਕਾਢਾਂ ਕੱਢਣ ਲਈ ਉਤਸ਼ਾਹ ਪੈਦਾ ਕੀਤੀ ਜਾਵੇਗੀ। ਇਸ ਤੋਂ ਬਿਨ੍ਹਾਂ ਇਸ ਲੈਬ ਵਿਖੇ ਵਿਦਿਆਰਥੀ ਇੰਟਰਨੈਟ, ਰੋਬੋਟਿਕਸ, ਡਰੋਨ, ਬਾਇਓ ਟੈਕਨਾਲੋਜੀ ਅਤੇ ਇਲੈਕਟ੍ਰੋਨਿਕਸ ਵਿਸ਼ਿਆਂ ‘ਤੇ ਵੀ ਖੋਜ਼ ਕਾਰਜ ਕਰਨਗੇ।
ਇਸ ਮੌਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਇਸ ਸਕੂਲ ਦੇ ਦਸਵੀਂ, ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ 900 ਇਲੈਕਟ੍ਰੋਨਿਕ ਟੈਬਲੇਟਸ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਇਸ ਮੌਕੇ ਇਸ ਸਕੂਲ ‘ਚ ਈ-ਲਾਇਬ੍ਰੇਰੀ ਵੀ ਵਿਦਿਆਰਥੀਆਂ ਦੇ ਸਪੁਰਦ ਕੀਤੀ, ਜਿਥੇ 30 ਟੈਬਲੇਟਸ ਅਤੇ 25 ਲੈਪਟਾਪਸ ਦੇ ਜਰੀਏ ਅਣਗਿਣਤ ਡਿਜ਼ੀਟਲ ਕਿਤਾਬਾਂ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਥੇ ਹੀ ਵਿਦਿਆਰਥੀਆਂ ਨੂੰ ਆਨ-ਲਾਇਨ ਢੰਗ ਨਾਲ ਸਿੱਖਿਅਤ ਕੀਤਾ ਜਾਵੇਗਾ ਅਤੇ ਉਹ ਪੁਸਤਕਾਂ ਪੜ੍ਹਨ ਸਮੇਤ ਇਨ੍ਹਾਂ ਦਾ ਪ੍ਰਿੰਟ ਵੀ ਲੈ ਸਕਣਗੇ।
ਇਸੇ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅਵਾਰਾ ਕੁੱਤਿਆਂ ਦੀ ਸਮੱਸਿਆ ‘ਤੇ ਕਾਬੂ ਪਾਉਣ ਲਈ ਨਗਰ ਨਿਗਮ ਵੱਲੋਂ ਇਥੇ ਸਰਕਾਰੀ ਵੈਟਰਨਰੀ ਪੋਲੀਕਲੀਨਿਕ ਵਿਖੇ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਨਵੇਂ ਐਨੀਮਲ ਬਰਥ ਕੰਟਰੋਲ ਸੈਂਟਰ ਨੂੰ ਵੀ ਪਟਿਆਲਾ ਸ਼ਹਿਰ ਵਾਸੀਆਂ ਦੇ ਸਮਰਪਿਤ ਕੀਤਾ। ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਏ.ਬੀ.ਸੀ. ਡਾਗਜ ਨਿਯਮ 2001 ਤਹਿਤ ਲਾਜਮੀ ਕੀਤੇ ਗਏ ਇਸ ਪ੍ਰੋਗਰਾਮ ਦੇ ਲਾਗੂ ਹੋਣ ਨਾਲ ਪਟਿਆਲਾ ਸ਼ਹਿਰ ਵਾਸੀਆਂ ਨੂੰ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਨਿਜ਼ਾਤ ਮਿਲੇਗੀ। ਮੁੱਖ ਮੰਤਰੀ ਵੱਲੋਂ ਇਸ ਕਾਰਜ ਲਈ 25 ਲੱਖ ਰੁਪਏ ਦੀ ਗ੍ਰਾਂਟ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੂੰ ਸੌਂਪੀ ਗਈ ਸੀ।
