Patiala Heritage Festival Saras Mela 2019 details

February 1, 2019 - PatialaPolitics

ਪਟਿਆਲਾ ਦੀਆਂ ਵਿਰਾਸਤੀ ਇਮਾਰਤਾਂ ਵਿੱਚ ਫਰਵਰੀ ਮਹੀਨੇ ਅੰਦਰ ਦੋ ਵੱਡੇ ਸਮਾਗਮ ਕਰਵਾਏ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ 19 ਫਰਵਰੀ ਤੋਂ 4 ਮਾਰਚ ਤੱਕ ਕਰਾਫਟ ਮੇਲਾ ਲਗਾਇਆ ਜਾ ਰਿਹਾ ਹੈ ਅਤੇ ਕਿਲ੍ਹਾ ਮੁਬਾਰਕ ਵਿਖੇ 19 ਤੋਂ 24 ਫਰਵਰੀ ਤੱਕ ਵਿਰਾਸਤੀ ਉਤਸਵ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਸਬੰਧੀ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ।

ੱਜ ਕਰਾਫਟ ਮੇਲੇ ਦੇ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸ਼ੌਕਤ ਅਹਿਮਦ ਪਰੇ ਨੇ ਇਸ ਮੇਲੇ ਦੀਆਂ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਸ਼ੀਸ਼ ਮਹਿਲ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਇਸ ਮੌਕੇ ਸ੍ਰੀ ਪਰੇ ਨੇ ਇਸ ਮੇਲੇ ਨੂੰ ਕਰਵਾਉਣ ਲਈ ਗਠਿਤ ਕਮੇਟੀਆਂ ਦੇ ਮੈਂਬਰ ਅਧਿਕਾਰੀਆਂ ਨੂੰ ਸੌਂਪੀਆਂ ਜਿੰਮੇਵਾਰੀਆਂ ਦਾ ਜਾਇਜਾ ਲਿਆ ਅਤੇ ਹਦਾਇਤ ਕੀਤੀ ਕਿ ਤਿਆਰੀਆਂ ‘ਚ ਕਿਸੇ ਕਿਸਮ ਦੀ ਕੋਈ ਢਿੱਲ-ਮੱਠ ਨਾ ਵਰਤੀ ਜਾਵੇ ਅਤੇ ਸਾਰੇ ਪ੍ਰਬੰਧ ਸਮੇਂ ਤੋਂ ਪਹਿਲਾ ਮੁਕੰਮਲ ਕਰ ਲਏ ਜਾਣ।

ਸ੍ਰੀ ਪਰੇ ਨੇ ਹਦਾਇਤ ਕੀਤੀ ਕਿ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਹਰ ਅਧਿਕਾਰੀ ਅਤੇ ਕਰਮਚਾਰੀ ਆਪਣੀ ਜਿੰਮੇਵਾਰੀ ਤੇ ਤਨਦੇਹੀ ਅਤੇ ਆਪਸੀ ਤਾਲਮੇਲ ਨਾਲ ਨਿਭਾਵੇ ਤਾਂ ਕਿ ਦਸਤਕਾਰੀ ਮੇਲੇ ਨੂੰ ਨਿਰਵਿਘਨਤਾ ਨਾਲ ਨੇਪਰੇ ਚੜ੍ਹਾਇਆ ਜਾ ਸਕੇ। ਸ੍ਰੀ ਪਰੇ ਨੇ ਦੱਸਿਆ ਕਿ ਕਰਾਫਟ ਮੇਲੇ ਦੌਰਾਨ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਲੋਕ ਨਾਚਾਂ ਅਤੇ ਲੋਕ ਕਲਾਵਾਂ ਦੇ ਕਲਾਕਾਰ ਆਪਣੀਆਂ ਵੰਨਗੀਆਂ ਪੇਸ਼ ਕਰਨਗੇ ਅਤੇ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਦੀਆਂ ਦਸਤਕਾਰੀ ਵਸਤਾਂ ਦਰਸ਼ਕਾਂ ਦੇ ਖਰੀਦਣ ਲਈ ਸਟਾਲਾਂ ‘ਤੇ ਸਜਾਈਆਂ ਜਾਣਗੀਆਂ।
ਇਸ ਮੌਕੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਚਰਨਜੋਤ ਸਿੰਘ ਵਾਲੀਆ, ਡੀ.ਡੀ.ਪੀ.ਓ. ਸੁਰਿੰਦਰ ਸਿੰਘ ਢਿੱਲੋਂ, ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ ਸਮੇਤ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਸਨ।