Patiala MC Elections: Meeting of Political parties

December 9, 2017 - PatialaPolitics

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

ਚੋਣਾਂ ਪੂਰੀ ਪਾਰਦਰਸ਼ਤਾ ਨਾਲ ਹੋਣਗੀਆ: ਜ਼ਿਲ੍ਹਾ ਚੋਣ ਅਧਿਕਾਰੀ

-ਚੋਣ ਅਬਜਰਵਰ ਆਈ.ਏ.ਐਸ. ਅਧਿਕਾਰੀ ਸੀ. ਸਿਬਨ ਦੀ ਮੌਜੂਦਗੀ ਵਿੱਚ ਸਿਆਸੀ ਪਾਰਟੀਆਂ ਨਾਲ ਹੋਈ ਮੀਟਿੰਗ

ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੀਆਂ ਨਾਲ ਜ਼ਿਲ੍ਹਾ ਪ੍ਰਸਾਸ਼ਨ ਦੀ ਹੋਈ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਕਮ-ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਸਮੇਤ ਘਨੌਰ ਅਤੇ ਘੱਗਾ ਨਗਰ ਪੰਚਾਇਤਾਂ ਦੀਆਂ ਚੋਣਾਂ ਪੂਰੀ ਤਰ੍ਹਾਂ ਨਾਲ ਆਜਾਦ ਅਤੇ ਨਿਰਪੱਖਤਾ ਨਾਲ ਸਿਰੇ ਚੜਾਈਆਂ ਜਾਣਗੀਆਂ । ਉਹਨਾਂ ਸਿਆਸੀ ਪਾਰਟੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਚੋਣਾਂ ਪੂਰੀ ਪਾਰਦਰਸ਼ਤਾ ਨਾਲ ਹੋਣਗੀਆ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਸਿਆਸੀ ਪਾਰਟੀਆਂ ਵੱਲੋਂ ਲਾਊਡ ਸਪੀਕਰ ਦੀ ਪ੍ਰਵਾਨਗੀ ਦੇਣ ਸਬੰਧੀ ਕੀਤੇ ਗਏ ਸਵਾਲਾਂ ‘ਤੇ ਸਪੱਸਟ ਕੀਤਾ ਕਿ ਫਿਲਹਾਲ ਇਲਾਕੇ ਦੇ ਐਸ.ਡੀ.ਐਮ. ਵੱਲੋਂ ਹੀ ਇਹ ਪ੍ਰਵਾਨਗੀ  ਦਿੱਤੀ ਜਾਵੇਗੀ ਲੇਕਿਨ ਰੈਲੀ ਕਰਨ ਦੀ ਪ੍ਰਵਾਨਗੀ ਰਿਟਰਨਿੰਗ ਅਧਿਕਾਰ ਦੇਣਗੇ। ਉਹਨਾਂ ਦੱਸਿਆ ਕਿ ਜਲਦੀ ਹੀ ਚੋਣ ਕਮਿਸ਼ਨ ਵੱਲੋਂ ਲਾਊਡ ਸਪੀਕਰ ਦੀ ਪ੍ਰਵਾਨਗੀ ਦੇਣ ਦੇ ਅਧਿਕਾਰ ਸਬੰਧ ਰਿਟਰਨਿੰਗ ਅਧਿਕਾਰੀਆਂ ਨੂੰ ਦੇਣ ਦੇ ਆਦੇਸ਼ ਜਾਰੀ ਹੋ ਜਾਣਗੇ। ਇਸ ਤੋਂ ਬਾਅਦ ਆਰ.ਓ. ਹੀ ਇਸ ਤਰ੍ਹਾਂ ਦੀ ਪ੍ਰਵਾਨਗੀ ਦਿਆ ਕਰਨਗੇ।

ਪਟਿਆਲਾ ਜ਼ਿਲ੍ਹੇ ਦੇ ਚੋਣ ਅਬਜਰਵਰ ਆਈ.ਏ.ਐਸ. ਅਧਿਕਾਰੀ ਸੀ. ਸਿਬਨ ਦੀ ਮੌਜੂਦਗੀ ਵਿੱਚ ਸਿਆਸੀ ਪਾਰਟੀਆਂ ਨਾਲ ਹੋਈ ਮੀਟਿੰਗ ‘ਚ ਸ਼੍ਰੀ ਕੁਮਾਰ ਅਮਿਤ ਨੇ ਵੀਡੀਓ ਗ੍ਰਾਫੀ ਕਰਨ ਦੇ ਸਬੰਧ ਵਿੱਚ ਦੱਸਿਆ ਕਿ ਕੋਈ ਵੀ ਵਿਅਕਤੀ ਪੋਲਿੰਗ ਸਟੇਸ਼ਨ ਦੇ ਬਾਹਰ ਵੀਡੀਓ ਬਣਾ ਸਕਦਾ ਹੈ ਪਰ ਬੂਥ ਦੇ ਅੰਦਰ ਨਹੀਂ। ਉਹਨਾਂ ਦੱਸਿਆ ਕਿ ਹਰ ਆਰ.ਓ. ਨਾਲ ਇੱਕ ਪੁਲਿਸ ਅਧਿਕਾਰ ਦੀ ਤੈਨਾਤੀ ਕੀਤੀ ਗਈ ਹੈ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਆਰ.ਓ. ਕੋਲ ਦਰਜ਼ ਕਰਵਾ ਸਕਦਾ ਹੈ। ਲੋੜ ਪੈਣ ‘ਤੇ ਨਾਲ ਤੈਨਾਤ ਕੀਤਾ ਗਿਆ ਪੁਲਿਸ ਅਧਿਕਾਰੀ ਸ਼ਿਕਾਇਤ ਨੂੰ ਦਰਜ਼ ਵੀ ਕਰੇਗਾ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਉਹਨਾਂ ਨੂੰ ਵੀ ਸ਼ਿਕਾਇਤ ਦਿੱਤੀ ਜਾ ਸਕਦੀ ਹੈ।

ਇਸ ਮੌਕੇ ਸਿਆਸੀ ਪਾਰਟੀਆਂ ਦੇ ਨੁਮਾਇੰਦੀਆਂ ਚੋਂ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੀ ਰਣਧੀਰ ਸਿੰਘ ਰੱਖੜਾ ਅਤੇ ਸ਼੍ਰੀ ਨਰਦੇਵ ਸਿੰਘ ਆਕੜੀ, ਆਮ ਆਦਮੀ ਪਾਰਟੀ ਵੱਲੋਂ ਡਾ. ਬਲਵੀਰ ਸਿੰਘ, ਸ਼੍ਰੀ ਕਰਨਵੀਰ ਸਿੰਘ ਟਿਵਾਣਾ ਅਤੇ ਸ਼੍ਰੀ ਮੇਘ ਸ਼ਰਮਾਂ ਮੌਜੂਦ ਸਨ ਜਦਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਨੋਡਲ ਅਫ਼ਸਰ ਸ਼੍ਰੀ ਸ਼ੌਕਤ ਅਹਿਮਦ ਪਰੇ, ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਜਨਰਲ ਸ਼੍ਰੀਮਤੀ ਪੂਨਮਦੀਪ ਕੌਰ, ਐਸ.ਪੀ. ਸ਼੍ਰੀਮਤੀ ਕੰਵਰਦੀਪ ਕੌਰ ਵੀ ਮੌਜੂਦ ਸਨ।