ਇਸ ਏ.ਬੀ.ਸੀ. ਸੈਂਟਰ ਵਿਖੇ ਐਨੀਮਲ ਵੈਲਫੇਅਰ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੁੱਤਿਆਂ ਅਤੇ ਕੁੱਤੀਆਂ ਦੇ ਅਤਿਆਧੁਨਿਕ ਉਪਕਰਨਾਂ ਨਾਲ ਮਾਹਰ ਵੈਟਰਨਰੀ ਡਾ. ਅੰਕਿਤ ਨਾਰੰਗ ਦੀ ਟੀਮ ਵੱਲੋਂ ਉਪਰੇਸ਼ਨ ਕਰਕੇ ਉਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਨਗਰ ਨਿਗਮ ਦੇ ਸਿਹਤ ਅਫ਼ਸਰ ਡਾ. ਸੁਦੇਸ਼ ਪ੍ਰਤਾਪ ਸਿੰਘ ਦੀ ਰਹਿਨੁਮਾਈ ਹੇਠ ਚੱਲਣ ਵਾਲੇ ਇਸ ਸੈਂਟਰ ‘ਚ ਹਲਕੇ ਕੁੱਤਿਆਂ ਨੂੰ ਵੀ ਰੱਖਣ ਦਾ ਪ੍ਰਬੰਧ ਹੋਵੇਗਾ। ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚੋਂ ਪੜਾਅਵਾਰ ਅਵਾਰਾ ਕੁੱਤਿਆਂ ਨੂੰ ਲਿਆ ਕੇ ਉਨ੍ਹਾਂ ਦੇ ਉਪਰੇਸ਼ਨ ਕੀਤੇ ਜਾਣਗੇ ਅਤੇ ਪ੍ਰਤੀ ਮਹੀਨਾ 400 ਡਾਗਜ਼ ਦੇ ਉਪਰੇਸ਼ਨ ਕਰਨਾ ਟੀਚਾ ਮਿਥਿਆ ਗਿਆ ਹੈ ਤਾਂ ਕਿ 2020 ਤੱਕ ਕੁੱਤਿਆਂ ਦੇ ਕੱਟਣ ਦੇ ਮਾਮਲੇ ਘੱਟ ਤੋਂ ਘੱਟ ਕੀਤੇ ਜਾ ਸਕਣ। ਇਥੇ ਪ੍ਰਤੀ ਦਿਨ 16 ਅਵਾਰਾ ਕੁੱਤੇ-ਕੁੱਤਿਆਂ ਦੇ ਉਪਰੇਸ਼ਨ ਕੀਤੇ ਜਾ ਸਕਣਗੇ ਅਤੇ ਇੱਕੋ ਸਮੇਂ 85 ਡਾਗਜ਼ ਇਥੇ ਸੰਭਾਲਣ ਦੇ ਪ੍ਰਬੰਧ ਕੀਤੇ ਗਏ ਹਨ।
ਇਨ੍ਹਾਂ ਸਮਾਗਮਾਂ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਸ. ਹਰਿੰਦਰਪਾਲ ਸਿੰਘ ਹੈਰੀਮਾਨ, ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਪਟਿਆਲਾ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿੰਤੀ ਸੰਗਰ ਸਮੇਤ ਸ਼ਹਿਰ ਦੇ ਸਮੁੱਚੇ ਕੌਂਸਲਰ ਵੀ ਹਾਜ਼ਰ ਸਨ, ਜਿਨ੍ਹਾਂ ਨਾਲ ਮੁੱਖ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕੀਤੀ।
ਮੁੱਖ ਮੰਤਰੀ ਨਾਲ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ, ਡੀ.ਜੀ.ਐਸ.ਈ. ਸ੍ਰੀ ਪ੍ਰਸ਼ਾਤ ਗੋਇਲ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਤੇ ਸ੍ਰੀ ਰਾਜੇਸ਼ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਸ੍ਰੀ ਪੀ.ਕੇ. ਪੁਰੀ, ਪਟਿਆਲਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਦਿਹਾਤੀ ਕਾਂਗਰਸ ਦੇ ਪ੍ਰਧਾਨ ਸ. ਗੁਰਦੀਪ ਸਿੰਘ ਊਂਟਸਰ, ਮਹਿਲਾ ਕਾਂਗਰਸ ਦੀ ਸ਼ਹਿਰੀ ਪ੍ਰਧਾਨ ਸ੍ਰੀਮਤੀ ਕਿਰਨ ਢਿੱਲੋਂ, ਜ਼ਿਲ੍ਹਾ ਪ੍ਰੀਸ਼ਦ ਸ੍ਰੀ ਗਗਨਦੀਪ ਸਿੰਘ ਜੌਲੀ ਜਲਾਲਪੁਰ, ਐਸ.ਸੀ. ਸੈਲ ਦੇ ਚੇਅਰਮੈਨ ਸ੍ਰੀ ਸੋਨੂੰ ਸੰਗਰ, ਸ੍ਰੀ ਬਲਵਿੰਦਰ ਅੱਤਰੀ, ਸ੍ਰੀ ਕੇ.ਕੇ. ਸਹਿਗਲ ਨੇ ਵੀ ਸ਼ਮੂਲੀਅਤ ਕੀਤੀ।
ਜਦੋਂਕਿ ਇਸ ਮੌਕੇ ਡਵੀਜਨਲ ਕਮਿਸ਼ਨਰ ਸ. ਦੀਪਿੰਦਰ ਸਿੰਘ, ਆਈ.ਜੀ. ਸ. ਏ.ਐਸ. ਰਾਏ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਪੀ.ਡੀ.ਏ ਦੇ ਮੁੱਖ ਪ੍ਰਸ਼ਾਸ਼ਕ ਸ. ਹਰਪ੍ਰੀਤ ਸਿੰਘ ਸੂਦਨ, ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਇੰਪਰੂਵਮੈਂਟ ਟਰਸਟ ਦੀ ਚੇਅਰਪਰਸਨ ਸੁਰਭੀ ਮਲਿਕ, ਏ.ਡੀ.ਸੀ. (ਜ) ਸ੍ਰੀ ਸ਼ੌਕਤ ਅਹਿਮਦ ਪਰੇ, ਏ.ਡੀ.ਸੀ. (ਡੀ) ਸ੍ਰੀਮਤੀ ਪੂਨਮਦੀਪ ਕੌਰ, ਸਹਾਇਕ ਕਮਿਸ਼ਨਰ ਆਈ.ਏ.ਐਸ. ਸ੍ਰੀ ਰਾਹੁਲ ਸਿੰਧੂ, ਐਸ.ਡੀ.ਐਮ. ਸ. ਅਨਮੋਲ ਸਿੰਘ ਧਾਲੀਵਾਲ, ਨਗਰ ਨਿਗਮ ਦੇ ਐਸ.ਈ. ਇੰਜ. ਐਮ.ਐਮ. ਸਿਆਲ, ਹੈਲਥ ਅਫ਼ਸਰ ਡਾ. ਸੁਦੇਸ਼ ਪ੍ਰਤਾਪ ਸਿੰਘ, ਡਾ. ਅੰਕਿਤ ਨਾਰੰਗ, ਮਲਟੀਪਰਪਜ ਸਕੂਲ ਦੇ ਪ੍ਰਿੰਸੀਪਲ ਸ. ਤੋਤਾ ਸਿੰਘ ਸਮੇਤ ਵੱਡੀ ਗਿਣਤੀ ‘ਚ ਵਿਦਿਆਰਥੀ, ਅਧਿਆਪਕ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।